ਭਾਰਤ ’ਚ ਵਿਦੇਸ਼ੀ ਯੂਨੀਵਰਸਿਟੀਆਂ ਦੇ ਦਾਖਲੇ ਅਤੇ ਵਿਸਥਾਰ ਨਾਲ ਐਡਟੈਕ ਕੰਪਨੀਆਂ ਲਈ ਨਵੇਂ ਕਾਰੋਬਾਰੀ ਮੌਕੇ ਪੈਦਾ ਹੋ ਰਹੇ ਹਨ, ਜਿਸ ਨਾਲ ਗਲੋਬਲ ਅਦਾਰਿਆਂ ਨਾਲ ਸਾਂਝੇਦਾਰੀ ’ਚ ਆਨਲਾਈਨ ਉੱਚ ਸਿੱਖਿਆ ਅਤੇ ਪੇਸ਼ੇਵਰ ਕੋਰਸਾਂ ਦੀ ਮੰਗ ਵਧ ਰਹੀ ਹੈ। ਸਿੰਪਲੀਲਰਨ ਅਤੇ ਸਕੇਲਰ ਨੂੰ ਉਮੀਦ ਹੈ ਕਿ ਵਿਦੇਸ਼ੀ ਯੂਨੀਵਰਸਿਟੀਆਂ ਦੀ ਵਧਦੀ ਮੌਜੂਦਗੀ ਨਾਲ ਉਨ੍ਹਾਂ ਦੇ ਦਾਖਲੇ ਵਧਾਉਣ ’ਚ ਮਦਦ ਮਿਲੇਗੀ, ਉੱਥੇ ਹੀ ਸੱਤ ਯੂਨੀਵਰਸਿਟੀ ਜੁਆਇੰਟ ਵੈਂਚਰ ਚਲਾਉਣ ਵਾਲੇ ਐਮੇਰਿਟਸ ਨੂੰ ਆਉਣ ਵਾਲੇ ਸਾਲਾਂ ’ਚ ਦੇਸ਼ ’ਚ ਆਪਣੇ ਵਿਸਥਾਰ ’ਚ 10-15 ਫੀਸਦੀ ਵਾਧੇ ਦੀ ਉਮੀਦ ਹੈ। ਐਮੇਰਿਟਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਸ਼ਵਿਨ ਡਾਮੇਰਾ ਨੇ ਕਿਹਾ, ‘‘ਅਸੀਂ ਭਾਰਤ ’ਚ ਆਪਣਾ ਨਿਵੇਸ਼ ਦੁੱਗਣਾ ਕਰ ਰਹੇ ਹਾਂ ਅਤੇ ਇਹ ਪਹਿਲ ਸਾਡੇ ਵਿਕਾਸ ਦੇ ਕੇਂਦਰ ’ਚ ਹੈ।’’
ਇਹ ਕਦਮ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਵੱਲੋਂ ਆਸਟ੍ਰੇਲੀਆ, ਇਟਲੀ, ਯੂ. ਕੇ. ਅਤੇ ਅਮਰੀਕਾ ਦੇ 15 ਵਿਦੇਸ਼ੀ ਉੱਚ ਸਿੱਖਿਆ ਅਦਾਰਿਆਂ ਨੂੰ ਭਾਰਤ ਦੇ ਵੱਖ-ਵੱਖ ਸਥਾਨਾਂ ’ਚ ਕੈਂਪਸ ਸਥਾਪਤ ਕਰਨ ਲਈ 16 ਆਸ਼ਾ ਪੱਤਰ ਜਾਰੀ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ। ਪ੍ਰਸਤਾਵਿਤ ਕੈਂਪਸ ਬੈਂਗਲੁਰੂ, ਗ੍ਰੇਟਰ ਨੋਇਡਾ, ਗੁਰੂਗ੍ਰਾਮ, ਮੁੰਬਈ ਅਤੇ ਚੇਨਈ ’ਚ ਆਉਣ ਦੀ ਉਮੀਦ ਹੈ। ਸਿੰਪਲੀਲਰਨ ਦੇ ਸਹਿ-ਸੰਸਥਾਪਕ ਕਸ਼ਯਪ ਦਲਾਲ ਨੇ ਕਿਹਾ, ‘‘ਭਾਰਤ ’ਚ ਇਨ੍ਹਾਂ ’ਚੋਂ ਕੁਝ ਬ੍ਰਾਂਡਾਂ ਦੀ ਮੌਜੂਦਗੀ ਕੁਦਰਤੀ ਤੌਰ ’ਤੇ ਦੇਸ਼ ’ਚ ਉਨ੍ਹਾਂ ਦੇ ਪ੍ਰਭਾਵ ਨੂੰ ਵਧਾਉਂਦੀ ਹੈ ਅਤੇ ਸੰਭਵ ਤੌਰ ’ਤੇ ਭਾਰਤੀ ਬਾਜ਼ਾਰ ’ਚ ਇਨ੍ਹਾਂ ਯੂਨੀਵਰਸਿਟੀਆਂ ਨਾਲ ਆਨਲਾਈਨ ਪ੍ਰੋਗਰਾਮਾਂ ਦੀ ਮੰਗ ਨੂੰ ਵੀ ਵਧਾ ਸਕਦੀ ਹੈ।’’
ਮੌਜੂਦਾ ਸਮੇਂ ’ਚ, ਭਾਰਤ ’ਚ ਲਗਭਗ 5 ਕੈਂਪਸ ਸਥਾਪਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ’ਚ ਸਾਊਥੈਂਪਟਨ ਯੂਨੀਵਰਸਿਟੀ, ਕਵੀਨਜ਼ ਯੂਨੀਵਰਸਿਟੀ ਬੇਲਫਾਸਟ ਅਤੇ ਆਸਟ੍ਰੇਲੀਆ ਦੀ ਡੀਕਿਨ ਯੂਨੀਵਰਸਿਟੀ ਸ਼ਾਮਲ ਹਨ। ਦਾਖਲੇ ਵਧਾਉਣ ਲਈ ਵਿਦੇਸ਼ੀ ਯੂਨੀਵਰਸਿਟੀ ਕੈਂਪਸਾਂ ਦੀ ਸਮਰੱਥਾ ਕੋਈ ਨਵੀਂ ਗੱਲ ਨਹੀਂ ਹੈ। ਵਿਦੇਸ਼ੀ ਕੈਂਪਸਾਂ ਵਾਲੀਆਂ ਭਾਰਤੀ ਯੂਨੀਵਰਸਿਟੀਆਂ ਨੇ ਵੀ ਦੇਖਿਆ ਹੈ ਕਿ ਉਨ੍ਹਾਂ ਬਾਜ਼ਾਰਾਂ ’ਚ ਉਨ੍ਹਾਂ ਦੀ ਮੌਜੂਦਗੀ ਉਨ੍ਹਾਂ ਦੀ ਪਹੁੰਚ ਵਧਾਉਣ ’ਚ ਮਦਦ ਕਰਦੀ ਹੈ।
ਦਲਾਲ ਨੇ ਕਿਹਾ, ‘‘ਸਾਨੂੰ ਇਨ੍ਹਾਂ ’ਚੋਂ ਕੁਝ ਬਾਜ਼ਾਰਾਂ ਤੋਂ ਆਪਣੇ ਕੁੱਲ ਦਾਖਲੇ ਦਾ ਲਗਭਗ 25 ਫੀਸਦੀ ਤੋਂ 30 ਫੀਸਦੀ ਹਿੱਸਾ ਮਿਲਦਾ ਹੈ। ਇਹੀ ਗੱਲ ਇਸ ਨੂੰ ਬੇਹੱਦ ਆਕਰਸ਼ਕ ਬਣਾਉਂਦੀ ਹੈ। ਇਹ ਪਹੁੰਚ ਦਾ ਵਿਸਥਾਰ ਕਰਦਾ ਹੈ ਅਤੇ ਜ਼ਾਹਿਰ ਤੌਰ ’ਤੇ ਜਿਵੇਂ-ਜਿਵੇਂ ਸਮਾਂ ਬੀਤੇਗਾ, ਉਮੀਦ ਹੈ ਕਿ ਅਸੀਂ ਉਨ੍ਹਾਂ ਬਾਜ਼ਾਰਾਂ ’ਚ ਹੋਰ ਵੀ ਪ੍ਰਮੁੱਖ ਹੋਵਾਂਗੇ।’’ ਵੱਡੇ ਬ੍ਰਾਂਡ ਦਾ ਪ੍ਰਭਾਵ : ਸਕੇਲਰ ਦੇ ਸੰਸਥਾਪਕ ਅਭਿਮੰਨਿਊ ਸਕਸੈਨਾ ਨੇ ਕਿਹਾ ਕਿ ਹਾਲਾਂਕਿ ਇਸ ਵਿਸਥਾਰ ਨਾਲ ਮੌਕੇ ਪੈਦਾ ਹੋਣ ਦੀ ਉਮੀਦ ਹੈ ਪਰ ਵੱਧ ਸਥਾਪਤ ਗਲੋਬਲ ਯੂਨੀਵਰਸਿਟੀਆਂ ਦੀ ਮੌਜੂਦਗੀ ਮੰਗ ਨੂੰ ਵਧਾਉਣ ’ਚ ਮਹੱਤਵਪੂਰਨ ਸਾਬਤ ਹੋ ਸਕਦੀ ਹੈ।
ਸਕਸੈਨਾ ਨੇ ਕਿਹਾ, ‘‘ਸਿੱਖਿਆਰਥੀ ਇਹ ਦੇਖ ਰਹੇ ਹਨ ਕਿ ਕੀ ਉਹ ਅਸਲ ’ਚ ਕੁਝ ਅਜਿਹਾ ਅਤਿ-ਆਧੁਨਿਕ ਸਿੱਖ ਰਹੇ ਹਨ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਕਰੀਅਰ ’ਚ ਅੱਗੇ ਲੈ ਕੇ ਜਾਣ ਵਾਲਾ ਹੈ। ਐੱਮ. ਆਈ. ਟੀ., ਸਟੈਨਫੋਰਡ ਅਤੇ ਹਾਰਵਰਡ ਕੋਲ ਅਜਿਹੇ ਕੋਰਸ ਹਨ ਅਤੇ ਆਈ. ਆਈ. ਟੀ. ਵੀ ਇਨ੍ਹਾਂ ਨੂੰ ਪੇਸ਼ ਕਰਦੇ ਹਨ ਕਿਉਂਕਿ ਉਹ ਇਨ੍ਹਾਂ ਖੇਤਰਾਂ ’ਚ ਲਗਾਤਾਰ ਖੋਜ ਕਰਦੇ ਹਨ।’’ ਦੋ ਮਾਰਗ : ਵਿਦੇਸ਼ੀ ਯੂਨੀਵਰਸਿਟੀਆਂ ਭਾਰਤ ’ਚ ਦੋ ਮਾਰਗਾਂ ਰਾਹੀਂ ਕੈਂਪਸ ਸਥਾਪਤ ਕਰ ਰਹੀਆਂ ਹਨ—ਯੂ. ਜੀ. ਸੀ. ਦੇ 2023 ਦੇ ਨਿਯਮ ਅਤੇ ਗਿਫ਼ਟ ਸਿਟੀ ਆਈ. ਐੱਫ਼. ਐੱਸ. ਸੀ. ਢਾਂਚਾ, ਜੋ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਟੀ (ਆਈ. ਐੱਫ਼. ਐੱਸ. ਸੀ. ਏ.) ਵੱਲੋਂ ਸੰਚਾਲਿਤ ਹੈ।
ਯੂ. ਜੀ. ਸੀ. ਦਾ ਢਾਂਚਾ ਯੋਗ ਵਿਦੇਸ਼ੀ ਉੱਚ ਸਿੱਖਿਆ ਅਦਾਰਿਆਂ ਨੂੰ ਭਾਰਤ ’ਚ ਕੈਂਪਸ ਸਥਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ, ਜਦਕਿ ਗਿਫ਼ਟ ਸਿਟੀ ਮਾਰਗ ਵਿਦੇਸ਼ੀ ਯੂਨੀਵਰਸਿਟੀਆਂ ਲਈ ਇਕ ਵੱਖ ਰੈਗੂਲੇਟਰੀ ਢਾਂਚਾ ਪ੍ਰਦਾਨ ਕਰਦਾ ਹੈ। ਸ਼ਾਰਦੁਲ ਅਮਰਚੰਦ ਮੰਗਲਦਾਸ ’ਚ ਪਾਰਟਨਰ ਸਾਦੀਆ ਖ਼ਾਨ ਨੇ ਕਿਹਾ, ‘‘ਇਹ ਨਵੇਂ ਨਿਯਮ ਕਿਸੇ ਵੀ ਇਕਾਈ ਨੂੰ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ਼. ਡੀ. ਆਈ.) ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੇ ਹਨ, ਜਿਸ ’ਚ ਇਕ ਕੈਂਪਸ ਸਥਾਪਤ ਕਰਨ ਲਈ ਨਿੱਜੀ ਕੰਪਨੀ ਜਾਂ ਐੱਲ. ਐੱਲ. ਪੀ. ਬਣਾਉਣਾ ਵੀ ਸ਼ਾਮਲ ਹੈ। ਇਸ ਲਈ, ਕੈਂਪਸ ਸਥਾਪਤ ਕਰਨ ਲਈ ਇਕ ਲਾਭਕਾਰੀ ਵਿੱਤ-ਢਾਂਚੇ ਦੀ ਵਰਤੋਂ ਕੀਤੀ ਜਾ ਸਕਦੀ ਹੈ।’’ ਵਿਦੇਸ਼ੀ ਅਦਾਰਿਆਂ ਵੱਲੋਂ ਪ੍ਰਸਤਾਵਿਤ ਕੀਤੇ ਜਾ ਰਹੇ ਪ੍ਰੋਗਰਾਮ ਬਿਜ਼ਨੈੱਸ, ਫਾਇਨਾਂਸ, ਸਾਫਟਵੇਅਰ ਇੰਜੀਨੀਅਰਿੰਗ, ਡਾਟਾ ਸਾਇੰਸ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), ਸਾਈਬਰ ਸੁਰੱਖਿਆ, ਐਂਟਰਪ੍ਰਨਿਓਰਸ਼ਿਪ ਅਤੇ ਬਾਇਓਮੈਡੀਕਲ ਸਾਇੰਸਿਜ਼ ਵਰਗੇ ਖੇਤਰਾਂ ਨਾਲ ਜੁੜੇ ਹਨ।
—ਐਲੇਨਜਿਥ ਕੇ. ਜੌਨੀ
(‘ਈ.ਟੀ.’ ਤੋਂ ਧੰਨਵਾਦ)
ਮੋਦੀ ਅਤੇ ਭਾਰਤਵਾਸੀਆਂ ਦੀ ਜੁਗਲਬੰਦੀ
NEXT STORY