ਨਵੀਂ ਦਿੱਲੀ — ਭਾਰਤੀ ਉਦਯੋਗ ਜਗਤ ਦੇ ਮੁੱਖ ਅਧਿਕਾਰੀਆਂ ਨੂੰ ਉਮੀਦ ਹੈ ਕਿ ਸੁਸਤ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਨੀਵਾਰ ਨੂੰ ਪੇਸ਼ ਹੋਣ ਵਾਲੇ ਆਮ ਬਜਟ ਵਿਚ ਆਮਦਨ ਟੈਕਸ 'ਚ ਕਟੌਤੀ, ਪੇਂਡੂ ਬੁਨਿਆਦੀ ਢਾਂਚੇ 'ਤੇ ਖਰਚ ਵਧਾਉਣ ਅਤੇ ਰੁਜ਼ਗਾਰ ਪੈਦਾ ਕਰਨ ਦੇ ਉਪਾਅ ਦੀ ਘੋਸ਼ਣਾ ਕਰ ਸਕਦੇ ਹਨ। ਕਾਰਪੋਰੇਟ ਜਗਤ ਦੀ ਰਾਏ ਲੈਣ ਲਈ ਇਸ ਹਫਤੇ ਦੇਸ਼ ਭਰ ਦੇ 25 ਮੁੱਖ ਕਾਰਜਕਾਰੀ ਅਧਿਕਾਰੀਆਂ ਵਿਚਕਾਰ ਇਕ ਸਰਵੇਖਣ ਕਰਵਾਇਆ ਗਿਆ। ਇਨ੍ਹਾਂ ਵਿਚੋਂ ਬਹੁਤਿਆਂ ਨੇ ਉਮੀਦ ਜ਼ਾਹਰ ਕੀਤੀ ਕਿ ਬਜਟ 'ਚ ਅਰਥ ਵਿਵਸਥਾ ਨੂੰ ਗਤੀ ਦੇਣ ਦੇ ਉਪਾਵਾਂ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ।
ਸਰਵੇਖਣ 'ਚ ਸ਼ਾਮਲ 56 ਫੀਸਦੀ ਸੀ.ਈ.ਓ. ਨੇ ਕਿਹਾ ਕਿ ਉਹ 'ਲੋਕਪ੍ਰਿਅ' ਬਜਟ ਦੀ ਉਮੀਦ ਕਰ ਰਹੇ ਹਨ ਤਾਂ ਜੋ ਖਪਤ ਵਧ ਸਕੇ। ਜ਼ਿਆਦਾਤਰ ਸੀ.ਈ.ਓ. (88 ਪ੍ਰਤੀਸ਼ਤ) ਨੇ ਉਮੀਦ ਜ਼ਾਹਰ ਕੀਤੀ ਹੈ ਕਿ ਸਰਕਾਰ ਅਰਥ ਵਿਵਸਥਾ ਨੂੰ ਉਤਸ਼ਾਹਤ ਕਰਨ ਲਈ ਪੇਂਡੂ ਬੁਨਿਆਦੀ ਢਾਂਚੇ 'ਤੇ ਖਰਚ ਵਧਾਉਣ ਵਰਗੇ ਕਦਮ ਚੁੱਕੇਗੀ। ਦਿੱਲੀ ਦੀ ਇਕ ਕੰਪਨੀ ਦੇ ਸੀ.ਈ.ਓ. ਨੇ ਕਿਹਾ, 'ਸਰਕਾਰ ਨੂੰ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਪੇਂਡੂ ਮੰਗ ਵਿਚ ਸੁਧਾਰ ਲਿਆਉਣ ਲਈ ਯਕੀਨੀ ਤੌਰ 'ਤੇ ਕਦਮ ਚੁੱਕਣੇ ਚਾਹੀਦੇ ਹਨ।' ਸਰਵੇਖਣ ਵਿਚ ਸ਼ਾਮਲ ਤਕਰੀਬਨ ਅੱਧੇ ਭਾਗੀਦਾਰਾਂ ਦਾ ਕਹਿਣਾ ਸੀ ਕਿ ਕੁੱਲ ਘਰੇਲੂ ਉਤਪਾਦ(ਜੀ.ਡੀ.ਪੀ.) ਦੀ ਵਾਧਾ ਦਰ ਨੂੰ ਘੱਟ ਕਰਨ ਦੀ ਉਮੀਦ ਨਹੀਂ ਹੈ ਜਦੋਂਕਿ 24 ਫੀਸਦੀ ਹਿੱਸਾ ਲੈਣ ਵਾਲਿਆਂ ਨੇ ਇਸ ਨੂੰ ਹੋਰ ਘਟਾਏ ਜਾਣ ਦੀ ਗੱਲ ਕਹੀ।
ਲਗਭਗ 80 ਫੀਸਦੀ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਸਰਕਾਰ ਖਪਤਕਾਰਾਂ ਦੇ ਖਰਚਿਆਂ ਨੂੰ ਵਧਾਉਣ ਲਈ ਆਮਦਨ ਟੈਕਸ ਦਰਾਂ 'ਚ ਕਟੌਤੀ ਕਰ ਸਕਦੀ ਹੈ। ਹਾਲ ਹੀ ਦੇ ਮਹੀਨਿਆਂ 'ਚ ਇਹ ਵੇਖਿਆ ਗਿਆ ਹੈ ਕਿ ਗਾਹਕ ਨਵੀਆਂ ਕਾਰਾਂ ਅਤੇ ਮਕਾਨ ਨਹੀਂ ਖਰੀਦ ਰਹੇ ਕਿਉਂਕਿ ਉਹ ਆਪਣੇ ਭਵਿੱਖ ਬਾਰੇ ਚਿੰਤਤ ਹਨ। ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਕਿਹਾ ਕਿ ਆਮਦਨ ਟੈਕਸ ਦੀ ਦਰ 'ਚ ਕਟੌਤੀ ਕਰਨ ਨਾਲ ਟੈਕਸਦਾਤਿਆਂ ਦੇ ਹੱਥਾਂ 'ਚ ਵਾਧੂ ਪੈਸੇ ਦੀ ਬਚਤ ਹੋਵੇਗੀ, ਜਿਸ ਨਾਲ ਖਪਤਕਾਰਾਂ ਦੇ ਖਰਚਿਆਂ ਨੂੰ ਸੁਧਾਰਨ 'ਚ ਮਦਦ ਮਿਲੇਗੀ ਅਤੇ ਉਨ੍ਹਾਂ ਦੇ ਮਨੋਬਲ ਨੂੰ ਵੀ ਹੁਲਾਰਾ ਮਿਲੇਗਾ। ਹਾਲਾਂਕਿ 56 ਪ੍ਰਤੀਸ਼ਤ ਸੀ.ਈ.ਓ. ਆਸ ਕਰ ਰਹੇ ਹਨ ਕਿ ਅਮੀਰ ਲੋਕਾਂ 'ਤੇ ਟੈਕਸ ਦੀ ਦਰ ਵਧਾਈ ਜਾ ਸਕਦੀ ਹੈ।
ਸਰਵੇਖਣ 'ਚ ਸ਼ਾਮਲ ਲਗਭਗ 84 ਫੀਸਦੀ ਸੀ.ਈ.ਓ. ਨੇ ਕਿਹਾ ਕਿ ਉਹ ਸ਼ਨੀਵਾਰ ਨੂੰ ਪੇਸ਼ ਕੀਤੇ ਗਏ ਬਜਟ ਵਿੱਚ ਰੁਜ਼ਗਾਰ ਪੈਦਾ ਕਰਨ ਲਈ ਕਈ ਐਲਾਨ ਕਰਨ ਦੀ ਉਮੀਦ ਕਰਦੇ ਹਨ। ਕੋਲਕਾਤਾ ਦੀ ਇਕ ਕੰਪਨੀ ਦੇ ਸੀ.ਈ.ਓ. ਨੇ ਕਿਹਾ, 'ਜੇ ਭਾਰਤ 2025 ਤੱਕ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਨ ਦਾ ਟੀਚਾ ਹਾਸਲ ਕਰਨਾ ਚਾਹੁੰਦਾ ਹੈ ਤਾਂ ਇਸ ਲਈ ਨੌਕਰੀ ਪੈਦਾ ਕਰਨ 'ਤੇ ਵਧੇਰੇ ਜ਼ੋਰ ਦੇਣ ਦੀ ਲੋੜ ਪਵੇਗੀ।'
ਮੁੱਖ ਅਧਿਕਾਰੀਆਂ ਵਲੋਂ ਵਿਦੇਸ਼ੀ ਨਿਵੇਸ਼ਕਾਂ ਦੀ ਧਾਰਨਾ ਨੂੰ ਮਜ਼ਬੂਤ ਕਰਨ ਲਈ ਬਜਟ ਵਿਚ ਕਈ ਐਲਾਨ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। ਵਿਦੇਸ਼ੀ ਨਿਵੇਸ਼ਕ ਬੜੀ ਬੇਸਬਰੀ ਨਾਲ ਨਿਵੇਸ਼ ਦੇ ਫੈਸਲਿਆਂ ਲਈ ਬਜਟ ਦੀ ਉਡੀਕ ਕਰ ਰਹੇ ਹਨ। ਤਿੰਨ-ਚੌਥਾਈ 000 ਵਿਸ਼ਵਾਸ ਕਰਦੇ ਹਨ ਕਿ ਬਜਟ ਵਿਦੇਸ਼ੀ ਨਿਵੇਸ਼ਕਾਂ ਲਈ ਕਈ ਆਕਰਸ਼ਕ ਐਲਾਨ ਕਰੇਗਾ। ਇਕ ਸਟੀਲ ਕੰਪਨੀ ਦੇ ਸੀਈਓ ਨੇ ਕਿਹਾ, 'ਵਿਦੇਸ਼ੀ ਨਿਵੇਸ਼ਕ ਜ਼ਿਆਦਾ ਉਮੀਦ ਕਰ ਰਹੇ ਹਨ। ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਚਿੰਤਾਵਾਂ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਭਾਰਤੀ ਨਿਆਂ ਪ੍ਰਣਾਲੀ ਵੀ ਬਹੁਤ ਸੁਸਤ ਹੈ।'
ਸੋਨਾ 175 ਰੁਪਏ ਟੁੱਟਿਆ, ਚਾਂਦੀ 1750 ਰੁਪਏ ਫਿਸਲੀ
NEXT STORY