ਨਵੀਂ ਦਿੱਲੀ- ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਹਾਲ ਹੀ ’ਚ ਅੰਕੜੇ ਜਾਰੀ ਕਰ ਕੇ ਦੱਸਿਆ ਕਿ ਇਸ ਸਾਲ ਮਈ ’ਚ ਕ੍ਰੈਡਿਟ ਕਾਰਡ ਰਾਹੀਂ ਖਰਚ ਆਪਣੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਪ੍ਰਚੂਨ ਮੰਗ ਵਧਣ ਕਾਰਨ ਮਈ ’ਚ ਖਪਤਕਾਰਾਂ ਨੇ ਸਿਰਫ ਕ੍ਰੈਡਿਟ ਰਾਹੀਂ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਖਰਚ ਕੀਤਾ ਹੈ।
ਆਰ. ਬੀ. ਆਈ. ਦੇ ਹਵਾਲੇ ਤੋਂ ਦੱਸਿਆ ਗਿਆ ਕਿ ਪਿਛਲੇ ਸਾਲ ਦੀ ਮਈ ਦੇ ਮੁਕਾਬਲੇ ਕ੍ਰੈਡਿਟ ਕਾਰਡ ਦਾ ਖਰਚ ਇਸ ਸਾਲ ਦੁੱਗਣੇ ਤੋਂ ਵੀ ਜ਼ਿਆਦਾ ਰਿਹਾ ਹੈ। ਮਈ ’ਚ ਖਪਤਕਾਰਾਂ ਨੇ ਰਿਕਾਰਡ 1.14 ਲੱਖ ਕਰੋੜ ਰੁਪਏ ਕ੍ਰੈਡਿਟ ਕਾਰਡ ਰਾਹੀਂ ਖਰਚ ਕੀਤੇ। ਇਹ ਸਾਲਾਨਾ ਆਧਾਰ ’ਤੇ 118 ਫੀਸਦੀ ਦਾ ਵਾਧਾ ਹੈ ਜਦ ਕਿ ਮਾਸਿਕ ਆਧਾਰ ’ਤੇ 8 ਫੀਸਦੀ ਦਾ ਉਛਾਲ ਦਿਖਾਈ ਦੇ ਰਿਹਾ ਹੈ। ਮਹਾਮਾਰੀ ਅਤੇ ਮਹਿੰਗਾਈ ਵਰਗੀਆਂ ਚੁਣੌਤੀਆਂ ਦੇ ਦਬਾਅ ’ਚ ਵੀ ਕ੍ਰੈਡਿਟ ਕਾਰਡ ਦਾ ਵਧਦਾ ਖਰਚਾ ਅਰਥਵਿਵਸਥਾ ਲਈ ਸ਼ੁੱਭ ਸੰਕੇਤ ਦੇ ਰਿਹਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਰਿਟੇਲ ਅਰਥਵਿਵਸਥਾ ਮਜ਼ਬੂਤੀ ਨਾਲ ਵਧ ਰਹੀ ਹੈ ਅਤੇ ਖਪਤਕਾਰਾਂ ਦੀ ਖਪਤ ’ਚ ਵੀ ਤੇਜ਼ੀ ਨਾਲ ਸੁਧਾਰ ਆ ਰਿਹਾ ਹੈ।
ਆਰ. ਬੀ. ਆਈ. ਮੁਤਾਬਕ ਇਸ ਸਾਲ ਅਪ੍ਰੈਲ ’ਚ ਖਪਤਕਾਰਾਂ ਨੇ ਕ੍ਰੈਡਿਟ ਕਾਰਡ ਰਾਹੀਂ 1.05 ਲੱਖ ਕਰੋੜ ਰੁਪਏ ਖਰਚ ਕੀਤੇ ਸਨ ਜਦ ਕਿ ਪਿਛਲੇ ਸਾਲ ਮਈ ’ਚ ਇਹ ਖਰਚ ਸਿਰਫ 52,200 ਕਰੋੜ ਰੁਪਏ ਸੀ। ਅੰਕੜੇ ਦੱਸਦੇ ਹਨ ਕਿ ਕ੍ਰੈਡਿਟ ਕਾਰਡ ’ਤੇ ਖਰਚ ਵਧਣ ਕਾਰਨ ਉਸ ਦੇ ਬਕਾਏ ’ਚ ਵੀ ਵਾਧਾ ਹੋ ਰਿਹਾ ਹੈ। ਮਈ ’ਚ ਕ੍ਰੈਡਿਟ ਕਾਰਡ ਦਾ ਕੁੱਲ ਬਕਾਇਆ ਸਾਲਾਨਾ ਆਧਾਰ ’ਤੇ 23.2 ਫੀਸਦੀ ਵਧ ਗਿਆ ਹੈ।
ਨਿੱਜੀ ਬੈਂਕਾਂ ਨੇ ਮਾਰੀ ਬਾਜ਼ੀ
ਆਰ. ਬੀ. ਆਈ. ਦੀ ਰਿਪੋਰਟ ਮੁਤਾਬਕ ਕ੍ਰੈਡਿਟ ਕਾਰਡ ਰਾਹੀਂ ਖਰਚ ਨੂੰ ਲੈ ਕੇ ਸਭ ਤੋਂ ਜ਼ਿਆਦਾ ਵਾਧਾ ਨਿੱਜੀ ਬੈਂਕਾਂ ਨੇ ਕਰਵਾਇਆ ਹੈ। ਇੰਡਸਇੰਡ ਬੈਂਕ ਦੇ ਕ੍ਰੈਡਿਟ ਕਾਰਡ ਖਰਚ ’ਚ 17 ਫੀਸਦੀ ਦਾ ਵਾਧਾ ਹੋਇਆ ਹੈ ਜਦ ਕਿ ਕੋਟਕ ਮਹਿੰਦਰਾ ਬੈਂਕ ਦੇ ਖਰਚੇ ’ਚ 15 ਫੀਸਦੀ ਦਾ ਵਾਧਾ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਹੋਰ ਬੈਂਕਾਂ ਦੇ ਕ੍ਰੈਡਿਟ ਖਰਚੇ ’ਚ 4-9 ਫੀਸਦੀ ਦਾ ਵਾਧਾ ਹੋਇਆ ਹੈ। ਅਮਰੀਕਨ ਐਕਸਪ੍ਰੈੱਸ ਦੇ ਕ੍ਰੈਡਿਟ ਕਾਰਡ ਖਰਚੇ ’ਚ 2 ਫੀਸਦੀ ਦਾ ਨੁਕਸਾਨ ਦੇਖਿਆ ਗਿਆ ਹੈ।
ਐੱਚ. ਡੀ. ਐੱਫ. ਸੀ. ਨੇ ਜੋੜੇ ਸਭ ਤੋਂ ਵੱਧ ਗਾਹਕ
ਮਈ ’ਚ ਸਭ ਤੋਂ ਵੱਧ ਗਾਹਕ ਐੱਚ. ਡੀ. ਐੱਫ. ਸੀ. ਬੈਂਕ ਨੇ ਜੋੜੇ ਹਨ। ਬੈਂਕ ਦੇ ਨਵੇਂ ਗਾਹਕਾਂ ਦੀ ਗਿਣਤੀ 38 ਹਜ਼ਾਰ ਪਹੁੰਚ ਗਈ ਹੈ। ਬਾਜ਼ਾਰ ’ਚ ਕ੍ਰੈਡਿਟ ਕਾਰਡ ਰਾਹੀਂ ਹੋਣ ਵਾਲੇ ਕੁੱਲ ਖਰਚੇ ’ਚ ਐੱਚ. ਡੀ. ਐੱਫ. ਸੀ. ਬੈਂਕ ਦੀ ਹਿੱਸੇਦਾਰੀ 27.7 ਫੀਸਦੀ ਹੈ ਜੋ ਅਪ੍ਰੈਲ ’ਚ 27.6 ਫੀਸਦੀ ਅਤੇ ਪਿਛਲੇ ਸਾਲ ਮਾਰਚ ’ਚ 26.6 ਫੀਸਦੀ ਹੈ। ਮਈ ’ਚ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਖਰਚੇ ’ਚ ਗਿਰਾਵਟ ਦਰਜ ਕੀਤੀ ਗਈ ਹੈ, ਜਦ ਕਿ ਹੋਰ ਬੈਂਕਾਂ ’ਚ ਤੇਜ਼ੀ ਨਜ਼ਰ ਆਈ ਸੀ।
ਰੁਪਿਆ 11 ਪੈਸੇ ਟੁੱਟ ਕੇ 78.96 ਦੇ ਰਿਕਾਰਡ ਲੋਅ 'ਤੇ
NEXT STORY