ਨਵੀਂ ਦਿੱਲੀ-ਅਮਰੀਕਾ ਨਾਲ ਬਣੀ ਟ੍ਰੇਡ ਵਾਰ ਦੀ ਸਥਿਤੀ ਵਿਚਾਲੇ ਭਾਰਤ ਨੇ ਸਬੰਧਾਂ 'ਚ ਸੁਧਾਰ ਦੇ ਮਕਸਦ ਨਾਲ ਅਮਰੀਕਾ ਤੋਂ ਕਰੀਬ 1,000 ਯਾਤਰੀ ਜਹਾਜ਼ ਖਰੀਦਣ ਦਾ ਪ੍ਰਸਤਾਵ ਰੱਖਿਆ ਹੈ। ਭਾਰਤ ਨੇ ਅਗਲੇ 7 ਤੋਂ 8 ਸਾਲਾਂ ਦੌਰਾਨ ਜਹਾਜ਼ਾਂ ਦੀ ਇਹ ਖਰੀਦ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ ਅਮਰੀਕਾ ਨਾਲ ਤੇਲ ਅਤੇ ਗੈਸ ਦੀ ਖਰੀਦ 'ਚ ਵੀ ਵਾਧਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਬੀਤੇ ਹਫ਼ਤੇ ਵਣਜ ਮੰਤਰੀ ਸੁਰੇਸ਼ ਪ੍ਰਭੂ ਨੇ ਆਪਣੇ ਅਮਰੀਕੀ ਹਮ-ਅਹੁਦਿਆਂ ਨਾਲ ਮੀਟਿੰਗ 'ਚ ਇਹ ਗੱਲ ਕਹੀ।
ਐਤਵਾਰ ਨੂੰ ਅਮਰੀਕਾ ਦੇ ਦੱਖਣ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਵਪਾਰਕ ਪ੍ਰਤੀਨਿਧੀ ਮਾਰਕ ਲਿਸਕਾਟ ਵਣਜ ਮੰਤਰਾਲਾ ਦੇ ਅਧਿਕਾਰੀਆਂ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਦੇ ਮੋਰਚੇ 'ਤੇ ਪੈਦਾ ਹੋਈਆਂ ਸਮੱਸਿਆਵਾਂ ਨੂੰ ਲੈ ਕੇ ਗੱਲ ਕਰਨਗੇ। ਭਾਰਤ ਵੱਲੋਂ ਅਮਰੀਕਾ ਤੋਂ ਦਰਾਮਦ ਹੋਣ ਵਾਲੀਆਂ 29 ਵਸਤਾਂ 'ਤੇ ਇੰਪੋਰਟ ਡਿਊਟੀ ਵਧਾਉਣ ਦਾ ਫੈਸਲਾ ਲੈ ਲਿਆ ਗਿਆ ਹੈ। ਇਸ ਤੋਂ ਬਾਅਦ ਵੀ ਭਾਰਤ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਵੱਲੋਂ ਲਾਏ ਗਏ ਜਵਾਬੀ ਟੈਕਸ ਡਬਲਯੂ. ਟੀ. ਓ. ਵੱਲੋਂ ਉਸ ਨੂੰ ਮਿਲੇ ਅਧਿਕਾਰ ਦੀ ਵਰਤੋਂ ਹਨ। ਇਸ ਟ੍ਰੇਡ ਵਾਰ ਦੀ ਸ਼ੁਰੂਆਤ ਅਮਰੀਕਾ ਨੇ ਹੀ ਭਾਰਤ ਤੋਂ ਦਰਾਮਦ ਹੋਣ ਵਾਲੇ ਸਟੀਲ ਅਤੇ ਐਲੂਮੀਨੀਅਮ 'ਤੇ ਟੈਕਸ ਵਧਾ ਕੇ ਕੀਤੀ ਸੀ। ਭਾਰਤ ਵੱਲੋਂ ਅਮਰੀਕਾ ਦੇ ਸਾਹਮਣੇ ਇਹ ਪੱਖ ਰੱਖਿਆ ਜਾ ਰਿਹਾ ਹੈ ਕਿ ਉਸ ਵੱਲੋਂ ਟੈਕਸ ਦੀਆਂ ਦਰਾਂ ਵਧਾਏ ਜਾਣ ਦੇ ਜਵਾਬ 'ਚ ਹੀ ਇਹ ਫੈਸਲਾ ਲਿਆ ਗਿਆ ਹੈ। ਭਾਰਤ ਵੱਲੋਂ ਵਧਾਏ ਗਏ ਟੈਕਸ ਦੀਆਂ ਦਰਾਂ 4 ਅਗਸਤ ਤੋਂ ਲਾਗੂ ਹੋਣਗੀਆਂ। ਉਦੋਂ ਤੱਕ ਭਾਰਤ ਨੇ ਅਮਰੀਕਾ ਨੂੰ ਇਕ ਤਰ੍ਹਾਂ ਨਾਲ ਆਪਸੀ ਸਹਿਮਤੀ ਬਣਾਉਣ ਦਾ ਸਮਾਂ ਦਿੱਤਾ ਹੈ। ਇਹੀ ਨਹੀਂ 6 ਜੁਲਾਈ ਨੂੰ ਵਾਸ਼ਿੰਗਟਨ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਅਮਰੀਕੀ ਹਮ-ਅਹੁਦਿਆਂ ਨਾਲ ਮੁਲਾਕਾਤ ਹੋਵੇਗੀ। ਇਸ 'ਚ ਵੀ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰਕ ਮਸਲਿਆਂ ਨੂੰ ਲੈ ਕੇ ਜਾਰੀ ਤਣਾਅ 'ਤੇ ਚਰਚਾ ਹੋਵੇਗੀ ਅਤੇ ਸਾਰੇ ਮਸਲਿਆਂ ਦੇ ਹੱਲ ਦੀ ਇਕ ਕੋਸ਼ਿਸ਼ ਕੀਤੀ ਜਾਵੇਗੀ।
ਦੁਬਈ-ਮੁੰਬਈ ਸਭ ਤੋਂ ਰੁਝੇਵਿਆਂ ਵਾਲਾ ਅੰਤਰਰਾਸ਼ਟਰੀ ਹਵਾਈ ਰਸਤਾ
NEXT STORY