ਵਾਰਾਣਸੀ (ਭਾਸ਼ਾ) - ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੁਨੀਆ ਦਾ ਤੀਜਾ ਵੱਡਾ ਊਰਜਾ ਖਪਤਕਾਰ ਦੇਸ਼ ਭਾਰਤ ਆਪਣੀ ਊਰਜਾ ਸੁਰੱਖਿਆ ਅਤੇ ਤਬਦੀਲੀ ਲਈ ਘਰੇਲੂ ਪੱਧਰ ’ਤੇ ਤੇਲ ਅਤੇ ਗੈਸ ਉਤਪਾਦਨ ਵਧਾਉਣ ਦੇ ਨਾਲ-ਨਾਲ ਬਦਲਵੇਂ ਊਰਜਾ ਸਰੋਤਾਂ ਨੂੰ ਤੇਜ਼ੀ ਨਾਲ ਅਪਣਾ ਰਿਹਾ ਹੈ। ਵਾਰਾਣਸੀ ਦੇ ਮਸ਼ਹੂਰ ਗੰਗਾ ਘਾਟ ’ਤੇ ਚੱਲਣ ਵਾਲੀਆਂ ਕਿਸ਼ਤੀਆਂ ਨੂੰ ਸੀ. ਐੱਨ. ਜੀ.-ਸੰਚਾਲਿਤ ਬਣਾਏ ਜਾਣ ਨਾਲ ਸਬੰਧਤ ਇਕ ਸਮਾਗਮ ’ਚ ਸ਼ਿਰਕਤ ਕਰਨ ਪਹੁੰਚੇ ਪੁਰੀ ਨੇ ਕਿਹਾ ਕਿ ਅਗਲੇ 2 ਦਹਾਕਿਆਂ ’ਚ ਆਉਣ ਵਾਲੀ ਕੌਮਾਂਤਰੀ ਊਰਜਾ ਦੀ ’ਚ ਇਕ ਚੌਥਾਈ ਹਿੱਸਾ ਇਕੱਲੇ ਭਾਰਤ ਦਾ ਰਹਿਣ ਦੀ ਸੰਭਾਵਨਾ ਹੈ। ਫਿਲਹਾਲ ਭਾਰਤ ਆਪਣੀ 85 ਫੀਸਦੀ ਤੇਲ ਜ਼ਰੂਰਤ ਅਤੇ 50 ਫੀਸਦੀ ਗੈਸ ਜ਼ਰੂਰਤ ਨੂੰ ਦਰਾਮਦ ਰਾਹੀਂ ਪੂਰੀ ਕਰਦਾ ਹੈ। ਅਜਿਹੀ ਸਥਿਤੀ ’ਚ ਭਾਰਤ ਨੂੰ ਤੇਲ-ਗੈਸ ਦਰਾਮਦ ’ਤੇ ਵਿਦੇਸ਼ੀ ਕਰੰਸੀ ਦਾ ਵੱਡਾ ਹਿੱਸਾ ਖਰਚ ਕਰਨਾ ਪੈਂਦਾ ਹੈ। ਇਸ ਨਿਰਭਰਤਾ ਨੂੰ ਘੱਟ ਕਰਨ ਲਈ ਭਾਰਤ ਨੇ ਗੰਨੇ ਦੇ ਰਸ ਤੋਂ ਬਣਨ ਵਾਲੇ ਏਥੇਨਾਲ ਨੂੰ ਇਕ ਹੱਦ ਤਕ ਪੈਟਰੋਲ ’ਚ ਮਿਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੁਰੀ ਨੇ ਕਿਹਾ ਕਿ ਸਾਲ 2025 ਤੱਕ ਭਾਰਤ ਪੈਟਰੋਲ ’ਚ 20 ਫੀਸਦੀ ਏਥੇਨਾਲ ਮਿਸ਼ਰਣ ਦੀ ਮਨਜ਼ੂਰੀ ਦੇ ਦੇਵੇਗਾ।
ਉਨ੍ਹਾਂ ਕਿਹਾ,‘‘ਸਾਡੀ ਊਰਜਾ ਸੁਰੱਖਿਆ ਰਣਨੀਤੀ ਚਾਰ ਥੰਮ੍ਹਾਂ ’ਤੇ ਆਧਾਰਿਤ ਹੈ। ਊਰਜਾ ਦੀ ਸਪਲਾਈ ’ਚ ਵਿਭਿੰਨਤਾ, ਖੋਜ ਅਤੇ ਉਤਪਾਦਨ ਦੇ ਫੁੱਟਪ੍ਰਿੰਟ ਨੂੰ ਵਧਾਉਣਾ, ਬਦਲਵੇਂ ਊਰਜਾ ਸਰੋਤਾਂ ਦੀ ਵਰਤੋਂ ਅਤੇ ਗੈਸ-ਆਧਾਰਿਤ ਅਰਥਵਿਵਸਥਾ, ਹਰਿਤ ਹਾਈਡ੍ਰੋਜਨ ਅਤੇ ਇਲੈਕਟ੍ਰਿਕ ਵਾਹਨਾਂ ਜ਼ਰੀਏ ਊਰਜਾ ਬਦਲਾਅ ਲਿਆਉਣਾ ਇਸ ਰਣਨੀਤੀ ਦੇ ਕੇਂਦਰ ’ਚ ਹੈ।’’ ਪੁਰੀ ਨੇ ਕਿਹਾ ਕਿ ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਭਰ ’ਚ ਊਰਜਾ ਦੀਆਂ ਕੀਮਤਾਂ ਵਧੀਆਂ ਹਨ। ਇਸ ਦੇ ਬਾਵਜੂਦ ਦੇਸ਼ ’ਚ ਸਭ ਤੋਂ ਵਧ ਇਸਤੇਮਾਲ ਹੋਣ ਵਾਲੇ ਈਂਧਨ ਡੀਜ਼ਲ ਦੀ ਕੀਮਤ ਦਸੰਬਰ 2021 ਤੋਂ ਦਸੰਬਰ 2022 ਦੌਰਾਨ ਸਿਰਫ 3 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਅਮਰੀਕਾ ’ਚ ਡੀਜ਼ਲ 34 ਫੀਸਦੀ ਮਹਿੰਗਾ ਹੋ ਗਿਆ, ਜਦੋਂਕਿ ਕੈਨੇਡਾ ’ਚ ਇਸ ਦੀ ਕੀਮਤ 36 ਫੀਸਦੀ ਵਧ ਗਈ। ਪੁਰੀ ਨੇ ਕਿਹਾ ਕਿ ਸਰਕਾਰ ਘਰੇਲੂ ਮਾਈਨਿੰਗ ਖੇਤਰ ਨੂੰ ਵਧਾ ਕੇ 2025 ਤੱਕ 5 ਲੱਖ ਵਰਗ ਕਿਲੋਮੀਟਰ ਅਤੇ ਸਾਲ 2030 ਤੱਕ 10 ਲੱਖ ਵਰਗ ਕਿਲੋਮੀਟਰ ਤੱਕ ਪਹੁੰਚਾਉਣਾ ਚਾਹੁੰਦੀ ਹੈ। ਇਸ ਨਾਲ ਘਰੇਲੂ ਕੱਚਾ ਤੇਲ ਅਤੇ ਗੈਸ ਉਤਪਾਦਨ ਵਧਣ ਦੇ ਨਾਲ ਦਰਾਮਦ ’ਤੇ ਨਿਰਭਰਤਾ ਵੀ ਘੱਟ ਹੋਵੇਗੀ।
ਭਾਰਤ ਬਾਇਓਟੈੱਕ ਨੇ ਰੇਬੀਜ਼ ਦੇ ਟੀਕੇ ਮੰਗਵਾਏ ਵਾਪਸ
NEXT STORY