ਤਮਿਲਨਾਡੂ ’ਚ ਅਭਿਨੇਤਾ ਤੋਂ ਨੇਤਾ ਬਣੇ ਵਿਜੇ ਦੀ ਸਿਆਸੀ ਰੈਲੀ ’ਚ ਭਾਜੜ ਨਾਲ ਹੋਈ 39 ਲੋਕਾਂ ਦੀ ਮੌਤ ਨਾਲ ਸਪੱਸ਼ਟ ਹੋ ਗਿਆ ਹੈ ਕਿ ਭਾਰਤ ਗੈਰ-ਜ਼ਿੰਮੇਵਾਰਾਂ ਦਾ ਦੇਸ਼ ਹੈ। ਇਸ ਦੇਸ਼ ’ਚ ਕੋਈ ਵੀ ਕਿਹੋ ਜਿਹਾ ਵੀ ਹਾਦਸਾ ਹੋ ਜਾਏ, ਉਸ ਦੀ ਜ਼ਿੰਮੇਵਾਰੀ ਤੈਅ ਨਹੀਂ ਹੈ। ਹਾਦਸਾ ਹੋਣ ਤੋਂ ਬਾਅਦ ਸਿਆਸੀ ਦਲ ਅਤੇ ਸਰਕਾਰਾਂ ਸਿਰਫ ਲੀਪਾਪੋਚੀ ਕਰਨ ਦਾ ਕੰਮ ਕਰਦੀਆਂ ਹਨ। ਹਾਦਸੇ ਵਾਲੀ ਥਾਂ ’ਤੇ ਜਿਸ ਸਿਆਸੀ ਦਲ ਦੀ ਸੱਤਾ ਹੁੰਦੀ ਹੈ, ਉਹ ਹਰ ਸੰਭਵ ਤਰੀਕੇ ਨਾਲ ਜ਼ਿੰਮੇਵਾਰੀ ਤੋਂ ਬਚਣ ਦਾ ਯਤਨ ਕਰਦਾ ਹੈ। ਹਾਦਸੇ ਦੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਸੱਤਾਧਾਰੀ ਦਲ ਵਿਰੋਧੀ ਦਲਾਂ ਦੇ ਰਾਜਾਂ ’ਚ ਹੋਏ ਹਾਦਸਿਆਂ ਦੀ ਦੁਹਾਈ ਦੇ ਕੇ ਜ਼ਿੰਮੇਵਾਰੀ ਨੂੰ ਧੱਕਣ ਦੇ ਯਤਨ ’ਚ ਜੁਟੇ ਰਹਿੰਦੇ ਹਨ। ਤਮਿਲਨਾਡੂ ’ਚ ਵੀ ਇਹੀ ਹੋਇਆ ਹੈ।
ਤਮਿਲਨਾਡੂ ’ਚ ਅਭਿਨੇਤਾ ਵਿਜੇ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਣ ਦੀ ਬਜਾਏ ਵੋਟ ਬੈਂਕ ਦੀ ਰਾਜਨੀਤੀ ਦਾ ਹਿਸਾਬ-ਕਿਤਾਬ ਲਾਇਆ ਜਾ ਰਿਹਾ ਹੈ।
ਦਰਅਸਲ ਤਮਿਲਨਾਡੂ ਦੀ ਐੱਮ. ਕੇ. ਸਟਾਲਿਨ ਸਰਕਾਰ ਨੂੰ ਡਰ ਹੈ ਕਿ ਸਿੱਧੀ ਕਾਰਵਾਈ ਕਰਨ ਨਾਲ ਵਿਜੇ ਦੇ ਸਮਰਥਕਾਂ ਦੀ ਹਮਦਰਦੀ ਵਧੇਗੀ। ਇਸ ਨਾਲ ਵਿਜੇ ਨੂੰ ਚੋਣਾਂ ’ਚ ਫਾਇਦਾ ਮਿਲ ਸਕਦਾ ਹੈ। ਇਸ ਮਾਮਲੇ ’ਚ ਵਿਜੇ ਦੀ ਪਾਰਟੀ ਟੀ. ਵੀ. ਕੇ. ਦੇ ਕਰੂਰ ਜ਼ਿਲਾ ਸਕੱਤਰ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਅਭਿਨੇਤਾ ਵਿਜੇ ਅਤੇ ਜ਼ਿੰਮੇਵਾਰ ਅਫਸਰਾਂ ਨੂੰ ਸਿੱਧੇ ਗ੍ਰਿਫਤਾਰ ਕਰਾਉਣ ਦੀ ਬਜਾਏ ਘਟਨਾ ਦੀ ਜਾਂਚ ਲਈ ਕਮਿਸ਼ਨ ਗਠਿਤ ਕਰ ਕੇ ਅੱਖਾਂ ’ਚ ਧੂੜ ਝੋਕਣ ਦਾ ਕੰਮ ਕੀਤਾ ਹੈ।
ਇਸ ਹਾਦਸੇ ਲਈ ਐਕਟਰ ਵਿਜੇ ਜਿੰਨੇ ਜ਼ਿੰਮੇਵਾਰ ਹਨ ਉਸ ਤੋਂ ਕਿਤੇ ਵੱਧ ਉਹ ਅਫਸਰ ਹਨ ਜਿਨ੍ਹਾਂ ਨੇ ਆਯੋਜਨ ਦੀ ਬਗੈਰ ਸੋਚੇ-ਸਮਝੇ ਮਨਜ਼ੂਰੀ ਦਿੱਤੀ। ਆਯੋਜਨ ਵਾਲੀ ਥਾਂ ’ਤੇ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਜਗ੍ਹਾ ਦੀ ਕਮੀ ਅਤੇ ਸੁਰੱਖਿਆ ਦੇ ਇੰਤਜ਼ਾਮ ਦਾ ਧਿਆਨ ਨਹੀਂ ਰੱਖਿਆ ਗਿਆ। ਹੰਗਾਮੀ ਸਥਿਤੀ ਨਾਲ ਨਜਿੱਠਣ ਦਾ ਜਾਇਜ਼ਾ ਤਕ ਨਹੀਂ ਲਿਆ ਗਿਆ। ਇਸ ਤੋਂ ਵੱਧ ਸੰਵੇਦਨਹੀਣਤਾ ਕੀ ਹੋਵੇਗੀ ਕਿ ਘਟਨਾ ਵਾਲੀ ਥਾਂ ’ਤੇ ਚੀਕ-ਪੁਕਾਰ ਮਚਦੀ ਰਹੀ ਅਤੇ ਐਕਟਰ ਵਿਜੇ ਮਦਦ ਕਰਵਾਉਣ ਦੀ ਬਜਾਏ ਉਥੋਂ ਖਿਸਕ ਗਏ। ਹਾਲਾਤ ਵਿਗੜੇ ਦੇਖ ਵਿਜੇ ਨੇ ਭਾਸ਼ਣ ਰੋਕ ਦਿੱਤਾ ਅਤੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ। ਇਸ ਤੋਂ ਬਾਅਦ ਉਹ ਭਾਸ਼ਣ ਛੱਡ ਕੇ ਨਿਕਲ ਗਏ। ਉਨ੍ਹਾਂ ਨੇ ਜ਼ਖਮੀਆਂ ਨੂੰ ਮਿਲਣ ਦੀ ਜ਼ਹਿਮਤ ਤਕ ਨਹੀਂ ਉਠਾਈ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਨਿਰਦੋਸ਼ ਲੋਕਾਂ ਨੂੰ ਅਜਿਹੇ ਹਾਦਸਿਆਂ ’ਚ ਜਾਨ ਤੋਂ ਹੱਥ ਧੋਣਾ ਪਿਆ ਹੈ। 29 ਜਨਵਰੀ 2025 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਮਹਾਕੁੰਭ ਮੇਲੇ ’ਚ ਮੌਨੀ ਮੱਸਿਆ ਦੌਰਾਨ ਭਾਜੜ ’ਚ 30 ਲੋਕਾਂ ਦੀ ਜਾਨ ਚਲੀ ਗਈ। ਇਸ ’ਚ ਸੈਂਕੜੇ ਲੋਕ ਜ਼ਖਮੀ ਵੀ ਹੋ ਗਏ। ਮਹਾਕੁੰਭ ਮੇਲੇ ’ਚ ਇਹ ਹਾਦਸਾ ਉਦੋਂ ਹੋਇਆ ਜਦੋਂ ਲੋਕ ਸੰਗਮ ਨੋਜ ਵੱਲ ਨਹਾਉਣ ਲਈ ਜਾ ਰਹੇ ਸਨ। ਇਸੇ ਸਾਲ 8 ਜਨਵਰੀ 2025 ਨੂੰ ਤਿਰੂਪਤੀ ਮੰਦਰ ’ਚ ਭਾਜੜ ਮਚਣ ਨਾਲ 6 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ’ਚ 35 ਲੋਕ ਜ਼ਖਮੀ ਹੋ ਗਏ। ਇਹ ਘਟਨਾ ਉਸ ਸਮੇਂ ਹੋਈ ਜਦੋਂ ਹਜ਼ਾਰਾਂ ਹਿੰਦੂ ਸ਼ਰਧਾਲੂ ਮੁਫਤ ਦਰਸ਼ਨ ਪਾਸ ਹਾਸਲ ਕਰਨ ਲਈ ਉਥੇ ਇਕੱਠੇ ਹੋਏ ਸਨ।
ਜੁਲਾਈ 2024 ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ ’ਚ ਨਾਰਾਇਣ ਸਾਕਾਰ ਹਰਿ ਉਰਫ ਭੋਲੇ ਬਾਬਾ ਦੇ ਇਕ ਧਾਰਮਿਕ ਪ੍ਰੋਗਰਾਮ ’ਚ ਭਾਜੜ ਮਚੀ ਸੀ। ਇਸ ਧਾਰਮਿਕ ਪ੍ਰੋਗਰਾਮ ’ਚ ਹਜ਼ਾਰਾਂ ਭਗਤਾਂ ਦੀ ਭੀੜ ਉਮੜੀ ਸੀ ਜਿਸ ’ਚ ਲਗਭਗ 121 ਲੋਕਾਂ ਦੀ ਜਾਨ ਚਲੀ ਗਈ ਸੀ। ਸੈਂਕੜੇ ਲੋਕ ਜ਼ਖਮੀ ਹੋ ਗਏ ਸਨ। ਇਸੇ ਤਰ੍ਹਾਂ ਵੈਸ਼ਣੋ ਦੇਵੀ ਮੰਦਰ ’ਚ ਭਾਜੜ ਨਾਲ 12 ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਭਗਤਾਂ ਦੀ ਭਾਰੀ ਭੀੜ ਨੇ ਮੰਦਰ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਇਹ ਹਾਦਸਾ ਵਾਪਰ ਗਿਆ ਸੀ।
ਮੱਧ ਪ੍ਰਦੇਸ਼ ਦੇ ਰਤਨਗੜ੍ਹ ਮੰਦਰ ’ਚ ਭਾਜੜ ਮਚਣ ਨਾਲ ਲਗਭਗ 115 ਲੋਕਾਂ ਦੀ ਮੌਤ ਹੋ ਗਈ ਸੀ। 100 ਤੋਂ ਵੱਧ ਜ਼ਖਮੀ ਹੋ ਗਏ ਸਨ। ਮੰਦਰ ’ਚ ਦੇਵੀ ਦੁਰਗਾ ਦੀ 9 ਦਿਨਾ ਪੂਜਾ ਅਰਚਨਾ ਲਈ 150000 ਤੋਂ ਵੱਧ ਲੋਕ ਇਕੱਠੇ ਹੋਏ ਸਨ। ਫਰਵਰੀ 2013 ਨੂੰ ਉੱਤਰ ਪ੍ਰਦੇਸ਼ ’ਚ ਕੁੰਭ ਮੇਲੇ ਦੇ ਸਭ ਤੋਂ ਰੁਝੇਵੇਂ ਵਾਲੇ ਦਿਨ ਪ੍ਰਯਾਗਰਾਜ ਰੇਲਵੇ ਸਟੇਸ਼ਨ ’ਚ ਭਾਜੜ ਮਚ ਗਈ ਸੀ। ਇਸ ਹਾਦਸੇ ’ਚ ਘੱਟੋ-ਘੱਟ 36 ਹਿੰਦੂ ਤੀਰਥ ਯਾਤਰੀਆਂ ਦੀ ਜਾਨ ਚਲੀ ਗਈ ਸੀ। ਮ੍ਰਿਤਕਾਂ ’ਚ 27 ਮਹਿਲਾਵਾਂ ਸਨ ਜਿਨ੍ਹਾਂ ’ਚ ਇਕ ਅੱਠ ਸਾਲ ਦੀ ਬੱਚੀ ਵੀ ਸ਼ਾਮਲ ਸੀ।
ਮਾਰਚ 2010 ਨੂੰ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲੇ ’ਚ ਕ੍ਰਿਪਾਲੂ ਮਹਾਰਾਜ ਦੇ ਰਾਮ ਜਾਨਕੀ ਮੰਦਰ ’ਚ ਭਾਜੜ ਮਚ ਗਈ ਸੀ। ਇਸ ਮੰਦਰ ’ਚ ਮੁਫਤ ਭੋਜਨ ਅਤੇ ਕੱਪੜੇ ਲਈ ਹੋਈ ਭਾਰੀ ਭੀੜ ਕਾਰਨ ਭਾਜੜ ਮਚੀ ਸੀ। ਇਸ ਹਾਦਸੇ ’ਚ 63 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ’ਚ ਜ਼ਿਆਦਾਤਰ ਬੱਚੇ ਸ਼ਾਮਲ ਸਨ। ਸਤੰਬਰ 2008 ਨੂੰ ਰਾਜਸਥਾਨ ਦੇ ਚਾਮੁੰਡਾਗਰ ਮੰਦਰ ’ਚ ਨਰਾਤਿਆਂ ਦੌਰਾਨ ਭਾਜੜ ਮਚ ਗਈ ਸੀ। ਇਸ ਦੌਰਾਨ ਭਾਰੀ ਗਿਣਤੀ ’ਚ ਤੀਰਥ ਯਾਤਰੀ ਇਕੱਠੇ ਹੋਏ ਸਨ। ਭਾਜੜ ਦੌਰਾਨ 250 ਲੋਕਾਂ ਦੀ ਕੁਚਲ ਕੇ ਮੌਤ ਹੋ ਗਈ ਸੀ।
ਅਗਸਤ 2008 ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ ਦੇ ਇਕ ਮੰਦਰ ’ਚ ਭਾਜੜ ਮਚ ਗਈ ਸੀ। ਪਹਾੜੀ ਦੀ ਚੋਟੀ ’ਤੇ ਸਥਿਤ ਨੈਣਾ ਦੇਵੀ ਮੰਦਰ ’ਚ ਜ਼ਮੀਨ ਖਿਸਕਣ ਦੀ ਅਫਵਾਹ ਦੇ ਕਾਰਨ ਮਚੀ ਭਾਜੜ ’ਚ ਲਗਭਗ 145 ਹਿੰਦੂ ਤੀਰਥ ਯਾਤਰੀਆਂ ਦੀ ਮੌਤ ਹੋ ਗਈ ਸੀ। ਸੈਂਕੜਿਆਂ ਦੀ ਗਿਣਤੀ ’ਚ ਲੋਕ ਜ਼ਖਮੀ ਹੋ ਗਏ ਸਨ। ਜਨਵਰੀ 2005 ਨੂੰ ਮਹਾਰਾਸ਼ਟਰ ਦੇ ਸਤਾਰਾ ਜ਼ਿਲੇ ਦੇ ਵਾਈ ਸ਼ਹਿਰ ’ਚ ਭਾਜੜ ਮਚ ਗਈ ਸੀ। ਵਾਈ ਸ਼ਹਿਰ ’ਚ ਸਥਿਤ ਮੰਧਾਰਦੇਵੀ ਮੰਦਰ ’ਚ ਭਾਜੜ ਮਚਣ ਨਾਲ ਕਰੀਬ 265 ਹਿੰਦੂ ਸ਼ਰਧਾਲੂਆਂ ਦੀ ਜਾਨ ਚਲੀ ਗਈ ਸੀ। ਸੈਂਕੜੇ ਲੋਕ ਜ਼ਖਮੀ ਹੋ ਗਏ ਸਨ।
ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਹਾਦਸੇ ਹੋਣ ਦੇ ਬਾਵਜੂਦ ਨੇਤਾਵਾਂ ਅਤੇ ਸਰਕਾਰਾਂ ਨੇ ਕੋਈ ਸਬਕ ਨਹੀਂ ਸਿੱਖਿਆ। ਭੀੜ ’ਤੇ ਕੰਟਰੋਲ ਅਤੇ ਜ਼ਿੰਮੇਵਾਰਾਂ ਲਈ ਕੋਈ ਕਾਨੂੰਨ ਨਹੀਂ ਬਣਾਇਆ। ਕੇਂਦਰ ਸਰਕਾਰ ਨੇ ਸਜ਼ਾ ਜ਼ਾਬਤੇ ਦਾ ਨਾਂ ਬਦਲ ਕੇ ਨਿਆਂ ਜ਼ਾਬਤਾ ਕਰ ਦਿੱਤਾ ਪਰ ਇਸ ’ਚ ਅਜਿਹੇ ਹਾਦਸਿਆਂ ਲਈ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ। ਸੂਬਿਆਂ ’ਚ ਵੱਖ-ਵੱਖ ਸਿਆਸੀ ਦਲਾਂ ਦੀਆਂ ਸਰਕਾਰਾਂ ਦਾ ਵੀ ਇਹੀ ਆਲਮ ਹੈ। ਕਾਨੂੰਨ ਵਿਵਸਥਾ ਸੂਬੇ ਦਾ ਵਿਸ਼ਾ ਹੋਣ ਦੇ ਬਾਵਜੂਦ ਹਾਦਸਾ ਹੋਣ ਤੋਂ ਬਾਅਦ ਅਫਸਰਾਂ ਨੂੰ ਇਸ ਤੋਂ ਮੁਕਤ ਰੱਖਿਆ ਗਿਆ ਹੈ। ਅਜਿਹੇ ਹਾਦਸਿਆਂ ਤੋਂ ਬਾਅਦ ਜੇਕਰ ਗਾਜ ਡਿੱਗਦੀ ਵੀ ਹੈ ਤਾਂ ਸੁਬਾਰਡੀਨੇਟ ਅਫਸਰਾਂ ’ਤੇ, ਸੀਨੀਅਰ ਅਧਿਕਾਰੀ ਅਤੇ ਨੇਤਾ ਉਦੋਂ ਵੀ ਸਾਫ ਬਚ ਨਿਕਲਦੇ ਹਨ। ਦੇਸ਼ ’ਚ ਅਜਿਹੇ ਹਾਦਸੇ ਉਦੋਂ ਤਕ ਹੁੰਦੇ ਰਹਿਣਗੇ ਜਦੋਂ ਤਕ ਇਸ ਦੇ ਲਈ ਜ਼ਿੰਮੇਵਾਰੀ ਤੈਅ ਕਰ ਕੇ ਸਿੱਧੇ ਜੇਲ ਭੇਜੇ ਜਾਣ ਦੀ ਵਿਵਸਥਾ ਨਹੀਂ ਹੋਵੇਗੀ।
ਯੋਗੇਂਦਰ ਯੋਗੀ
ਇਟਾਵਾ ਲਾਇਨ ਸਫਾਰੀ : ਜੰਗਲੀ ਜੀਵ ਸੰਭਾਲ ਦਾ ਪ੍ਰਤੀਕ
NEXT STORY