ਨਵੀਂ ਦਿੱਲੀ (ਭਾਸ਼ਾ) – ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਬੱੁਧਵਾਰ ਨੂੰ ਚਾਲੂ ਮਾਲੀ ਸਾਲ ਲਈ ਭਾਰਤ ਦੇ ਵਿਕਾਸ ਅੰਦਾਜ਼ੇ ਨੂੰ 7 ਫੀਸਦੀ ’ਤੇ ਬਰਕਰਾਰ ਰੱਖਿਆ ਅਤੇ ਕਿਹਾ ਕਿ ਬਿਹਤਰ ਖੇਤੀ ਉਤਪਾਦਨ ਤੇ ਉੱਚ ਸਰਕਾਰੀ ਖਰਚੇ ਨਾਲ ਆਉਣ ਵਾਲੀਆਂ ਤਿਮਾਹੀਆਂ ’ਚ ਅਰਥਵਿਵਸਥਾ ’ਚ ਤੇਜ਼ੀ ਆਉਣ ਦੀ ਉਮੀਦ ਹੈ।
ਸਤੰਬਰ ਦੇ ਆਪਣੇ ਏਸ਼ੀਆਈ ਵਿਕਾਸ ਦ੍ਰਿਸ਼ (ਏ. ਡੀ. ਓ.) ਅਪਡੇਟ ’ਚ ਏ. ਡੀ. ਬੀ. ਨੇ ਕਿਹਾ ਕਿ ਚਾਲੂ ਮਾਲੀ ਸਾਲ ’ਚ ਬਰਾਮਦ ਪਹਿਲਾਂ ਦੇ ਅੰਦਾਜ਼ੇ ਤੋਂ ਵੱਧ ਰਹੇਗੀ, ਜਿਸ ਦਾ ਸਿਹਰਾ ਸੇਵਾਵਾਂ ਦੇ ਐਕਸਪੋਰਟ ’ਚ ਵਾਧੇ ਨੂੰ ਜਾਂਦਾ ਹੈ। ਹਾਲਾਂਕਿ ਏ. ਡੀ. ਬੀ. ਅਨੁਸਾਰ ਅਗਲੇ ਮਾਲੀ ਸਾਲ ’ਚ ਵਸਤੂਆਂ ਦਾ ਐਕਸਪੋਰਟ ਵਾਧਾ ਉਮੀਦ ਤੋਂ ਹੌਲਾ ਰਹੇਗਾ।
ਏ. ਡੀ. ਬੀ. ਨੇ ਕਿਹਾ,‘ਮਾਲੀ ਸਾਲ 2024 (ਮਾਲੀ ਸਾਲ 2024, 31 ਮਾਰਚ 2025 ਨੂੰ ਖਤਮ) ’ਚ ਜੀ. ਡੀ. ਪੀ. ਵਾਧਾ 7 ਫੀਸਦੀ ਅਤੇ ਮਾਲੀ ਸਾਲ 2025 ’ਚ 7.2 ਫੀਸਦੀ ਰਹਿਣ ਦੀ ਉਮੀਦ ਹੈ, ਦੋਵੇਂ ਹੀ ਅੰਦਾਜ਼ੇ ਅਪ੍ਰੈਲ 2024 ’ਚ ਅਗਾਊਂ ਅੰਦਾਜ਼ੇ ਦੇ ਅਨੁਸਾਰ ਹਨ।’ ਬੈਂਕ ਨੇ ਨਾਲ ਹੀ ਇਹ ਵੀ ਕਿਹ ਕਿ ਭਾਰਤ ਦੀਆਂ ਵਿਕਾਸ ਸੰਭਾਵਨਾਵਾਂ ਮਜ਼ਬੂਤ ਬਣੀਆਂ ਹੋਈਆਂ ਹਨ।
ਪਿਛਲੇ ਮਾਲੀ ਸਾਲ (2023-24) ’ਚ ਭਾਰਤੀ ਅਰਥਵਿਵਸਥਾ 8.2 ਫੀਸਦੀ ਵਧੀ ਸੀ। ਆਰ. ਬੀ. ਆਈ. ਨੇ ਚਾਲੂ ਮਾਲੀ ਸਾਲ ’ਚ 7.2 ਫੀਸਦੀ ਦੇ ਵਾਧੇ ਦਾ ਅੰਦਾਜ਼ਾ ਲਗਾਇਆ ਹੈ। ਇਸ ’ਚ ਕਿਹਾ ਗਿਆ ਹੈ ਕਿ ਮਾਲੀ ਸਾਲ 2024 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ’ਚ ਕੁਲ ਘਰੇਲੂ ਉਤਪਾਦ ਦਾ ਵਾਧਾ ਹੌਲਾ ਹੋ ਕੇ 6.7 ਫੀਸਦੀ ਹੋ ਗਿਆ ਪਰ ਖੇਤੀ ’ਚ ਸੁਧਾਰ ਅਤੇ ਉਦਯੋਗ ਤੇ ਸੇਵਾਵਾਂ ਲਈ ਕਾਫੀ ਹੱਦ ਤੱਕ ਮਜ਼ਬੂਤ ਦ੍ਰਿਸ਼ਟੀਕੋਨ ਦੇ ਨਾਲ ਆਉਣ ਵਾਲੀਆਂ ਤਿਮਾਹੀਆਂ ’ਚ ਇਸ ’ਚ ਤੇਜ਼ੀ ਆਉਣ ਦੀ ਉਮੀਦ ਹੈ।
ਏ. ਡੀ. ਬੀ. ਨੇ ਕਿਹਾ ਕਿ ਖਜ਼ਾਨਾ ਇਕਸੁਰਤਾ ਦੀਆਂ ਕੋਸ਼ਿਸ਼ਾਂ ਨਾਲ ਖਜ਼ਾਨੇ ਦਾ ਘਾਟਾ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਵੇਗਾ, ਜੋ ਮਜ਼ਬੂਤ ਮਾਲੀਆ ਪ੍ਰਾਪਤੀ ਤੇ ਸੁਚਾਰੂ ਚਾਲੂ ਖਰਚੇ ਨੂੰ ਦਰਸਾਉਂਦਾ ਹੈ। ਏਸ਼ੀਆਈ ਵਿਕਾਸ ਬੈਂਕ ਨੇ ਆਪਣੇ ਅੰਦਾਜ਼ੇ ’ਚ ਕਿਹਾ ਹੈ ਕਿ ਕਿਰਤੀਆਂ ਅਤੇ ਫਰਮਾਂ ਨੂੰ ਰੋਜ਼ਗਾਰ ਨਾਲ ਜੁੜੇ ਪ੍ਰੋਤਸਾਹਨ ਦੀ ਪੇਸ਼ਕਸ਼ ਕਰਨ ਵਾਲੇ ਹਾਲੀਆ ਨੀਤੀ ਐਲਾਨ ਨਾਲ ਕਿਰਤ ਮੰਗ ਨੂੰ ਉਤਸ਼ਾਹ ਮਿਲ ਸਕਦਾ ਹੈ ਅਤੇ ਮਾਲੀ ਸਾਲ 2025 ਤੋਂ ਰੋਜ਼ਗਾਰ ਸਿਰਜਨਾ ਨੂੰ ਉਤਸ਼ਾਹ ਮਿਲ ਸਕਦਾ ਹੈ।
Indogulf CropSciences ਨੇ SEBI ਕੋਲ IPO ਦਸਤਾਵੇਜ਼ ਕੀਤੇ ਦਾਇਰ
NEXT STORY