ਮੁੰਬਈ- ਡੀ-ਮਾਰਟ ਨੇ ਵਿੱਤੀ ਸਾਲ 2020-21 ਦੀ ਮਾਰਚ ਤਿਮਾਹੀ ਵਿਚ 414 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਹੈ, ਜੋ ਕਿ ਇਕ ਸਾਲ ਪਹਿਲਾਂ ਦੀ ਤਿਮਾਹੀ ਵਿਚ ਦਰਜ 271 ਕਰੋੜ ਰੁਪਏ ਨਾਲੋਂ 52.7 ਫ਼ੀਸਦੀ ਵੱਧ ਹੈ। ਸੰਚਾਲਨ ਤੋਂ ਕਪਨੀ ਦਾ ਮਾਲੀਆ 18 ਫ਼ੀਸਦੀ ਵੱਧ ਕੇ 7,411.6 ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਸਾਲ ਪਹਿਲਾਂ ਇਸੇ ਦੌਰਾਨ 6,256 ਕਰੋੜ ਰੁਪਏ ਰਿਹਾ ਸੀ। ਸ਼ੁੱਕਰਵਾਰ ਨੂੰ ਬੀ. ਐੱਸ. ਈ. 'ਤੇ ਕੰਪਨੀ ਦਾ ਸ਼ੇਅਰ 0.37 ਫ਼ੀਸਦੀ ਚੜ੍ਹ ਕੇ 2,888.75 ਰੁਪਏ 'ਤੇ ਬੰਦ ਹੋਇਆ ਹੈ।
ਕੰਪਨੀ ਦਾ EBITDA ਇਸ ਤਿਮਾਹੀ ਵਿਚ 613 ਕਰੋੜ ਰੁਪਏ ਰਿਹਾ, ਜੋ ਸਾਲ ਪਹਿਲਾਂ ਦੀ ਇਸੇ ਤਿਮਾਹੀ ਦੇ 417 ਕਰੋੜ ਰੁਪਏ ਦੇ ਮੁਕਾਬਲੇ 47 ਫ਼ੀਸਦੀ ਜ਼ਿਆਦਾ ਹੈ। ਉੱਥੇ ਹੀ, EBITDA ਮਾਰਜਨ 8.3 ਫ਼ੀਸਦੀ ਰਿਹਾ, ਜੋ ਵਿੱਤੀ ਸਾਲ 2019-20 ਦੀ ਇਸੇ ਤਿਮਾਹੀ ਵਿਚ 6.7 ਫ਼ੀਸਦੀ ਸੀ।
ਡੀ-ਮਾਰਟ ਨੇ ਨਤੀਜੇ ਜਾਰੀ ਕਰਨ ਦੇ ਨਾਲ ਹੀ ਸਟੋਰਾਂ ਦੇ ਕਾਰੋਬਾਰ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਕੰਪਨੀ ਨੇ ਕਿਹਾ ਕਿ ਕੋਵਿਡ-19 ਪਾਬੰਦੀਆਂ ਦੀ ਵਜ੍ਹਾ ਨਾਲ ਮਾਰਚ 2021 ਤੋਂ ਕੰਮਕਾਰ ਪ੍ਰਭਾਵਿਤ ਹੋ ਰਿਹਾ ਹੈ। 80 ਫ਼ੀਸਦੀ ਸਟੋਰ ਬਹੁਤ ਘੱਟ ਸਮੇਂ ਲਈ ਖੁੱਲ੍ਹ ਰਹੇ ਹਨ (ਰੋਜ਼ਾਨਾ ਚਾਰ ਘੰਟਿਆਂ ਤੋਂ ਵੱਧ ਨਹੀਂ)। ਇੱਥੋਂ ਤੱਕ ਕਿ ਹਫ਼ਤੇ ਭਰ ਕੰਮ ਬੰਦ ਵੀ ਰੱਖਣਾ ਪੈ ਰਿਹਾ ਹੈ ਅਤੇ ਕਈ ਵਾਰ ਵੀਕੈਂਡ 'ਤੇ ਬੰਦ ਹੁੰਦੇ ਹਨ। ਇਹ ਬੰਦ ਹੋਣ ਨਾਲ ਸਾਡੇ ਮਾਲੀਏ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਕੰਪਨੀ ਦੀ ਕਾਰਗੁਜ਼ਾਰੀ 'ਤੇ ਟਿੱਪਣੀ ਕਰਦਿਆਂ ਸੀ. ਈ. ਓ. ਅਤੇ ਐੱਮ. ਡੀ. ਨੇਵਿਲ ਨੋਰੋਨਹਾ ਨੇ ਕਿਹਾ, ''ਵਿੱਤੀ ਸਾਲ 2021 ਸਾਡੇ ਕਾਰੋਬਾਰ ਲਈ ਚੁਣੌਤੀ ਭਰਪੂਰ ਸਾਲ ਰਿਹਾ। ਮਈ 2020 ਤੋਂ ਬਾਅਦ ਇਕਨੋਮੀ ਖੁੱਲ੍ਹਣੀ ਸ਼ੁਰੂ ਹੋਈ ਅਤੇ ਦੂਜੀ ਛਿਮਾਹੀ ਰਿਕਵਰੀ ਵੱਲ ਵਧ ਰਹੀ ਸੀ ਪਰ ਵਿੱਤੀ ਸਾਲ 2021 ਦੇ ਅੰਤ ਤੱਕ ਦੇਸ਼ ਵਿਚ ਦੂਜੀ ਲਹਿਰ ਨੇ ਚਿੰਤਾ ਖੜ੍ਹੀ ਕਰ ਦਿੱਤੀ। ਇਕ ਵਾਰ ਫਿਰ ਸਾਡੇ ਕਾਰੋਬਾਰ ਵਿਚ ਵਿਘਨ ਪਿਆ ਹੈ ਕਿਉਂਕਿ ਕਈ ਸ਼ਹਿਰਾਂ ਅਤੇ ਕਸਬਿਆਂ ਨੇ ਪਾਬੰਦੀਆਂ ਦਾ ਐਲਾਨ ਕੀਤਾ ਹੈ।"
ਬਿਲ ਗੇਟਸ ਤੋਂ ਤਲਾਕ ਲੈਂਦੇ ਹੀ ਅਰਬਪਤੀ ਬਣੀ ਮੇਲਿੰਡਾ ਗੇਟਸ
NEXT STORY