ਪਿਛਲੇ 175 ਵਰ੍ਹਿਆਂ ਦੇ ਭਾਰਤੀ ਰਾਜਨੀਤੀ ਦੇ ਇਤਿਹਾਸ ’ਚ ਜਿੰਨੇ ਵੀ ਮਹੱਤਵਪੂਰਨ ਅਤੇ ਵੱਡੇ ਨੇਤਾ ਹੋਏ, ਉਨ੍ਹਾਂ ਨੇ ਜਾਂ ਤਾਂ ਆਪਣੀ ਆਤਮਕਥਾ ਲਿਖੀ ਜਾਂ ਉਨ੍ਹਾਂ ਦੀ ਜੀਵਨੀ ’ਤੇ ਹੋਰ ਲੇਖਕਾਂ ਨੇ ਅਨੇਕਾਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ। ਰਾਸ਼ਟਰੀ ਨੇਤਾਵਾਂ ਦੀ ਇਸ ਸੂਚੀ ’ਚ ਸੋਨੀਆ ਗਾਂਧੀ ਵੀ ਇਕ ਮਹੱਤਵਪੂਰਨ ਨੇਤਾ ਰਹੀ ਹੈ, ਜਿਸ ਨੇ 1984 ਤੋਂ ਅੱਜ ਤੱਕ ਦੇਸ਼ ਦੀ ਰਾਜਨੀਤੀ ’ਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਕਦੇ ਪ੍ਰਧਾਨ ਮੰਤਰੀ ਦੀ ਪਤਨੀ ਦੇ ਰੂਪ ’ਚ, ਕਦੇ ਯੂ. ਪੀ. ਏ. ਦੀ ਪ੍ਰਧਾਨ ਦੇ ਰੂਪ ’ਚ ਅਤੇ ਕਦੇ ਵਿਰੋਧੀ ਧਿਰ ਦੀ ਨੇਤਾ ਦੇ ਰੂਪ ’ਚ। ਇਸ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੇ ਕਦੇ ਆਪਣੇ ਨਿੱਜੀ ਜੀਵਨ ਬਾਰੇ ਮੀਡੀਆ ਨੂੰ ਇੰਟਰਵਿਊ ਦਿੱਤੀ ਅਤੇ ਨਾ ਹੀ ਇਸ ਤੋਂ ਪਹਿਲਾਂ ਆਪਣੀ ਜੀਵਨੀ ਲਿਖੀ। ਹੁਣ ‘ਬਿਲੌਂਗਿੰਗ : ਏ ਜਰਨੀ ਆਫ ਲਵ’ ਸਿਰਲੇਖ ਹੇਠ 800 ਪੰਨਿਆਂ ਦੀ ਉਨ੍ਹਾਂ ਦੀ ਜੀਵਨੀ ਪ੍ਰਕਾਸ਼ਿਤ ਹੋਈ ਹੈ, ਜਿਸ ਦੀਆਂ ਲੱਖਾਂ ਕਾਪੀਆਂ ਇਕ ਝਟਕੇ ’ਚ ਵਿਕ ਗਈਆਂ। ਜ਼ਾਹਿਰ ਹੈ ਦੇਸ਼ ’ਚ ਅਤੇ ਦੇਸ਼ ਤੋਂ ਬਾਹਰ ਸੋਨੀਆ ਗਾਂਧੀ ਦੀ ਸ਼ਖਸੀਅਤ ਨੂੰ ਜਾਣਨ ਦੀ ਲੋਕਾਂ ’ਚ ਬਹੁਤ ਉਤਸੁਕਤਾ ਹੈ।
ਸੋਨੀਆ ਗਾਂਧੀ ਨੇ ਵੀ ਇਸ ਪੁਸਤਕ ’ਚ ਸਭ ਕੁਝ ਬਹੁਤ ਖੁੱਲ੍ਹ ਕੇ ਅਤੇ ਬੇਬਾਕੀ ਨਾਲ ਲਿਖਿਆ ਹੈ, ਜੋ ਹੁਣ ਤੱਕ ਉਨ੍ਹਾਂ ਦੇ ਵਿਸ਼ੇ ’ਚ ਗਿਆਤ ਨਹੀਂ ਸੀ। ਇੰਝ ਤਾਂ ਜਨਤਕ ਜੀਵਨ ’ਚ ਹਰ ਨੇਤਾ ਨੂੰ ਆਪਣੇ ਵਿਰੋਧੀਆਂ ਦੀ ਆਲੋਚਨਾ ਅਤੇ ਟੀਕਾ-ਟਿੱਪਣੀਆਂ ਝੱਲਣੀਆਂ ਪੈਂਦੀਆਂ ਹਨ, ਪਰ ਸੋਨੀਆ ਗਾਂਧੀ ਨੇ ਇਸ ਮਾਮਲੇ ’ਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਮੇਰਾ ਮਤਲਬ ਇਹ ਹੈ ਕਿ ਜਿੰਨਾ ਹਮਲਾ ਵਿਰੋਧੀ ਧਿਰ ਦੇ ਇਕ ਪ੍ਰਮੁੱਖ ਦਲ ਅਤੇ ਸੰਗਠਨ ਨੇ 1998 ਤੋਂ ਸੋਨੀਆ ਗਾਂਧੀ ’ਤੇ ਕੀਤਾ ਹੈ, ਓਨਾ ਅੱਜ ਤੱਕ ਭਾਰਤ ਦੀ ਰਾਜਨੀਤੀ ’ਚ ਕਿਸੇ ’ਤੇ ਨਹੀਂ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾ ਕਰਨ ਵਾਲਿਆਂ ’ਚ ਉੱਚ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਨੇਤਾ ਵੀ ਸ਼ਾਮਲ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਸੋਨੀਆ ਗਾਂਧੀ ’ਤੇ ਗੈਰ-ਸੰਸਦੀ ਭਾਸ਼ਾ ’ਚ ਹਮਲਾ ਕੀਤਾ ਅਤੇ ਉਨ੍ਹਾਂ ਬਾਰੇ ਕਈ ਅਫਵਾਹਾਂ ਫੈਲਾਈਆਂ, ਜੋ ਆਧਾਰ ਰਹਿਤ ਸਨ ਪਰ ਸੋਨੀਆ ਗਾਂਧੀ ਨੇ ਅਤਿਅੰਤ ਸ਼ਾਲੀਨਤਾ ਅਤੇ ਗੰਭੀਰਤਾ ਦਾ ਸਬੂਤ ਦਿੰਦੇ ਹੋਏ ਸਭ ਹਮਲਿਆਂ ਨੂੰ ਚੁੱਪਚਾਪ ਝੱਲਿਆ ਅਤੇ ਉੱਫ ਤੱਕ ਨਹੀਂ ਕੀਤੀ, ਜੋ ਕਿ ਉਨ੍ਹਾਂ ਦੀ ਹੈਸੀਅਤ ਅਤੇ ਕੁਲ ਦੀ ਮਰਿਆਦਾ ਦੇ ਅਨੁਸਾਰ ਆਚਰਣ ਸੀ।
ਸੋਨੀਆ ਗਾਂਧੀ ਦੀ ਚੁੱਪ ਦਾ ਗਲਤ ਅਰਥ ਲਾਇਆ ਗਿਆ, ਜਿਸ ਨਾਲ ਆਮ ਜਨਤਾ ’ਚ ਵੀ ਇਹ ਭਰਮ ਪੈਦਾ ਹੋਇਆ ਕਿ ਉਨ੍ਹਾਂ ਦੋਸ਼ਾਂ ’ਚ ਕੁਝ ਦਮ ਹੈ। ਇਹ ਤੱਥ ਹੈ ਕਿ ਇਸ ਭੌਤਿਕ ਜਗਤ ’ਚ ਕੋਈ ਵੀ ਪੂਰੀ ਤਰ੍ਹਾਂ ਨਾਲ ਨਿਰਕਲੰਕ ਜਾਂ ਸਰਵਸ੍ਰੇਸ਼ਠ ਨਹੀਂ ਹੁੰਦਾ। ਕਮੀਆਂ ਸਾਡੇ ਸਾਰਿਅਾਂ ’ਚ ਹੁੰਦੀਆਂ ਹਨ। ਥੋੜ੍ਹਾ ਫਰਕ ਹੋ ਸਕਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਗੀਤਾ ’ਚ ਕਹਿੰਦੇ ਹਨ ਕਿ ਇਹ ਭੌਤਿਕ ਸੰਸਾਰ ਉਨ੍ਹਾਂ ਦੀ ਤ੍ਰਿਗੁਣਾ ਪ੍ਰਕਿਰਤੀ ਦੇ ਸੰਜੋਗ ਨਾਲ ਬਣਿਆ ਹੈ, ਜਿਸ ’ਚ ਸਤੋਗੁਣ, ਰਜੋਗੁਣ ਅਤੇ ਤਮੋਗੁਣ ਦਾ ਕੁਝ-ਕੁਝ ਫੀਸਦੀ ਸ਼ਾਮਲ ਹੁੰਦਾ ਹੈ। ਸੋਨੀਆ ਗਾਂਧੀ ’ਤੇ ਅਤੇ ਉਨ੍ਹਾਂ ਦੀ ਆਲੋਚਨਾ ਕਰਨ ਵਾਲਿਆਂ ’ਤੇ ਵੀ ਇਹ ਗੱਲ ਲਾਗੂ ਹੁੰਦੀ ਹੈ
ਪਰ ਝੂਠੇ ਦੋਸ਼ ਲਾਉਣਾ ਅਤੇ ਸ਼ਾਲੀਨਤਾ ਦੀਆਂ ਹੱਦਾਂ ਨੂੰ ਤੋੜ ਕੇ ਦੇਸ਼ ਦੀ ਇਕ ਵੱਕਾਰੀ ਔਰਤ ’ਤੇ ਪੁਰਸ਼ ਸਮਾਜ ਵੱਲੋਂ ਇਸ ਤਰ੍ਹਾਂ ਦਾ ਹਮਲਾ ਕਰਨਾ ਸਾਡੀ ਸਨਾਤਨ ਸੰਸਕ੍ਰਿਤੀ ਦੇ ਵਿਰੁੱਧ ਹੈ। ਉਹ ਵੀ ਉਸ ਔਰਤ ’ਤੇ, ਜਿਸ ਨੇ ਵਿਦੇਸ਼ ਤੋਂ ਆ ਕੇ ਭਾਰਤ ਦੀ ਸੰਸਕ੍ਰਿਤੀ ਨੂੰ ਅਪਣਾਇਆ ਅਤੇ ਆਪਣੇ ਜੀਵਨ ਕਾਲ ’ਚ ਪਰਿਵਾਰ ਦੇ 3 ਪ੍ਰਮੁੱਖ ਲੋਕਾਂ ਦੀ ਹੱਤਿਆ ਅਤੇ ਅਚਨਚੇਤ ਮੌਤ ਦਾ ਸਦਮਾ ਝੱਲਿਆ। ਜ਼ਿਕਰਯੋਗ ਹੈ ਕਿ 1998 ’ਚ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਜਦੋਂ ਉਨ੍ਹਾਂ ਨੇ ਰਾਜਨੀਤੀ ’ਚ ਪ੍ਰਵੇਸ਼ ਕੀਤਾ ਤਾਂ ਵਿਰੋਧੀ ਧਿਰ ਦੇ ਕੁਝ ਨੇਤਾ ਬੌਖਲਾਅ ਗਏ। ਉਦੋਂ ਸੁਸ਼ਮਾ ਸਵਰਾਜ ਅਤੇ ਕੁਝ ਹੋਰ ਵੱਡੇ ਨੇਤਾਵਾਂ ਨੇ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ’ਤੇ ਕਰਾਰਾ ਵਾਰ ਕੀਤਾ। ਉਨ੍ਹਾਂ ਦਿਨਾਂ ’ਚ ਜਦੋਂ ਵੀ ਲੋਕ ਇਹ ਸਵਾਲ ਪੁੱਛਦੇ ਸਨ ਕਿ ਜੇ ਸੋਨੀਆ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਬਣਦੀ ਹੈ, ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ? ਮੇਰਾ ਉੱਤਰ ਇਹੀ ਹੁੰਦਾ ਕਿ ਉਹ ਕਦੇ ਨਹੀਂ ਬਣੇਗੀ। ਜੋ ਗੱਲ ਮੈਂ ਆਪਣੀ ਅੰਤਰ-ਪ੍ਰੇਰਣਾ ਦੇ ਆਧਾਰ ’ਤੇ ਕਹੀ ਸੀ, ਉਹ ਉਸ ਦਿਨ ਸੱਚ ਹੋ ਗਈ, ਜਦੋਂ ਸ਼੍ਰੀਮਤੀ ਗਾਂਧੀ ਨੇ ਵਾਕਈ ਪ੍ਰਧਾਨ ਮੰਤਰੀ ਅਹੁਦੇ ਨੂੰ ਅਸਵੀਕਾਰ ਕਰ ਕੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਵਾ ਦਿੱਤਾ।
ਸੋਨੀਆ ਗਾਂਧੀ ਦੇ ਆਲੋਚਕਾਂ ਨੇ ਕੁਝ ਅਜਿਹੇ ਵਿਸ਼ੇ ਵੀ ਉਠਾਏ ਹਨ ਜਿਨ੍ਹਾਂ ਦਾ ਜ਼ਿਕਰ ਸੋਨੀਆ ਗਾਂਧੀ ਦੀ ਇਸ ਪੁਸਤਕ ’ਚ ਨਹੀਂ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਉਨ੍ਹਾਂ ਮੁੱਦਿਆਂ ’ਤੇ ਲਿਖਣਾ ਸੋਨੀਆ ਗਾਂਧੀ ਨੂੰ ਅਸਹਿਜ ਲੱਗਾ ਹੋਵੇ ਜਾਂ ਉਨ੍ਹਾਂ ’ਤੇ ਲਿਖ ਕੇ ਉਹ ਬੇਲੋੜਾ ਵਿਵਾਦ ਪੈਦਾ ਨਾ ਕਰਨਾ ਚਾਹੁੰਦੀ ਹੋਵੇ।
ਇੰਨੀ ਛੋਟ ਤਾਂ ਹਰ ਲੇਖਕ ਨੂੰ ਹੁੰਦੀ ਹੈ ਕਿ ਉਹ ਜਿਨ੍ਹਾਂ ਵਿਸ਼ਿਆਂ ’ਤੇ ਲਿਖਣਾ ਚਾਹੇ, ਉਨ੍ਹਾਂ ’ਤੇ ਲਿਖੇ ਅਤੇ ਜਿਨ੍ਹਾਂ ’ਤੇ ਨਾ ਲਿਖਣਾ ਚਾਹੇ ਉਨ੍ਹਾਂ ’ਤੇ ਨਾ ਲਿਖੇ। ਇਹ ਟਿੱਪਣੀਕਾਰਾਂ ’ਤੇ ਨਿਰਭਰ ਕਰਦਾ ਹੈ ਕਿ ਉਹ ਉਨ੍ਹਾਂ ਵਿਸ਼ਿਆਂ ’ਤੇ ਕਿਹੋ ਜਿਹੀ ਟਿੱਪਣੀ ਕਰਦੇ ਹਨ। ਜਿੱਥੋਂ ਤੱਕ ਇਸ ਪੁਸਤਕ ’ਚ ਲਿਖੇ ਗਏ ਵਿਸ਼ਿਆਂ ਦਾ ਸਬੰਧ ਹੈ ਤਾਂ ਇਹ ਗੱਲ ਹਰ ਪਾਠਕ ਮੰਨ ਰਿਹਾ ਹੈ ਕਿ ਸੋਨੀਆ ਗਾਂਧੀ ਨੇ ਆਪਣੇ ਜਨਤਕ ਜੀਵਨ ਦੇ 60 ਵਰ੍ਹਿਆਂ ਦਾ ਲੇਖਾ-ਜੋਖਾ ਬਹੁਤ ਖੁੱਲ੍ਹ ਕੇ ਕੀਤਾ ਹੈ। ਆਪਣੇ ਪਤੀ, ਸੱਸ ਅਤੇ ਬੱਚਿਆਂ ਨਾਲ ਬਿਤਾਏ ਗਏ ਪਲਾਂ ਦਾ ਜ਼ਿਕਰ ਕਈ ਵਾਰ ਪਾਠਕ ਨੂੰ ਭਾਵੁਕ ਕਰ ਦਿੰਦਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਬਿਨਾਂ ਗੈਰ-ਸੰਵਿਧਾਨਕ ਭਾਸ਼ਾ ਦੀ ਵਰਤੋਂ ਕੀਤੇ ਅਤੇ ਬਿਨਾਂ ਹਮਲਾਵਰ ਹੋਏ ਸੋਨੀਆ ਗਾਂਧੀ ਨੇ ਉਨ੍ਹਾਂ ਤਮਾਮ ਦੋਸ਼ਾਂ ਨੂੰ ਢਹਿ-ਢੇਰੀ ਕਰ ਦਿੱਤਾ ਹੈ, ਜੋ ਪਿਛਲੇ 28 ਵਰ੍ਹਿਆਂ ਤੋਂ ਉਨ੍ਹਾਂ ’ਤੇ ਲਾਏ ਜਾ ਰਹੇ ਸਨ।
ਇਸ ਲੇਖ ਦੇ ਉਪਰੋਕਤ ਹਿੱਸੇ ਨੂੰ ਪੜ੍ਹ ਕੇ ਕੁਝ ਲੋਕ ਇਹ ਕਹਿ ਸਕਦੇ ਹਨ ਕਿ ਮੈਂ ਸੋਨੀਆ ਗਾਂਧੀ ਦੀ ਸ਼ਲਾਘਾ ਕਰ ਰਿਹਾ ਹਾਂ ਜਾਂ ਕਾਂਗਰਸ ਪਾਰਟੀ ਦਾ ਸਮਰਥਕ ਹਾਂ ਪਰ ਇਹ ਦੋਸ਼ ਨਿਰਾਧਾਰ ਸਿੱਧ ਹੋਣਗੇ ਕਿਉਂਕਿ 1993 ਜੈਨ ਡਾਇਰੀ ਹਵਾਲਾ ਕਾਂਡ ਨੂੰ ਉਜਾਗਰ ਕਰ ਕੇ ਅਤੇ ਸੁਪਰੀਮ ਕੋਰਟ ’ਚ ਇਕ ਲੰਬੀ ਲੜਾਈ ਲੜ ਕੇ ਇਹ ਸਿੱਧ ਕਰ ਚੁੱਕਾ ਹਾਂ ਕਿ ਮੇਰਾ ਝੁਕਾਅ ਕਿਸੇ ਵੀ ਰਾਜਨੀਤਕ ਦਲ ਵੱਲ ਨਹੀਂ ਹੈ। ਹਵਾਲਾ ਕਾਂਡ ’ਚ ਸਭ ਤੋਂ ਜ਼ਿਆਦਾ ਸੱਟ ਤਾਂ ਕਾਂਗਰਸ ਪਾਰਟੀ ਨੂੰ ਹੀ ਲੱਗੀ ਸੀ ਪਰ ਸੋਨੀਆ ਗਾਂਧੀ ਦੀ ਪੁਸਤਕ ਦੇ ਵਿਸ਼ੇ ’ਚ ਲਿਖਦੇ ਸਮੇਂ ਸਾਨੂੰ ਪੁਸਤਕ ਦੀ ਵਿਸ਼ਾ-ਵਸਤੂ ’ਤੇ ਹੀ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਜਦੋਂ ਅਸੀਂ ਨਿਰਪੱਖ ਹੋ ਕੇ ਅਜਿਹਾ ਕਰਦੇ ਹਾਂ, ਤਦ ਹੀ ਅਸੀਂ ਇਸ ਪੁਸਤਕ ਦਾ ਸਹੀ ਮੁਲਾਂਕਣ ਕਰ ਪਾਉਂਦੇ ਹਾਂ, ਜੋ ਭਾਰਤੀ ਰਾਜਨੀਤੀ ਦੇ ਇਤਿਹਾਸ ’ਚ ਇਕ ਮੀਲ ਦਾ ਪੱਥਰ ਬਣ ਕੇ ਸਾਹਮਣੇ ਆਈ ਹੈ। ਇਸ ਲਈ ਸਮਰਥਕਾਂ ਅਤੇ ਆਲੋਚਕਾਂ ਦੋਵਾਂ ਦੀ ਰੁਚੀ ਇਸ ਪੁਸਤਕ ਨੂੰ ਪੜ੍ਹਨ ’ਚ ਹੈ।
-ਵਿਨੀਤ ਨਾਰਾਇਣ
ਜਦੋਂ ਸੱਚ ਸੋਸ਼ਲ ਮੀਡੀਆ ਦਾ ਪਹਿਲਾ ਸ਼ਿਕਾਰ ਬਣ ਜਾਂਦਾ ਹੈ
NEXT STORY