ਚੀਨ ਦੀ ਧਰਤੀ ’ਤੇ ਪੈਰ ਰੱਖਦਿਆਂ ਹੀ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਗੱਲ ਉੱਥੋਂ ਦੀਆਂ ਉੱਚੀਆਂ ਇਮਾਰਤਾਂ, ਆਧੁਨਿਕ ਸੜਕਾਂ, ਚਮਚਮਾਉਂਦੇ ਬਾਜ਼ਾਰ ਜਾਂ ਅਤਿ-ਆਧੁਨਿਕ ਤਕਨੀਕ ਹੀ ਨਹੀਂ, ਸਗੋਂ ਉੱਥੋਂ ਦੇ ਲੋਕਾਂ ਦੀ ਕਾਰਜਸ਼ੈਲੀ, ਅਨੁਸ਼ਾਸਨ, ਵਿਹਾਰ ਅਤੇ ਵਿਵਸਥਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਹੈ। ਚੀਨ ਦੀ ਯਾਤਰਾ ਦੌਰਾਨ ਕਈ ਅਜਿਹੇ ਤਜਰਬੇ ਹੋਏ, ਜਿਨ੍ਹਾਂ ਨੇ ਇਹ ਸੋਚਣ ’ਤੇ ਮਜਬੂਰ ਕੀਤਾ ਕਿ ਆਖ਼ਿਰ ਇਸ ਦੇਸ਼ ਨੇ ਇੰਨੇ ਘੱਟ ਸਮੇਂ ’ਚ ਦੁਨੀਆ ਦੀਆਂ ਪ੍ਰਮੁੱਖ ਆਰਥਿਕ ਅਤੇ ਉਦਯੋਗਿਕ ਸ਼ਕਤੀਆਂ ’ਚ ਆਪਣੀ ਪਛਾਣ ਕਿਵੇਂ ਬਣਾਈ। ਇੱਥੋਂ ਦੀ ਤਰੱਕੀ ’ਚ ਸਮੇਂ ਦੀ ਪਾਬੰਦੀ, ਇਮਾਨਦਾਰੀ, ਨਿਯਮਾਂ ਦੀ ਪਾਲਣਾ ਅਤੇ ਵਿਵਸਥਿਤ ਤਰੀਕੇ ਨਾਲ ਕੰਮ ਕਰਨ ਦੀ ਸੱਭਿਆਚਾਰਕ ਪਹੁੰਚ ਵੀ ਅਹਿਮ ਭੂਮਿਕਾ ਨਿਭਾਉਂਦੀ ਦਿਖਾਈ ਦਿੰਦੀ ਹੈ।
ਭਾਵੇਂ ਸੜਕ ’ਤੇ ਆਵਾਜਾਈ ਹੋਵੇ, ਵਪਾਰਕ ਸਰਗਰਮੀਆਂ ਹੋਣ, ਜਨਤਕ ਥਾਵਾਂ ਹੋਣ ਜਾਂ ਕਿਸੇ ਦਫ਼ਤਰ ਦਾ ਕੰਮਕਾਜ, ਹਰ ਥਾਂ ਇਕ ਵਿਵਸਥਿਤ ਪ੍ਰਣਾਲੀ ਨਜ਼ਰ ਆਉਂਦੀ ਹੈ। ਉੱਥੇ ਕੰਮ ਨੂੰ ਸਿਰਫ਼ ਪੂਰਾ ਕਰਨਾ ਹੀ ਉਦੇਸ਼ ਨਹੀਂ ਲੱਗਦਾ, ਸਗੋਂ ਉਸ ਨੂੰ ਨਿਰਧਾਰਤ ਪ੍ਰਕਿਰਿਆ ਅਤੇ ਜ਼ਿੰਮੇਵਾਰੀ ਨਾਲ ਪੂਰਾ ਕਰਨ ’ਤੇ ਵੀ ਖ਼ਾਸ ਧਿਆਨ ਦਿੱਤਾ ਜਾਂਦਾ ਹੈ। ਵਿਕਾਸ ਲਈ ਸਿਰਫ਼ ਸਰੋਤਾਂ ਦਾ ਹੋਣਾ ਕਾਫ਼ੀ ਨਹੀਂ ਹੈ। ਸਰੋਤਾਂ ਦੀ ਸਹੀ ਵਰਤੋਂ, ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਅਤੇ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਓਨਾ ਹੀ ਜ਼ਰੂਰੀ ਹੈ।
ਕਾਨੂੰਨ ਦਾ ਸਤਿਕਾਰ ਅਤੇ ਨਾਗਰਿਕ ਜ਼ਿੰਮੇਵਾਰੀ : ਚੀਨ ਦੇ ਸ਼ਹਿਰਾਂ ’ਚ ਘੁੰਮਦਿਆਂ ਇਕ ਗੱਲ ਖ਼ਾਸ ਤੌਰ ’ਤੇ ਦੇਖਣ ਨੂੰ ਮਿਲੀ ਕਿ ਜਨਤਕ ਥਾਵਾਂ ’ਤੇ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ ਬਹੁਤ ਜ਼ਿਆਦਾ ਨਜ਼ਰ ਨਹੀਂ ਆਈ। ਇਸ ਦੇ ਬਾਵਜੂਦ ਸੜਕਾਂ ਅਤੇ ਬਾਜ਼ਾਰਾਂ ’ਚ ਵਿਵਸਥਾ ਬਣੀ ਹੋਈ ਦਿਖਾਈ ਦਿੱਤੀ। ਆਵਾਜਾਈ ਕਾਬੂ ਹੇਠ ਸੀ, ਵਾਹਨ ਚਾਲਕ ਨਿਯਮਾਂ ਦੀ ਪਾਲਣਾ ਕਰ ਰਹੇ ਸਨ ਅਤੇ ਲੋਕ ਬੇਲੋੜੇ ਹਾਰਨ ਵਜਾਉਣ ਤੋਂ ਬਚਦੇ ਨਜ਼ਰ ਆਏ। ਭਾਰਤ ਦੇ ਸੰਦਰਭ ’ਚ ਇਹ ਇਕ ਮਹੱਤਵਪੂਰਨ ਸਿੱਖਿਆ ਹੈ। ਸੜਕ ’ਤੇ ਨਿਯਮਾਂ ਦੀ ਪਾਲਣਾ, ਬੇਲੋੜੇ ਹਾਰਨ ਤੋਂ ਪਰਹੇਜ਼, ਜਨਤਕ ਜਾਇਦਾਦ ਦੀ ਸੁਰੱਖਿਆ ਅਤੇ ਦੂਜਿਆਂ ਦੇ ਅਧਿਕਾਰਾਂ ਦਾ ਸਤਿਕਾਰ, ਇਹ ਛੋਟੇ ਕਦਮ ਕਿਸੇ ਵੀ ਸ਼ਹਿਰ ਨੂੰ ਵੱਧ ਸੁਰੱਖਿਅਤ ਅਤੇ ਵਿਵਸਥਿਤ ਬਣਾ ਸਕਦੇ ਹਨ।
ਛੋਟੇ ਕਾਰੋਬਾਰੀਆਂ ਅਤੇ ਨਵੇਂ ਉੱਦਮੀਆਂ ਨੂੰ ਉਤਸ਼ਾਹ : ਚੀਨ ’ਚ ਵਪਾਰ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਜਿਸ ਤਰ੍ਹਾਂ ਵੱਖ-ਵੱਖ ਮੰਚ ਅਤੇ ਮੌਕੇ ਉਪਲਬਧ ਕਰਵਾਏ ਜਾਂਦੇ ਹਨ, ਉਹ ਖ਼ਾਸ ਤੌਰ ’ਤੇ ਧਿਆਨ ਦੇਣ ਯੋਗ ਹੈ। ਨਵੇਂ ਉਤਪਾਦ ਬਣਾਉਣ ਵਾਲੇ ਕਾਰੋਬਾਰੀਆਂ ਨੂੰ ਆਪਣੇ ਉਤਪਾਦ ਦੁਨੀਆ ਦੇ ਸਾਹਮਣੇ ਪੇਸ਼ ਕਰਨ, ਕੌਮਾਂਤਰੀ ਖ਼ਰੀਦਦਾਰਾਂ ਨਾਲ ਸੰਪਰਕ ਸਥਾਪਤ ਕਰਨ ਅਤੇ ਨਵੇਂ ਬਾਜ਼ਾਰਾਂ ਤੱਕ ਪਹੁੰਚਣ ਦੇ ਮੌਕੇ ਮਿਲਦੇ ਹਨ। ਇਸ ਨਾਲ ਛੋਟੇ ਉੱਦਮੀਆਂ ਨੂੰ ਵੀ ਵੱਡੇ ਵਪਾਰਕ ਨੈੱਟਵਰਕ ਦਾ ਹਿੱਸਾ ਬਣਨ ਦਾ ਰਾਹ ਮਿਲਦਾ ਹੈ। 140ਵਾਂ ਕੈਂਟਨ ਮੇਲਾ-ਦੁਨੀਆ ਦੇ ਕਾਰੋਬਾਰ ਨੂੰ ਜੋੜਨ ਵਾਲਾ ਆਲਮੀ ਮੰਚ : ਚੀਨ ਦੀ ਵਪਾਰਕ ਦੂਰਅੰਦੇਸ਼ੀ ਦੀ ਇਕ ਵੱਡੀ ਉਦਾਹਰਣ ਗਵਾਂਗਝੋਊ ’ਚ ਕਰਵਾਇਆ ਜਾਣ ਵਾਲਾ ਕੈਂਟਨ ਮੇਲਾ ਹੈ। 15 ਅਕਤੂਬਰ, 2026 ਨੂੰ ਸ਼ੁਰੂ ਹੋਇਆ 140ਵਾਂ ਕੈਂਟਨ ਮੇਲਾ ਸਿਰਫ਼ ਇਕ ਵਪਾਰਕ ਪ੍ਰਦਰਸ਼ਨੀ ਨਹੀਂ, ਸਗੋਂ ਚੀਨ ਦੀ ਉਦਯੋਗਿਕ ਸਮਰੱਥਾ, ਬਰਾਮਦ ਨੀਤੀ ਅਤੇ ਆਲਮੀ ਵਪਾਰਕ ਸੋਚ ਦਾ ਇਕ ਮਹੱਤਵਪੂਰਨ ਪ੍ਰਤੀਕ ਹੈ। ਸਾਲ 1957 ਤੋਂ ਕਰਵਾਇਆ ਜਾ ਰਿਹਾ ਇਹ ਮੇਲਾ ਲੱਗਭਗ 7 ਦਹਾਕਿਆਂ ਤੋਂ ਦੁਨੀਆ ਭਰ ਦੇ ਵਪਾਰੀਆਂ, ਦਰਾਮਦਕਾਰਾਂ, ਬਰਾਮਦਕਾਰਾਂ, ਨਿਵੇਸ਼ਕਾਂ ਅਤੇ ਉਤਪਾਦ ਨਿਰਮਾਤਾਵਾਂ ਨੂੰ ਇਕ ਮੰਚ ’ਤੇ ਜੋੜਦਾ ਆ ਰਿਹਾ ਹੈ। ਇੱਥੇ ਵੱਖ-ਵੱਖ ਖੇਤਰਾਂ ਦੇ ਉਤਪਾਦ ਪ੍ਰਦਰਸ਼ਿਤ ਕੀਤੇ ਜਾਂਦੇ ਹਨ ਅਤੇ ਕਾਰੋਬਾਰੀ ਇਕ-ਦੂਜੇ ਨਾਲ ਸਿੱਧਾ ਸੰਪਰਕ ਸਥਾਪਤ ਕਰ ਕੇ ਵਪਾਰਕ ਸੰਭਾਵਨਾਵਾਂ ਤਲਾਸ਼ਦੇ ਹਨ।
ਆਧੁਨਿਕ ਜੀਵਨਸ਼ੈਲੀ ਅਤੇ ਤਕਨੀਕ : ਚੀਨ ਦੇ ਸ਼ਹਿਰਾਂ ’ਚ ਆਧੁਨਿਕ ਤਕਨੀਕ ਦੀ ਵਰਤੋਂ ਜੀਵਨ ਦੇ ਕਈ ਪਹਿਲੂਆਂ ’ਚ ਦਿਖਾਈ ਦਿੰਦੀ ਹੈ। ਵਪਾਰ, ਟਰਾਂਸਪੋਰਟ, ਖ਼ਰੀਦਦਾਰੀ ਅਤੇ ਰੋਜ਼ਾਨਾ ਸੇਵਾਵਾਂ ’ਚ ਡਿਜੀਟਲ ਮਾਧਿਅਮਾਂ ਦੀ ਵਰਤੋਂ ਆਮ ਨਜ਼ਰ ਆਉਂਦੀ ਹੈ। ਨਵੀਂ ਤਕਨੀਕ ਅਤੇ ਆਧੁਨਿਕ ਜੀਵਨਸ਼ੈਲੀ ਦੇ ਮਾਮਲੇ ’ਚ ਚੀਨ ਭਾਰਤ ਨਾਲੋਂ ਲੱਗਭਗ 50 ਸਾਲ ਅੱਗੇ ਦਿਖਾਈ ਦਿੰਦਾ ਹੈ। ਇਹ ਕੋਈ ਸਰਕਾਰੀ ਜਾਂ ਅੰਕੜਿਆਂ ’ਤੇ ਆਧਾਰਿਤ ਤੁਲਨਾ ਨਹੀਂ, ਸਗੋਂ ਉੱਥੋਂ ਦੀਆਂ ਤਕਨੀਕੀ ਸਹੂਲਤਾਂ, ਸ਼ਹਿਰੀ ਵਿਵਸਥਾ ਅਤੇ ਰੋਜ਼ਾਨਾ ਜੀਵਨ ’ਚ ਡਿਜੀਟਲ ਮਾਧਿਅਮਾਂ ਦੀ ਵਿਆਪਕ ਵਰਤੋਂ ਨੂੰ ਦੇਖ ਕੇ ਬਣਿਆ ਮੇਰਾ ਨਿੱਜੀ ਪ੍ਰਭਾਵ ਹੈ। ਉੱਥੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ’ਚ ਕੰਮ ਅਤੇ ਮਨੋਰੰਜਨ ਵਿਚਾਲੇ ਸੰਤੁਲਨ ਵੀ ਦੇਖਣ ਨੂੰ ਮਿਲਿਆ। ਦਿਨ ਵੇਲੇ ਲੋਕ ਆਪਣੇ ਕੰਮ ’ਚ ਰੁੱਝੇ ਰਹਿੰਦੇ ਹਨ, ਜਦੋਂ ਕਿ ਸ਼ਾਮ ਨੂੰ ਬਾਜ਼ਾਰਾਂ, ਜਨਤਕ ਥਾਵਾਂ ਅਤੇ ਮਨੋਰੰਜਨ ਸਥਾਨਾਂ ’ਤੇ ਪਰਿਵਾਰਾਂ ਅਤੇ ਦੋਸਤਾਂ ਨਾਲ ਸਮਾਂ ਬਿਤਾਉਂਦੇ ਦਿਖਾਈ ਦਿੰਦੇ ਹਨ। ਇਸ ਤੋਂ ਇਹ ਸਮਝ ਆਉਂਦਾ ਹੈ ਕਿ ਆਧੁਨਿਕ ਵਿਕਾਸ ਦਾ ਅਰਥ ਸਿਰਫ਼ ਤਕਨੀਕ ਅਪਣਾਉਣਾ ਨਹੀਂ, ਸਗੋਂ ਲੋਕਾਂ ਨੂੰ ਨਵੇਂ ਹੁਨਰ ਸਿੱਖਣ, ਕੰਮ ਕਰਨ ਅਤੇ ਜੀਵਨ ਨੂੰ ਬਿਹਤਰ ਬਣਾਉਣ ਦੇ ਮੌਕੇ ਦੇਣਾ ਵੀ ਹੈ। ਭਾਰਤ ਲਈ ਸੁਨੇਹਾ : ਚੀਨ ਦੀ ਯਾਤਰਾ ਨੇ ਇਹ ਸੋਚਣ ਦਾ ਮੌਕਾ ਦਿੱਤਾ ਕਿ ਕਿਸੇ ਦੇਸ਼ ਦੀ ਤਰੱਕੀ ਲਈ ਸਿਰਫ਼ ਸਰਕਾਰੀ ਯੋਜਨਾਵਾਂ ਬਣਾਉਣਾ ਕਾਫ਼ੀ ਨਹੀਂ, ਯੋਜਨਾਵਾਂ ਨੂੰ ਸਮੇਂ ਸਿਰ ਲਾਗੂ ਕਰਨਾ, ਉਦਯੋਗਾਂ ਨੂੰ ਸਹਿਯੋਗ, ਨਾਗਰਿਕਾਂ ’ਚ ਜ਼ਿੰਮੇਵਾਰੀ ਦੀ ਭਾਵਨਾ ਅਤੇ ਨਿਯਮਾਂ ਦੀ ਪਾਲਣਾ ਵੀ ਓਨੀ ਹੀ ਜ਼ਰੂਰੀ ਹੈ। ਭਾਰਤ ਇਕ ਵਿਸ਼ਾਲ ਲੋਕਤੰਤਰੀ ਦੇਸ਼ ਹੈ। ਇੱਥੋਂ ਦੀ ਨੌਜਵਾਨ ਆਬਾਦੀ, ਤਕਨੀਕੀ ਪ੍ਰਤਿਭਾ, ਉੱਦਮਸ਼ੀਲਤਾ, ਖੇਤੀਬਾੜੀ, ਨਿਰਮਾਣ ਅਤੇ ਸੇਵਾ ਖੇਤਰ ’ਚ ਅਪਾਰ ਸੰਭਾਵਨਾਵਾਂ ਹਨ। ਭਾਰਤੀ ਕਾਰੋਬਾਰੀ ਦੁਨੀਆ ਦੇ ਅਨੇਕਾਂ ਦੇਸ਼ਾਂ ’ਚ ਆਪਣੀ ਪਛਾਣ ਬਣਾ ਚੁੱਕੇ ਹਨ। ਇਸ ਦੇ ਬਾਵਜੂਦ ਛੋਟੇ ਉਦਯੋਗਾਂ ਨੂੰ ਬਾਜ਼ਾਰ, ਵਿੱਤ, ਤਕਨੀਕ ਅਤੇ ਬਰਾਮਦ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜੇਕਰ ਸਰਕਾਰ ਵਪਾਰਕ ਪ੍ਰਕਿਰਿਆਵਾਂ ਨੂੰ ਸੁਖਾਲਾ ਬਣਾਏ, ਛੋਟੇ ਉੱਦਮੀਆਂ ਨੂੰ ਕੌਮਾਂਤਰੀ ਮੰਚ ਉਪਲਬਧ ਕਰਵਾਏ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇ ਅਤੇ ਸਿੱਖਿਆ ਨੂੰ ਹੁਨਰ ਤੇ ਰੋਜ਼ਗਾਰ ਨਾਲ ਜੋੜੇ, ਤਾਂ ਭਾਰਤ ਦੀ ਵਿਕਾਸ ਰਫ਼ਤਾਰ ਹੋਰ ਤੇਜ਼ ਹੋ ਸਕਦੀ ਹੈ। ਇਸ ਦੇ ਨਾਲ ਨਾਗਰਿਕਾਂ ਨੂੰ ਵੀ ਆਪਣੀ ਭੂਮਿਕਾ ਸਮਝਣੀ ਹੋਵੇਗੀ। ਸੜਕ ’ਤੇ ਨਿਯਮਾਂ ਦੀ ਪਾਲਣਾ ਕਰਨਾ, ਜਨਤਕ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣਾ, ਸਮੇਂ ਦੀ ਕਦਰ ਕਰਨਾ, ਆਪਣੇ ਕੰਮ ਪ੍ਰਤੀ ਇਮਾਨਦਾਰ ਰਹਿਣਾ ਅਤੇ ਸਫ਼ਾਈ ਬਣਾਈ ਰੱਖਣਾ ਕਿਸੇ ਵੀ ਵਿਕਸਿਤ ਸਮਾਜ ਦੀਆਂ ਬੁਨਿਆਦੀ ਸ਼ਰਤਾਂ ਹਨ। ਅਖੀਰ ’ਚ : ਭਾਰਤ ਅਤੇ ਚੀਨ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਹਾਲਾਤ ਵੱਖ-ਵੱਖ ਹਨ। ਇਸ ਲਈ ਕਿਸੇ ਇਕ ਦੇਸ਼ ਦੇ ਮਾਡਲ ਨੂੰ ਪੂਰੀ ਤਰ੍ਹਾਂ ਦੂਜੇ ਦੇਸ਼ ’ਤੇ ਲਾਗੂ ਕਰਨਾ ਉਚਿਤ ਨਹੀਂ ਹੋਵੇਗਾ ਪਰ ਚੰਗੀਆਂ ਵਿਵਸਥਾਵਾਂ, ਸਫ਼ਲ ਵਪਾਰਕ ਸਮਾਗਮਾਂ, ਤਕਨੀਕੀ ਨਵੀਨਤਾ ਅਤੇ ਨਾਗਰਿਕ ਅਨੁਸ਼ਾਸਨ ਤੋਂ ਸਿੱਖਣਾ ਯਕੀਨੀ ਤੌਰ ’ਤੇ ਲਾਹੇਵੰਦ ਹੋ ਸਕਦਾ ਹੈ। ਭਾਰਤ ਕੋਲ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ’ਚ ਸ਼ਾਮਲ ਹੋਣ ਦੀ ਸਮਰੱਥਾ ਹੀ ਨਹੀਂ, ਸਗੋਂ ਆਲਮੀ ਅਗਵਾਈ ਕਰਨ ਦੀਆਂ ਵੀ ਸੰਭਾਵਨਾਵਾਂ ਹਨ। ਲੋੜ ਹੈ ਕਿ ਸਰਕਾਰ, ਉਦਯੋਗ ਜਗਤ ਅਤੇ ਆਮ ਨਾਗਰਿਕ ਇਕ ਸਾਂਝੇ ਟੀਚੇ ਨਾਲ ਅੱਗੇ ਵਧਣ। ਆਖ਼ਿਰ ਅਸੀਂ ਚੀਨ ਤੋਂ ਪਿੱਛੇ ਕਿਉਂ ਰਹੀਏ। ਜਦੋਂ ਭਾਰਤ ਕੋਲ ਪ੍ਰਤਿਭਾ, ਮਿਹਨਤ, ਸਰੋਤ, ਉੱਦਮਸ਼ੀਲਤਾ ਅਤੇ ਵਿਸ਼ਾਲ ਬਾਜ਼ਾਰ ਸਭ ਕੁਝ ਹੈ, ਤਾਂ ਲੋੜ ਸਿਰਫ਼ ਉਸ ਸੋਚ ਅਤੇ ਵਿਵਸਥਾ ਦੀ ਹੈ, ਜੋ ਇਨ੍ਹਾਂ ਸਮਰੱਥਾਵਾਂ ਨੂੰ ਦੇਸ਼ ਦੀ ਤਰੱਕੀ ’ਚ ਬਦਲ ਸਕੇ।
-ਰਾਜੇਸ਼ ਮਹਿਰਾ
ਦਿੱਲੀ-ਐੱਨ. ਸੀ. ਆਰ. ’ਚ ਪ੍ਰਦੂਸ਼ਣ ਦਾ ਹੱਲ ਕੀ ਹੋਵੇ
NEXT STORY