ਬਿਜ਼ਨੈੱਸ ਡੈਸਕ – ਰੁਪਏ ਵਿਚ ਲਗਾਤਾਰ ਆ ਰਹੀ ਗਿਰਾਵਟ ਨੇ ਵਿਦੇਸ਼ ਵਿਚ ਪੜ੍ਹਾਈ ਦਾ ਸੁਪਨਾ ਦੇਖਣ ਵਾਲੇ ਭਾਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਵਧ ਰਹੀ ਫੀਸ, ਰਹਿਣ ਦੇ ਵਧਦੇ ਖਰਚੇ ਅਤੇ ਵੀਜ਼ਾ ਫੀਸ ਵਿਚ ਵਾਧੇ ਕਾਰਨ ਹੁਣ ਵਿਦਿਆਰਥੀ ਰਵਾਇਤੀ ਦੇਸ਼ਾਂ ਦੀ ਬਜਾਏ ਘੱਟ ਖਰਚੇ ਵਾਲੇ ਆਪਸ਼ਨਜ਼ ਵੱਲ ਰੁਖ਼ ਕਰ ਰਹੇ ਹਨ। ਕਈ ਵਿਦਿਆਰਥੀ ਆਪਣੇ ਦਾਖਲੇ ਟਾਲ ਰਹੇ ਹਨ, ਜਦੋਂਕਿ ਕੁਝ ਨੇ ਵਿਦੇਸ਼ ਵਿਚ ਪੜ੍ਹਨ ਦੀ ਯੋਜਨਾ ਹੀ ਬਦਲ ਦਿੱਤੀ ਹੈ।
ਵਿਦਿਆਰਥੀਆਂ ਸਾਹਮਣੇ ਸੰਕਟ–
ਫਰਾਂਸ ਦੇ ਇਕ ਬਿਜ਼ਨੈੱਸ ਸਕੂਲ ਵਿਚ ਦਾਖਲਾ ਲੈਣ ਵਾਲੀ ਇਕ ਵਿਦਿਆਰਥਣ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਪਹਿਲਾਂ ਹੀ ਯੂਰੋ ਵਿਚ ਰਕਮ ਬਦਲਵਾ ਲਈ ਸੀ ਤਾਂ ਜੋ ਯੂਨੀਵਰਸਿਟੀ ਦੀ 875 ਯੂਰੋ ਦੀ ਜਮ੍ਹਾ ਰਾਸ਼ੀ ਸਮੇਂ ਸਿਰ ਜਮ੍ਹਾ ਕਰਵਾਈ ਜਾ ਸਕੇ। ਇਸ ਦੇ ਬਾਵਜੂਦ ਹੁਣ ਉਨ੍ਹਾਂ ਨੂੰ ਰਹਿਣ ਅਤੇ ਅੱਗੇ ਦੀ ਫੀਸ ਦੇ ਵਧੇ ਹੋਏ ਖਰਚੇ ਦੀ ਚਿੰਤਾ ਸਤਾਉਣ ਲੱਗੀ ਹੈ। ਰਾਹਤ ਹਾਸਲ ਕਰਨ ਲਈ ਉਹ ਜੂਨ ਵਿਚ ਹੋਣ ਵਾਲੀ ਸਕਾਲਰਸ਼ਿਪ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ।
10 ਤੋਂ 25 ਫੀਸਦੀ ਤੱਕ ਵਧਿਆ ਖਰਚਾ
ਕਰੀਅਰ ਕੌਂਸਲਰਾਂ ਅਤੇ ਸਟੱਡੀ ਐਬਰੌਡ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ 2-3 ਸਾਲਾਂ ਵਿਚ ਵਿਦੇਸ਼ੀ ਸਿੱਖਿਆ ਦਾ ਕੁੱਲ ਖਰਚਾ 15 ਤੋਂ 25 ਫੀਸਦੀ ਤੱਕ ਵਧ ਗਿਆ ਹੈ। ਇਸ ਦੇ ਪਿੱਛੇ ਰੁਪਏ ਦੀ ਕਮਜ਼ੋਰੀ, ਮਹਿੰਗੀ ਰਿਹਾਇਸ਼, ਵਧਦੀ ਜੀਵਨ ਪੱਧਰ ਦੀ ਲਾਗਤ ਅਤੇ ਵੀਜ਼ਾ ਫੀਸ ਮੁੱਖ ਕਾਰਨ ਹਨ। ਖਾਸ ਤੌਰ ’ਤੇ ਅਮਰੀਕਾ, ਬ੍ਰਿਟੇਨ, ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਪੜ੍ਹਾਈ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹਿੰਗੀ ਹੋ ਗਈ ਹੈ।
ਮਾਹਿਰਾਂ ਅਨੁਸਾਰ ਮਈ 2025 ਤੋਂ ਮਈ 2026 ਦਰਮਿਆਨ ਡਾਲਰ ਦੇ ਮੁਕਾਬਲੇ ਰੁਪਇਆ ਮਿਡ-80 ਦੇ ਪੱਧਰ ਤੋਂ ਡਿੱਗ ਕੇ ਮਿਡ-90 ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਪੌਂਡ ਤੇ ਯੂਰੋ ਦੇ ਮੁਕਾਬਲੇ ਵੀ ਰੁਪਏ ਵਿਚ ਕਮਜ਼ੋਰੀ ਦਰਜ ਕੀਤੀ ਗਈ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸਿੱਖਿਆ ਲਈ ਭੇਜੀ ਜਾਣ ਵਾਲੀ ਰਕਮ ਵਿਚ ਵੀ ਗਿਰਾਵਟ ਆਈ ਹੈ, ਜੋ ਵਿਦਿਆਰਥੀਆਂ ਅਤੇ ਪਰਿਵਾਰਾਂ ਦੀ ਚੌਕਸੀ ਨੂੰ ਦਰਸਾਉਂਦੀ ਹੈ।
ਯੂਰਪ ਬਣਿਆ ਨਵਾਂ ਪਸੰਦੀਦਾ ਆਪਸ਼ਨ
ਮਹਿੰਗੇ ਰਵਾਇਤੀ ਦੇਸ਼ਾਂ ਤੋਂ ਦੂਰੀ ਬਣਾਉਂਦੇ ਹੋਏ ਹੁਣ ਵਿਦਿਆਰਥੀ ਜਰਮਨੀ, ਆਇਰਲੈਂਡ, ਫਰਾਂਸ, ਨੀਦਰਲੈਂਡ, ਦੁਬਈ ਤੇ ਨਿਊਜ਼ੀਲੈਂਡ ਵਰਗੇ ਮੁਕਾਬਲਤਨ ਸਸਤੇ ਆਪਸ਼ਨਜ਼ ਵੱਲ ਆਕਰਸ਼ਿਤ ਹੋ ਰਹੇ ਹਨ। ਏ. ਆਈ. ਆਧਾਰਤ ਸਟੱਡੀ ਪਲੇਟਫਾਰਮਾਂ ਦੇ ਅੰਕੜਿਆਂ ਅਨੁਸਾਰ ਜਰਮਨੀ ਪ੍ਰਤੀ ਵਿਦਿਆਰਥੀਆਂ ਦੀ ਦਿਲਚਸਪੀ ਵਿਚ 73 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂਕਿ ਕੈਨੇਡਾ, ਬ੍ਰਿਟੇਨ ਤੇ ਅਮਰੀਕਾ ਪ੍ਰਤੀ ਰੁਝਾਨ ਵਿਚ ਕਮੀ ਆਈ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜਰਮਨੀ ਵਿਚ ਪੜ੍ਹਾਈ ਕਰਨ ’ਤੇ ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਦੀ ਤੁਲਨਾ ਵਿਚ 52 ਤੋਂ 92 ਲੱਖ ਰੁਪਏ ਤੱਕ ਦੀ ਬਚਤ ਹੋ ਸਕਦੀ ਹੈ। ਇਹੀ ਵਜ੍ਹਾ ਹੈ ਕਿ ਹੁਣ ਅਮਰੀਕਾ ਕਈ ਵਿਦਿਆਰਥੀਆਂ ਲਈ ਪਹਿਲੀ ਪਸੰਦ ਨਹੀਂ ਸਗੋਂ ‘ਦੂਜਾ ਆਪਸ਼ਨ’ ਬਣਦਾ ਜਾ ਰਿਹਾ ਹੈ।
ਸਕਾਲਰਸ਼ਿਪ ਤੇ ਐਜੂਕੇਸ਼ਨ ਲੋਨ ’ਤੇ ਵਧੀ ਨਿਰਭਰਤਾ
ਦਿੱਲੀ ਦੀ ਇਕ ਵਿਦਿਆਰਥਣ ਜੋ ਮਾਰਕੀਟਿੰਗ ਵਿਚ ਮਾਸਟਰਜ਼ ਲਈ ਅਪਲਾਈ ਕਰ ਰਹੀ ਹੈ, ਨੇ ਦੱਸਿਆ ਕਿ ਉਸ ਨੇ ਕੈਨੇਡਾ ਛੱਡ ਕੇ ਜਰਮਨੀ ਤੇ ਨੀਦਰਲੈਂਡ ਵਰਗੇ ਆਪਸ਼ਨਜ਼ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਰੁਪਏ ਦੀ ਗਿਰਾਵਟ ਕਾਰਨ ਹਰ ਮਹੀਨੇ ਬਜਟ ਬਦਲ ਰਿਹਾ ਹੈ ਅਤੇ ਹੁਣ ਸਕਾਲਰਸ਼ਿਪ ਇਕ ਲੋੜ ਬਣ ਚੁੱਕੀ ਹੈ। ਪਰਿਵਾਰ ਵੀ ਹੁਣ ਪਹਿਲਾਂ ਨਾਲੋਂ ਕਾਫ਼ੀ ਜਲਦੀ ਐਜੂਕੇਸ਼ਨ ਲੋਨ ਤੇ ਵਿੱਤੀ ਯੋਜਨਾਬੰਦੀ ਸ਼ੁਰੂ ਕਰ ਰਹੇ ਹਨ ਤਾਂ ਜੋ ਅਚਾਨਕ ਵਧਣ ਵਾਲੇ ਖਰਚਿਆਂ ਦਾ ਸਾਹਮਣਾ ਕੀਤਾ ਜਾ ਸਕੇ।
ਏ. ਆਈ. ਤੇ ਟੈੱਕ ਕੋਰਸਾਂ ਦੀ ਵਧੀ ਮੰਗ
ਵਿਦੇਸ਼ੀ ਪੜ੍ਹਾਈ ਲਈ ਕੋਰਸ ਦੀ ਚੋਣ ਵਿਚ ਵੀ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਫਾਇਨਾਂਸ, ਬਿਜ਼ਨੈੱਸ ਐਡਮਿਨਿਸਟ੍ਰੇਸ਼ਨ, ਸਪਲਾਈ ਚੇਨ ਅਤੇ ਇੰਜੀਨੀਅਰਿੰਗ ਮੈਨੇਜਮੈਂਟ ਵਰਗੇ ਕੋਰਸਾਂ ਵਿਚ ਵਿਦਿਆਰਥੀਆਂ ਦੀ ਦਿਲਚਸਪੀ ਤੇਜ਼ੀ ਨਾਲ ਘਟੀ ਹੈ।
ਮਾਹਿਰਾਂ ਅਨੁਸਾਰ ਇਹ ਅਜਿਹੇ ਕੋਰਸ ਹਨ, ਜਿਨ੍ਹਾਂ ਦੀ ਲਾਗਤ ਜ਼ਿਆਦਾ ਹੈ ਅਤੇ ਨਿਵੇਸ਼ ’ਤੇ ਰਿਟਰਨ ਨੂੰ ਲੈ ਕੇ ਹੁਣ ਵਿਦਿਆਰਥੀ ਜ਼ਿਆਦਾ ਚੌਕਸ ਹੋ ਗਏ ਹਨ। ਇਸ ਤੋਂ ਉਲਟ ਡਾਟਾ ਸਾਇੰਸ, ਆਰਟੀਫੀਸ਼ੀਅਲ ਇੰਟੈਲੀਜੈਂਸ, ਸਾਈਬਰ ਸਕਿਓਰਿਟੀ, ਸੈਮੀਕੰਡਕਟਰ ਅਤੇ ਹੋਰ ਤਕਨੀਕ ਆਧਾਰਤ ਕੋਰਸਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਵਿਦਿਆਰਥੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਖੇਤਰਾਂ ਵਿਚ ਨੌਕਰੀ ਤੇ ਤਨਖਾਹ ਦੀਆਂ ਸੰਭਾਵਨਾਵਾਂ ਬਿਹਤਰ ਹਨ, ਜਿਸ ਨਾਲ ਵਿਦੇਸ਼ੀ ਸਿੱਖਿਆ ’ਤੇ ਹੋਣ ਵਾਲਾ ਭਾਰੀ ਖਰਚਾ ਭਵਿੱਖ ਵਿਚ ਵਸੂਲ ਕੀਤਾ ਜਾ ਸਕਦਾ ਹੈ।
ਹੁਣ ਨਹੀਂ ਖੋਹਿਆ ਜਾਵੇਗਾ ਤੁਹਾਡਾ LPG ਕੁਨੈਕਸ਼ਨ! PNG ਲੈਣ ਵਾਲਿਆਂ ਲਈ ਜਾਰੀ ਹੋਏ ਨਵੇਂ ਨਿਯਮ
NEXT STORY