ਹਿਮਾਲਿਆ ਸਾਡੇ ਕੋਲ ਆਇਆ ਹੈ, ਸੋਨਮ ਵਾਂਗਚੁਕ ਦੇ ਭੇਸ ’ਚ। ਉਮਰ ਹੈ ਸਿਰਫ 5 ਕਰੋੜ ਸਾਲ। ਸਾਡੇ ਲਈ ਬਜ਼ੁਰਗ ਹੈ, ਪਹਾੜ ਪੱਖੋਂ ਨੌਜਵਾਨ ਹੀ ਕਹਾਏਗਾ। ਉਹ ਛੋਟਾ ਜਿਹਾ ਬਜ਼ੁਰਗ ਸਾਡੇ ਕੋਲੋਂ ਸਵਾਲ ਪੁੱਛਦਾ ਹੈ। ਤੁਸੀਂ ਮੈਨੂੰ ਸਿਰਫ ਪੱਥਰਾਂ ਅਤੇ ਚੱਟਾਨਾਂ ਦਾ ਢੇਰ ਸਮਝਦੇ ਹੋ? ਤੁਸੀਂ ਜਿਸ ਨੂੰ ਆਪਣਾ ਸੰਤਰੀ ਮੰਨਦੇ ਹੋ, ਉਸ ਦੀ ਆਵਾਜ਼ ਨੂੰ ਸੁਣਨ ਅਤੇ ਉਸ ਦਾ ਦਰਦ ਜਾਣਨ ਦੀ ਤੁਹਾਨੂੰ ਫੁਰਸਤ ਹੈ?
ਜਦੋਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ, ਤੁਸੀਂ ਕੁਝ ਸਿੱਕੇ ਮੇਰੇ ਵੱਲ ਸੁੱਟ ਦਿੰਦੇ ਹੋ? ਤੁਸੀਂ ਕੀ ਹਿਮਾਲਿਆ ਨੂੰ ਖਰੀਦ ਸਕਦੇ ਹੋ? ਤੁਸੀਂ ਮੈਨੂੰ ਵਿਕਾਸ ਸਿਖਾਉਣਾ ਚਾਹੁੰਦੇ ਹੋ? ਵਿਕਾਸ ਅਤੇ ਵਿਨਾਸ਼ ਦਾ ਫਰਕ ਪਛਾਣਦੇ ਹੋ? ਅਸਲ ’ਚ ਉਹ ਸਾਡੇ ਕੋਲੋਂ ਸਵਾਲ ਨਹੀਂ ਪੁੱਛ ਰਿਹਾ। ਪੁਰਾਤਨ ਕਥਾਵਾਂ ਦਾ ਇਹ ਪਾਤਰ ਸਾਡੀ ਪ੍ਰੀਖਿਆ ਲੈਣ ਆਇਆ ਹੈ, ਸਾਨੂੰ ਚੌਕਸ ਕਰਨ ਆਇਆ ਹੈ, ਸਾਡੀ ਆਤਮਾ ’ਤੇ ਦਸਤਕ ਦੇਣ ਲਈ ਆਇਆ ਹੈ।
ਸੋਨਮ ਵਾਂਗਚੁਕ ਕੋਈ ਸਾਧਾਰਨ ਜਿਹਾ ਵਿਅਕਤੀ ਨਹੀਂ ਹੈ। ਆਮਿਰ ਖਾਨ ਦੀ ਫਿਲਮ ‘ਥ੍ਰੀ ਇਡੀਅਟਸ’ ਦੇ ਕਿਰਦਾਰ ਦੀ ਪ੍ਰੇਰਣਾ ਭਰ ਨਹੀਂ ਹੈ। ਸਿਰਫ ਸਿੱਖਿਆ ’ਚ ਨਵਾਚਾਰ ਦਾ ਅਗਰਦੂਤ ਨਹੀਂ ਹੈ। ਸਿਰਫ ਨਵੀਂ ਤਕਨੀਕ ਇਜਾਦ ਕਰਨ ਵਾਲਾ ਅਦਭੁਤ ਇੰਜੀਨੀਅਰ ਨਹੀਂ ਹੈ। ਆਪਣੇ ਇਲਾਕੇ ਅਤੇ ਭਾਈਚਾਰੇ ਦੀ ਮੰਗ ਉਠਾਉਣ ਵਾਲਾ ਇਕ ਅੰਦੋਲਨਕਾਰੀ ਭਰ ਨਹੀਂ ਹੈ। ਸੋਨਮ ਵਾਂਗਚੁਕ ਬਦਲਵੇਂ ਵਿਕਾਸ ਦਾ ਚਿੰਤਕ ਹੈ, ਨਵਸਿਰਜਨ ਦਾ ਵਿਗਿਆਨੀ ਹੈ। ਭਾਰਤ ਦੀ ਸ਼ਾਨ ਹੈ ਅਤੇ ਲੱਦਾਖ ਦਾ ਗਾਂਧੀ ਹੈ ਸੋਨਮ ਵਾਂਗਚੁਕ।
ਉਹੀ ਸੋਨਮ ਵਾਂਗਚੁਕ ਸਾਡੇ ਸਾਹਮਣੇ ਉਹ ਮੁੱਦੇ ਰੱਖਦਾ ਹੈ, ਜੋ ਉਸ ਦੇ ਆਪਣੇ ਮੁੱਦੇ ਨਹੀਂ ਹਨ। ਉੱਥੋਂ ਦੇ ਦੋਵੇਂ ਜਨਸੰਗਠਨ ਅਪੈਕਸ ਬਾਡੀ ਲੇਹ ਅਤੇ ਕਾਰਗਿਲ ਡੈਮੋਕ੍ਰੇਟਿਕ ਐਸੋਸੀਏਸ਼ਨ ਇਸ ਮੁੱਦੇ ’ਤੇ ਇਕ ਰਾਏ ਹਨ। ਇਹ ਪੂਰੇ ਲੱਦਾਖ ਦਾ ਮੁੱਦਾ ਹੈ। ਇਕ ਅਜਿਹਾ ਮੁੱਦਾ, ਜਿਸ ਦੀ ਲੱਦਾਖ ਦੀ ਹਰ ਪਾਰਟੀ ਨੇ ਹਮਾਇਤ ਕੀਤੀ ਹੈ। ਇਸ ਬਾਰੇ ਵਾਅਦਾ ਭਾਜਪਾ ਦੇ ਚੋਣ ਮੈਨੀਫੈਸਟੋ ’ਚ ਵੀ ਕੀਤਾ ਿਗਆ ਸੀ। ਇਸ ਲਈ ਅੱਜ ਉਸ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲੇਹ ਦਾ ਬੌਧ ਭਾਈਚਾਰਾ ਅਤੇ ਕਾਰਗਿਲ ਦਾ ਮੁਸਲਿਮ ਭਾਈਚਾਰਾ ਇਕਮੁੱਠ ਹੋ ਗਿਆ ਹੈ। ਪੂਰੇ ਲੱਦਾਖ ਦਾ ਸੰਕਲਪ ਹੈ-ਸੋਨਮ ਵਾਂਗਚੁਕ ਨਹੀਂ ਤਾਂ ਕੇਂਦਰ ਸਰਕਾਰ ਨਾਲ ਗੱਲਬਾਤ ਨਹੀਂ।
ਉਸ ਸੋਨਮ ਵਾਂਗਚੁਕ ਰਾਹੀਂ ਹਿਮਾਲਿਆ ਸਾਡੇ ਕੋਲੋਂ ਪੁੱਛਦਾ ਹੈ ਕਿ ਸਾਡੀ ਮੰਗ ’ਚ ਅਜਿਹੀ ਕਿਹੜੀ ਗੱਲ ਹੈ ਜੋ ਸੰਭਵ ਨਾ ਹੋਵੇ, ਸੰਵਿਧਾਨਿਕ ਨਾ ਹੋਵੇ? ਜਦੋਂ ਸੰਵਿਧਾਨ ਤੋਂ ਆਰਟੀਕਲ 370 ਨੂੰ ਹਟਾਇਆ ਗਿਆ ਤਾਂ ਲੱਦਾਖ ਦੇ ਲੋਕਾਂ ਨੂੰ ਇਹ ਉਮੀਦ ਬੱਝੀ ਸੀ ਕਿ ਹੁਣ ਉਹ ਜੰਮੂ-ਕਸ਼ਮੀਰ ਦੀ ਪਕੜ ਤੋਂ ਬਾਹਰ ਨਿਕਲ ਕੇ ਆਪਣੀ ਕਿਸਮਤ ਖੁਦ ਬਣਾਉਣਗੇ। ਇਸੇ ਗਲਤਫਹਿਮੀ ਕਾਰਨ ਸੋਨਮ ਵਾਂਗਚੁਕ ਨੇ ਇਸ ਫੈਸਲੇ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ, ਮੋਦੀ ਜੀ ਨੂੰ ਵਧਾਈ ਵੀ ਦਿੱਤੀ।
ਪਿਛਲੇ 6 ਸਾਲਾਂ ’ਚ ਕੇਂਦਰ ਸਰਕਾਰ ਨੇ ਲੱਦਾਖ ਦੇ ਲੋਕਾਂ ਦੀਆਂ ਉਮੀਦਾਂ ’ਤੇ ਸੱਟ ਮਾਰੀ। ਸੂਬੇ ਦਾ ਦਰਜਾ ਦੇਣ ਦੀ ਗੱਲ ਤਾਂ ਛੱਡੋ, ਪੁਡੂਚੇਰੀ ਵਾਂਗ ਕੇਂਦਰ ਸ਼ਾਸਿਤ ਸੂਬੇ ਨੂੰ ਚੁਣੀ ਹੋਈ ਵਿਧਾਨ ਸਭਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਦਾ ਮਤਲਬ ਇਹ ਹੈ ਕਿ ਸ਼੍ਰੀਨਗਰ ਦੀ ਬੇਰੁਖੀ ਭਰੇ ਰਾਜ ਤੋਂ ਮੁਕਤ ਹੋਏ ਤਾਂ ਦਿੱਲੀ ਦਰਬਾਰ ਦੀ ਬਸਤੀਵਾਦੀ ਚੁੰਗਲ ’ਚ ਜਾ ਫਸੇ। ਲੱਦਾਖ ਦੇ ਲੋਕ ਆਪਣੇ ਲਈ ਲੋਕਰਾਜ ਮੰਗਦੇ ਹਨ, ਦਿੱਲੀ ਦਰਬਾਰ ਵਲੋਂ ਪੈਸੇ ਸੁੱਟੇ ਜਾਂਦੇ ਹਨ। ਲੱਦਾਖ ਦਾ ਨੌਜਵਾਨ ਰੋਜ਼ਗਾਰ ਮੰਗਦਾ ਹੈ ਪਰ ਸਰਕਾਰ ਯੋਜਨਾਵਾਂ ਦੇ ਨਾਂ ਗਿਣਾ ਦਿੰਦੀ ਹੈ।
ਹਿਮਾਲਿਆ ਗੱਲ ਨੂੰ ਅੱਗੇ ਵਧਾਉਂਦਾ ਹੈ-ਬਾਕੀ ਦੀਆਂ ਮੰਗਾਂ ਛੱਡ ਵੀ ਦੇਈਏ ਤਾਂ ਲੱਦਾਖ ਨੂੰ ਭਾਰਤ ਦੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਅਧੀਨ ਲਿਆਉਣ ’ਤੇ ਕੀ ਇਤਰਾਜ਼ ਹੋ ਸਕਦਾ ਹੈ। ਸੰਵਿਧਾਨ ਦੀ ਇਸ ਵਿਵਸਥਾ ਮੁਤਾਬਕ ਕੇਂਦਰ ਸਰਕਾਰ ਦੇਸ਼ ਦੇ ਕਿਸੇ ਵੀ ਆਦਿਵਾਸੀ ਖੇਤਰ ’ਚ ਆਪਣੇ ਸਥਾਨਕ ਫੈਸਲੇ ਕਰਨ ਲਈ ਇਕ ਖੁਦਮੁਖਤਾਰ ਕੌਂਸਲ ਬਣਾ ਸਕਦੀ ਹੈ। ਲੋਕਾਂ ਵਲੋਂ ਚੁਣੀ ਗਈ ਇਸ ਕੌਂਸਲ ਦੇ ਪ੍ਰਤੀਨਿਧੀਆਂ ਨੂੰ ਸਥਾਨਕ ਰਸਮਾਂ-ਰਿਵਾਜਾਂ ਅਤੇ ਕੁਦਰਤੀ ਸੋਮਿਆਂ ਨੂੰ ਰੈਗੂਲੇਟ ਕਰਨ ’ਚ ਬਾਹਰੀ ਦਖਲ ਤੋਂ ਮੁਕਤੀ ਮਿਲ ਜਾਂਦੀ ਹੈ। ਆਸਾਮ ’ਚ ਬੋਡੋਲੈਂਡ ਅਤੇ ਕਾਰਬੀ ਆਂਗਲੋਂਗ ਵਰਗੇ ਇਲਾਕਿਆਂ ’ਚ ਇਹ ਵਿਵਸਥਾ ਲਾਗੂ ਹੈ।
ਲੱਦਾਖ ’ਚ ਇਸ ਨੂੰ ਲਾਗੂ ਕਰਨ ਨਾਲ ਉੱਥੋਂ ਦੇ ਵੱਖ-ਵੱਖ ਆਦਿਵਾਸੀ ਭਾਈਚਾਰਿਆਂ ਨੂੰ ਵੱਖ-ਵੱਖ ਖੁਦਮੁਖਤਾਰ ਕੌਂਸਲ ਮਿਲ ਜਾਵੇਗੀ। ਉਨ੍ਹਾਂ ’ਚ ਆਪਸੀ ਤਣਾਅ ਦੀ ਸੰਭਾਵਨਾ ਵੀ ਘੱਟ ਜਾਵੇਗੀ ਅਤੇ ਸਥਾਨਕ ਸੋਮਿਆਂ ’ਤੇ ਬਾਹਰੀ ਕਬਜ਼ੇ ਦਾ ਖਤਰਾ ਵੀ ਟਲ ਜਾਵੇਗਾ ਪਰ ਕੇਂਦਰ ਸਰਕਾਰ ਇਸ ਸਵਾਲ ’ਤੇ ਅੜੀ ਹੋਈ ਹੈ।
ਉਸ ਦੀ ਜ਼ਿੱਦ ਨੂੰ ਦੇਖ ਕੇ ਲੱਦਾਖੀਆਂ ਦਾ ਸ਼ੱਕ ਡੂੰਘਾ ਹੁੰਦਾ ਜਾਂਦਾ ਹੈ ਕਿ ਹੋਵੇ ਨਾ ਹੋਵੇ ਦਿੱਲੀ ਦਰਬਾਰ ਲੱਦਾਖ ਦੀ ਜ਼ਮੀਨ ਕੁਝ ਵੱਡੀਆਂ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਕਰ ਰਿਹਾ ਹੈ। ਵਿਕਾਸ ਦਾ ਸੁਪਨਾ ਦਿਖਾ ਕੇ ਵਿਨਾਸ਼ ਦੀ ਤਿਆਰੀ ਚੱਲ ਰਹੀ ਹੈ।
ਹਿਮਾਲਿਆ ਸਾਡੇ ਨੇੜੇ ਆਉਂਦਾ ਹੈ, ਪਿਆਰ ਨਾਲ ਕਹਿੰਦਾ ਹੈ-ਘੱਟੋ-ਘੱਟ ਇੰਨਾ ਤਾਂ ਮੰਨ ਲਓ ਕਿ ਇਹ ਪਿਛਲੇ 6 ਸਾਲ ਤੋਂ ਅਹਿੰਸਕ ਅੰਦੋਲਨ ਦੀ ਮਿਸਾਲ ਰਿਹਾ ਹੈ। ਲੱਦਾਖ ਦੇ ਲੋਕਾਂ ਨੇ ਸਰਕਾਰ ਨੂੰ ਮੈਮੋਰੰਡਮ ਦਿੱਤੇ, ਮਨਫੀ 20 ਡਿਗਰੀ ਤਾਪਮਾਨ ’ਚ ਧਰਨਾ ਦਿੱਤਾ, ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਰੱਖੀ ਅਤੇ ਲੇਹ ਤੋਂ ਦਿੱਲੀ ਤੱਕ 1000 ਿਕ. ਮੀ. ਦੀ ਪੈਦਲ ਯਾਤਰਾ ਕੀਤੀ ਪਰ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਇੰਝ ਲੱਗ ਰਿਹਾ ਸੀ ਜਿਵੇਂ ਸੱਤਾ ਇਸ ਉਡੀਕ ’ਚ ਸੀ ਕਿ ਅੰਦੋਲਨਕਾਰੀਆਂ ਦਾ ਹੌਸਲਾ ਕਦੋਂ ਟੁੱਟੇ ਅਤੇ ਉਸ ਦੇ ਬਹਾਨੇ ਕਦੋਂ ਉਨ੍ਹਾਂ ’ਤੇ ਟੁੱਟ ਕੇ ਪੈ ਜਾਵੇ। ਹੈਰਾਨੀ ਇਸ ਗੱਲ ਦੀ ਨਹੀਂ ਕਿ ਇਸ ਅੰਦੋਲਨ ’ਚੋਂ ਨਿਕਲ ਕੇ ਕੁਝ ਨੌਜਵਾਨ ਹਿੰਸਕ ਹੋ ਗਏ, ਸਗੋਂ ਹੈਰਾਨੀ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ 6 ਸਾਲ ਤੱਕ ਇਹ ਅੰਦੋਲਨ ਅਹਿੰਸਕ ਕਿਵੇਂ ਰਿਹਾ ਅਤੇ ਨਮਨ ਉਸ ਅਗਵਾਈ ਨੂੰ ਕਰਨਾ ਚਾਹੀਦਾ ਹੈ, ਜਿਸ ਨੇ ਉਸ ਹਿੰਸਾ ਦੀ ਆਲੋਚਨਾ ਕਰਨ ਦੀ ਿਹੰਮਤ ਦਿਖਾਈ ਅਤੇ ਅੰਦੋਲਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ।
ਸਾਡੀਆਂ ਸੁੱਝੀਆਂ ਹੋਈਆਂ ਅੱਖਾਂ ਨੂੰ ਦੇਖ ਕੇ ਹਿਮਾਲਿਆ ਹੱਸਦਾ ਹੈ, ਦੋਖੇ ਤੁਸੀਂ ਮੈਨੂੰ ਪੱਥਰ ਕਹਿ ਰਹੇ ਸੀ। ਚਲੋ ਛੱਡੋ, ਸਿਰਫ ਇੰਨਾ ਤਾਂ ਮੰਨ ਲਓ ਕਿ ਇਨ੍ਹਾਂ ਅੰਦੋਲਨਕਾਰੀਆਂ ਨੂੰ ਅਪਰਾਧੀ ਨਹੀਂ ਕਿਹਾ ਜਾ ਸਕਦਾ। ਬਿਨਾਂ ਇਕ ਵੀ ਵੀਡੀਓ ਦਾ ਸਬੂਤ ਦਿਖਾਏ, ਸੋਨਮ ਵਾਂਗਚੁਕ ’ਤੇ ਹਿੰਸਾ ਭੜਕਾਉਣ ਦਾ ਦੋਸ਼ ਆਸਮਾਨ ’ਤੇ ਥੁੱਕ ਸੁੱਟਣ ਵਾਂਗ ਹੈ। ਕਾਰਗਿਲ ਜੰਗ ’ਚ ਅਤੇ ਚੀਨ ਨਾਲ ਹਰ ਝੜਪ ’ਚ ਭਾਰਤੀ ਫੌਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਨ ਵਾਲੇ ਲੱਦਾਖੀਆਂ ਨੂੰ ਦੇਸ਼ਧ੍ਰੋਹੀ ਨਹੀਂ ਕਿਹਾ ਜਾ ਸਕਦਾ।
ਮੇਰੀ ਸੁਰੱਖਿਆ ਦੀ ਚਿੰਤਾ ਛੱਡ ਦਿਓ, ਰਾਸ਼ਟਰ ਦੀ ਸੁਰੱਖਿਆ ਦੀ ਚਿੰਤਾ ਤਾਂ ਕਰ ਲਓ। ਪਤਾ ਨਹੀਂ ਕਦੋਂ ਤੋਂ ਤੁਸੀਂ ਆਪਣੇ ਆਪ ਨੂੰ ਦੇਸ਼ ਦਾ ਮਾਲਕ ਅਤੇ ਬਾਕੀ ਸਭ ਨੂੰ ਕਿਰਾਏਦਾਰ ਸਮਝ ਰਹੇ ਹੋ। ਪਹਿਲਾਂ ਕਸ਼ਮੀਰ, ਫਿਰ ਪੰਜਾਬ, ਉਸ ਤੋਂ ਬਾਅਦ ਮਣੀਪੁਰ ਅਤੇ ਹੁਣ ਲੱਦਾਖ ਵਰਗੇ ਕਿੰਨੇ ਸਰਹੱਦੀ ਇਲਾਕਿਆਂ ’ਚ ਵੱਖਵਾਦ ਫੈਲਿਆ, ਕਿੱਥੇ-ਕਿੱਥੇ ਦੇਸ਼ ਦੇ ਪਹਿਰੇਦਾਰਾਂ ਨੂੰ ਦੇਸ਼ ਦਾ ਦੁਸ਼ਮਣ ਬਣਾਓਗੇ?
ਹਿਮਾਲਿਆ ਹੌਸਲਾ ਨਹੀਂ ਹਾਰਦਾ। ਬਸ ਜਾਂਦੇ-ਜਾਂਦੇ ਸਾਨੂੰ ਇਸ਼ਾਰਾ ਕਰ ਦਿੰਦਾ ਹੈ-ਜੋ ਹਿਮਾਲਿਆ ਦਾ ਕਹਿਣਾ ਨਹੀਂ ਮੰਨਦੇ, ਉਨ੍ਹਾਂ ਨੂੰ ਹਿਮਾਲਿਆ ਦਾ ਸਰਾਪ ਭੁਗਤਨਾ ਪੈਂਦਾ ਹੈ।
–ਯੋਗੇਂਦਰ ਯਾਦਵ
ਸਾਡੀ ਆਤਮਾ ’ਤੇ ਦਸਤਕ ਦਿੰਦਾ ਹੈ ਸੋਨਮ ਵਾਂਗਚੁਕ
NEXT STORY