ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੇਵਲ ਇਕ ਧਾਰਮਿਕ ਤਿਉਹਾਰ ਨਹੀਂ, ਸਗੋਂ ਮਨੁੱਖਤਾ, ਸੱਚ, ਪਿਆਰ, ਬਰਾਬਰੀ, ਸੇਵਾ ਅਤੇ ਆਪਸੀ ਭਾਈਚਾਰੇ ਦੇ ਉਸ ਮਹਾਨ ਫਲਸਫੇ ਨੂੰ ਯਾਦ ਕਰਨ ਦਾ ਪਵਿੱਤਰ ਅਵਸਰ ਹੈ, ਜਿਸ ਨੇ ਸਦੀਆਂ ਪਹਿਲਾਂ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਅੱਜ ਵੀ ਸਮੁੱਚੀ ਦੁਨੀਆ ਨੂੰ ਮਨੁੱਖੀ ਕਦਰਾਂ-ਕੀਮਤਾਂ ਦਾ ਰਾਹ ਦਿਖਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਸਮੇਂ ਸੰਸਾਰ ਵਿਚ ਅਵਤਾਰ ਧਾਰਿਆ, ਜਦੋਂ ਸਮਾਜ ਜਾਤ-ਪਾਤ, ਧਾਰਮਿਕ ਕੱਟੜਤਾ, ਅੰਧ-ਵਿਸ਼ਵਾਸ, ਸਮਾਜਿਕ ਅਸਮਾਨਤਾ, ਕਰਮਕਾਂਡਾਂ ਅਤੇ ਮਨੁੱਖੀ ਸ਼ੋਸ਼ਣ ਵਰਗੀਆਂ ਬੁਰਾਈਆਂ ਨਾਲ ਜੂਝ ਰਿਹਾ ਸੀ। ਅਜਿਹੇ ਦੌਰ ਵਿਚ ਉਨ੍ਹਾਂ ਨੇ ਆਪਣੀ ਇਲਾਹੀ ਬਾਣੀ, ਵਿਚਾਰਧਾਰਾ ਅਤੇ ਜੀਵਨ-ਜਾਚ ਰਾਹੀਂ ਮਨੁੱਖ ਨੂੰ ਮਨੁੱਖ ਨਾਲ ਜੋੜਨ ਅਤੇ ਸਮਾਜ ਨੂੰ ਸੱਚ ਤੇ ਇਨਸਾਫ਼ ਦੇ ਮਾਰਗ ’ਤੇ ਤੋਰਨ ਦਾ ਮਹਾਨ ਕਾਰਜ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿਚ ਰਾਇ ਭੋਇ ਦੀ ਤਲਵੰਡੀ, ਮੌਜੂਦਾ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਪਿਤਾ ਮਹਿਤਾ ਕਲਿਆਣ ਦਾਸ (ਮਹਿਤਾ ਕਾਲੂ ਜੀ) ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਹੋਇਆ। ਬਚਪਨ ਤੋਂ ਹੀ ਉਨ੍ਹਾਂ ਵਿਚ ਅਧਿਆਤਮਿਕ ਚਿੰਤਨ, ਮਨੁੱਖਤਾ ਪ੍ਰਤੀ ਪਿਆਰ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਸਵਾਲ ਕਰਨ ਦੀ ਵਿਲੱਖਣ ਸਮਰੱਥਾ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਨੂੰ ਸੱਚ, ਨੇਕੀ ਅਤੇ ਪਰਮਾਤਮਾ ਨਾਲ ਜੋੜਨ ਲਈ ਸਮਰਪਿਤ ਕੀਤਾ। ਉਨ੍ਹਾਂ ਦੀ ਵਿਚਾਰਧਾਰਾ ਦੇ ਤਿੰਨ ਬੁਨਿਆਦੀ ਸਿਧਾਂਤ ਹਨ—ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਹ ਸਿਧਾਂਤ ਮਨੁੱਖ ਨੂੰ ਇਮਾਨਦਾਰੀ ਨਾਲ ਮਿਹਨਤ ਕਰਨ, ਪਰਮਾਤਮਾ ਦੇ ਸਿਮਰਨ ਵਿਚ ਜੀਵਨ ਬਤੀਤ ਕਰਨ ਅਤੇ ਆਪਣੀ ਕਮਾਈ ਵਿਚੋਂ ਲੋੜਵੰਦਾਂ ਨਾਲ ਸਾਂਝ ਪਾਉਣ ਦੀ ਪ੍ਰੇਰਣਾ ਦਿੰਦੇ ਹਨ। ਗੁਰੂ ਸਾਹਿਬ ਨੇ ਸਪੱਸ਼ਟ ਕੀਤਾ ਕਿ ਧਰਮ ਕੇਵਲ ਪੂਜਾ-ਪਾਠ ਜਾਂ ਬਾਹਰੀ ਦਿਖਾਵੇ ਦਾ ਨਾਮ ਨਹੀਂ, ਸਗੋਂ ਸੱਚੀ ਕਿਰਤ, ਨਿਮਰਤਾ, ਦਇਆ ਅਤੇ ਮਨੁੱਖਤਾ ਦੀ ਸੇਵਾ ਹੀ ਅਸਲ ਧਰਮ ਹੈ।
ਉਨ੍ਹਾਂ ਦਾ ਮਹਾਨ ਫਲਸਫਾ ‘ਇਕ ਓਅੰਕਾਰ’ ਦੇ ਸਿਧਾਂਤ ਵਿਚ ਸਮਾਇਆ ਹੋਇਆ ਹੈ। ਇਸ ਦਾ ਭਾਵ ਹੈ ਕਿ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਇਕ ਹੈ ਅਤੇ ਸਮੁੱਚੀ ਮਨੁੱਖਤਾ ਉਸੇ ਇਕ ਪਰਮਾਤਮਾ ਦੀ ਸੰਤਾਨ ਹੈ। ਇਸੇ ਲਈ ਗੁਰੂ ਸਾਹਿਬ ਨੇ ਧਰਮ, ਜਾਤ, ਰੰਗ, ਨਸਲ ਅਤੇ ਭਾਸ਼ਾ ਦੇ ਆਧਾਰ ’ਤੇ ਮਨੁੱਖਾਂ ਵਿਚ ਵੰਡੀਆਂ ਪਾਉਣ ਦਾ ਸਖ਼ਤ ਵਿਰੋਧ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਰਾਹੀਂ ਭਾਰਤ ਅਤੇ ਵੱਖ-ਵੱਖ ਦੇਸ਼ਾਂ ਅਤੇ ਧਾਰਮਿਕ ਕੇਂਦਰਾਂ ਤੱਕ ਯਾਤਰਾਵਾਂ ਕੀਤੀਆਂ। ਇਨ੍ਹਾਂ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਵੱਖ-ਵੱਖ ਧਰਮਾਂ, ਸੰਪਰਦਾਵਾਂ ਅਤੇ ਵਿਚਾਰਧਾਰਾਵਾਂ ਦੇ ਲੋਕਾਂ ਨਾਲ ਸੰਵਾਦ ਕੀਤਾ ਅਤੇ ਉਨ੍ਹਾਂ ਨੂੰ ਸੱਚੇ ਜੀਵਨ, ਮਨੁੱਖੀ ਬਰਾਬਰੀ ਅਤੇ ਪਰਮਾਤਮਾ ਦੀ ਸਰਬਵਿਆਪਕਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਸੇ ਧਰਮ ਜਾਂ ਵਿਅਕਤੀ ਨਾਲ ਨਫ਼ਰਤ ਨਹੀਂ ਕੀਤੀ, ਸਗੋਂ ਹਰ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਅਸਲ ਮੂਲ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਇਕ ਬਹੁਤ ਮਹੱਤਵਪੂਰਨ ਪੱਖ ਜ਼ੁਲਮ, ਅਨਿਆਂ ਅਤੇ ਸਿਆਸੀ ਦਮਨ ਵਿਰੁੱਧ ਉਨ੍ਹਾਂ ਦੀ ਨਿਡਰ ਆਵਾਜ਼ ਹੈ। ਜਦੋਂ ਬਾਬਰ ਨੇ ਭਾਰਤ ਉੱਤੇ ਹਮਲੇ ਕੀਤੇ ਅਤੇ ਐਮਨਾਬਾਦ ਸਮੇਤ ਕਈ ਇਲਾਕਿਆਂ ਵਿਚ ਭਿਆਨਕ ਤਬਾਹੀ, ਕਤਲੇਆਮ ਅਤੇ ਲੁੱਟਮਾਰ ਹੋਈ, ਤਾਂ ਗੁਰੂ ਸਾਹਿਬ ਨੇ ਸੱਤਾ ਦੇ ਜ਼ੁਲਮ ਵਿਰੁੱਧ ਬੇਬਾਕੀ ਨਾਲ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦੀ ਬਾਣੀ ਵਿਚ ਦਰਜ ਬਾਬਰਵਾਣੀ ਉਸ ਸਮੇਂ ਦੇ ਸਿਆਸੀ ਅੱਤਿਆਚਾਰਾਂ ਅਤੇ ਆਮ ਲੋਕਾਂ ਦੀ ਪੀੜਾ ਦਾ ਇਤਿਹਾਸਕ ਤੇ ਸਾਹਿਤਕ ਦਸਤਾਵੇਜ਼ ਹੈ।
ਗੁਰੂ ਸਾਹਿਬ ਨੇ ਬਾਬਰ ਦੇ ਹਮਲੇ ਸਮੇਂ ਮਨੁੱਖਤਾ ਉੱਤੇ ਹੋਏ ਕਹਿਰ ਨੂੰ ਬਿਆਨ ਕਰਦਿਆਂ ਫ਼ਰਮਾਇਆ :
‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥’’
ਉਨ੍ਹਾਂ ਨੇ ਬਾਬਰ ਦੇ ਹਮਲੇ ਨੂੰ ਪਾਪ ਦੀ ਬਰਾਤ ਕਰਾਰ ਦਿੰਦਿਆਂ ਜ਼ਾਲਮ ਹਕੂਮਤ ਦੇ ਚਿਹਰੇ ਨੂੰ ਬੇਨਕਾਬ ਕੀਤਾ। ਉਨ੍ਹਾਂ ਨੇ ਸਿਰਫ਼ ਹਮਲਾਵਰ ਦੀ ਨਿੰਦਾ ਹੀ ਨਹੀਂ ਕੀਤੀ, ਸਗੋਂ ਉਸ ਸਮੇਂ ਦੇ ਹਾਕਮਾਂ ਦੀ ਕਮਜ਼ੋਰੀ ਅਤੇ ਅਨਿਆਂਪੂਰਨ ਪ੍ਰਬੰਧ ਉੱਤੇ ਵੀ ਸਵਾਲ ਉਠਾਏ। ਉਨ੍ਹਾਂ ਦੀ ਬਾਣੀ ਸਪੱਸ਼ਟ ਕਰਦੀ ਹੈ ਕਿ ਅਸਲ ਧਾਰਮਿਕਤਾ ਜ਼ੁਲਮ ਅੱਗੇ ਚੁੱਪ ਰਹਿਣ ਵਿਚ ਨਹੀਂ, ਸਗੋਂ ਸੱਚ ਅਤੇ ਇਨਸਾਫ਼ ਦੇ ਹੱਕ ਵਿਚ ਛਾਤੀ ਤਾਣ ਕੇ ਖੜ੍ਹੇ ਹੋਣ ਵਿਚ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਮਨੁੱਖਤਾ ਦੀ ਕਰੁਣਾਮਈ ਪੁਕਾਰ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ :
‘‘ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦੁ ਨ ਆਇਆ॥’’
ਨਾਰੀ ਜਾਤੀ ਦੇ ਸਨਮਾਨ ਅਤੇ ਬਰਾਬਰੀ ਬਾਰੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਆਪਣੇ ਸਮੇਂ ਤੋਂ ਕਿਤੇ ਅੱਗੇ ਸੀ। ਉਸ ਦੌਰ ਵਿਚ ਔਰਤ ਨੂੰ ਸਮਾਜਿਕ ਤੌਰ ’ਤੇ ਨੀਵਾਂ ਸਮਝਿਆ ਜਾਂਦਾ ਸੀ ਪਰ ਗੁਰੂ ਸਾਹਿਬ ਨੇ ਇਸ ਸੋਚ ਨੂੰ ਚੁਣੌਤੀ ਦਿੱਤੀ ਅਤੇ ਔਰਤ ਦੀ ਮਹਾਨਤਾ ਨੂੰ ਸਵੀਕਾਰ ਕਰਦਿਆਂ ਫ਼ਰਮਾਇਆ :
‘‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’’
ਗੁਰੂ ਸਾਹਿਬ ਨੇ ਔਰਤ ਨੂੰ ਸਨਮਾਨ, ਸਮਾਨਤਾ ਅਤੇ ਸਮਾਜ ਵਿਚ ਬਰਾਬਰ ਦੇ ਅਧਿਕਾਰਾਂ ਦਾ ਹੱਕਦਾਰ ਮੰਨਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਅਤੇ ਛੂਤ-ਛਾਤ ਦੇ ਭੇਦਭਾਵ ਨੂੰ ਵੀ ਮਨੁੱਖਤਾ ਵਿਰੁੱਧ ਬੁਰਾਈ ਕਰਾਰ ਦਿੱਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮਨੁੱਖ ਦੀ ਮਹਾਨਤਾ ਉਸ ਦੀ ਜਾਤ, ਕੁਲ ਜਾਂ ਸਮਾਜਿਕ ਰੁਤਬੇ ਨਾਲ ਨਹੀਂ, ਸਗੋਂ ਉਸ ਦੇ ਕਰਮਾਂ ਅਤੇ ਚਰਿੱਤਰ ਨਾਲ ਨਿਰਧਾਰਤ ਹੁੰਦੀ ਹੈ। ਉਨ੍ਹਾਂ ਦੀ ਬਾਣੀ ਹੈ :
‘‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥’’
ਗੁਰੂ ਸਾਹਿਬ ਨੇ ਸਮਾਜ ਦੇ ਕਮਜ਼ੋਰ ਅਤੇ ਪੱਛੜੇ ਵਰਗਾਂ ਨਾਲ ਖੜ੍ਹਨ ਅਤੇ ਉਨ੍ਹਾਂ ਨੂੰ ਸਨਮਾਨ ਦੇਣ ਦਾ ਸੰਦੇਸ਼ ਦਿੱਤਾ। ਭਾਈ ਲਾਲੋ ਜੀ ਵਰਗੇ ਮਿਹਨਤਕਸ਼ ਵਿਅਕਤੀ ਦੇ ਘਰ ਭੋਜਨ ਛਕਣਾ ਅਤੇ ਮਲਿਕ ਭਾਗੋ ਦੇ ਦਿਖਾਵੇ ਤੇ ਅਨਿਆਂਪੂਰਨ ਕਮਾਈ ਵਾਲੇ ਭੋਜਨ ਨੂੰ ਠੁਕਰਾਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਸਾਹਿਬ ਲਈ ਇਮਾਨਦਾਰ ਕਿਰਤ ਅਤੇ ਸੱਚਾਈ ਹੀ ਸਭ ਤੋਂ ਵੱਡੀ ਪੂੰਜੀ ਸੀ।
ਅੱਜ ਜਦੋਂ ਦੁਨੀਆ ਧਾਰਮਿਕ ਕੱਟੜਤਾ, ਜੰਗਾਂ, ਨਫ਼ਰਤ, ਆਰਥਿਕ ਅਸਮਾਨਤਾ, ਨਾਰੀ ਵਿਰੋਧੀ ਸੋਚ ਅਤੇ ਵਾਤਾਵਰਣ ਸੰਕਟ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ, ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਫਲਸਫਾ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ। ਉਨ੍ਹਾਂ ਦੀ ਸਿੱਖਿਆ ਕਿਸੇ ਇਕ ਧਰਮ, ਦੇਸ਼ ਜਾਂ ਸਮਾਜ ਤੱਕ ਸੀਮਤ ਨਹੀਂ, ਸਗੋਂ ਸਮੁੱਚੇ ਵਿਸ਼ਵ ਲਈ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇਲਾਹੀ ਸਿੱਖਿਆਵਾਂ ਤੇ ਵਿਰਾਸਤ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ, ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵੀ ਅਨੇਕਾਂ ਸ਼ਲਾਘਾਯੋਗ ਉਪਰਾਲੇ ਕੀਤੇ ਗਏ ਅਤੇ ਨਿਰੰਤਰ ਜਾਰੀ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ, ਦਹਾਕਿਆਂ ਤੋਂ ਵਿਛੜੇ ਗੁਰਧਾਮ ਸ੍ਰੀ ਕਰਤਾਰਪੁਰ ਸਾਹਿਬ ਦੇ ਪਾਵਨ ਲਾਂਘੇ ਨੂੰ ਖੋਲ੍ਹਣ ਦਾ ਇਤਿਹਾਸਕ ਕਾਰਜ ਸੰਪੂਰਨ ਕੀਤਾ ਗਿਆ, ਜਿਸ ਸਦਕਾ ਕਰੋੜਾਂ ਨਾਨਕ ਨਾਮਲੇਵਾ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਪਵਿੱਤਰ ਚਰਨਛੋਹ ਪ੍ਰਾਪਤ ਧਰਤੀ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਇਸ ਤੋਂ ਇਲਾਵਾ, ਸਤਿਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ ’ਤੇ ਮਨਾਉਣਾ, ਸ੍ਰੀ ਦਰਬਾਰ ਸਾਹਿਬ ਦੇ ਲੰਗਰ ਤੋਂ ਜੀ. ਐੱਸ. ਟੀ. ਤੋਂ ਮੁਕਤ ਕਰਨਾ, ਅਫ਼ਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਤਿਕਾਰ ਸਹਿਤ ਭਾਰਤ ਲਿਆਉਣਾ, ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਵਜੋਂ ਐਲਾਨ ਕਰਨਾ, ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਪ੍ਰਾਜੈਕਟ ਦਾ ਨਿਰਮਾਣ ਕਰਨਾ, 312 ਸਿੱਖਾਂ ਨੂੰ ਕਾਲੀ ਸੂਚੀ ਤੋਂ ਬਾਹਰ ਕਰਨਾ, ਸ੍ਰੀ ਹਰਮੰਦਿਰ ਸਾਹਿਬ ਨੂੰ ਐੱਫ. ਸੀ. ਆਰ. ਏ. ਰਾਹੀਂ ਰਜਿਸਟਰਡ ਕਰਨਾ, ਅਜਿਹੇ ਕਾਰਜ ਭਾਜਪਾ ਸਰਕਾਰ ਦੀ ਸਮੁੱਚੀ ਸਿੱਖ ਵਿਰਾਸਤ, ਅਕੀਦਤ ਅਤੇ ਸਤਿਕਾਰ ਪ੍ਰਤੀ ਅਟੁੱਟ ਵਚਨਬੱਧਤਾ ਦਾ ਪ੍ਰਤੱਖ ਪ੍ਰਤੀਕ ਹਨ।
ਅੱਜ ਕੁੱਲ ਖਲਕਤ ਦੇ ਨਾਲ-ਨਾਲ ਸਮੁੱਚੀ ਭਾਜਪਾ ਪੰਜਾਬ ਦੀ ਲੀਡਰਸ਼ਿੱਪ ਵੀ ਗੁਰੂ ਚਰਨਾਂ ਵਿਚ ਆਪਣਾ ਸੀਸ ਨਿਵਾ ਕੇ ਸ਼ਰਧਾ-ਸੁਮਨ ਭੇਟ ਕਰਦੀ ਹੋਈ ਸਤਿਗੁਰੂ ਜੀ ਵੱਲੋਂ ਬਖ਼ਸ਼ਿਆ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਸਰਬ-ਸਾਂਝੇ ਉਪਦੇਸ਼ ’ਤੇ ਪਹਿਰਾ ਦੇਣ ਦਾ ਪ੍ਰਣ ਕਰਦੀ ਹੈ।
ਪ੍ਰਦੂਸ਼ਣ ਅਤੇ ਆਮ ਆਦਮੀ...!
NEXT STORY