ਨਵੀਂ ਦਿੱਲੀ–ਸੰਗਠਿਤ ਖੇਤਰ ’ਚ ਨੌਕਰੀਆਂ ਵਧੀਆਂ ਹਨ। ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਅਗਸਤ 2022 ’ਚ 16.94 ਲੱਖ ਮੈਂਬਰ ਜੋੜੇ ਹਨ। ਇਹ ਗਿਣਤੀ ਅਗਸਤ 2021 ਦੀ ਤੁਲਨਾ ’ਚ 14.4 ਫੀਸਦੀ ਵੱਧ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਦੇ ਜਾਰੀ ਨਿਯਮਿਤ ਤਨਖਾਹ ’ਤੇ ਰੱਖੇ ਗਏ ਕਰਮਚਾਰੀਆਂ (ਪੇਰੋਲ) ਦੇ ਅਸਥਾਈ ਅੰਕੜਿਆਂ ਮੁਤਾਬਕ ਅਗਸਤ ਦੌਰਾਨ ਕੁੱਲ 16.94 ਲੱਖ ਮੈਂਬਰਾਂ ’ਚੋਂ ਲਗਭਗ 9.87 ਲੱਖ ਨਵੇਂ ਮੈਂਬਰ ਪਹਿਲੀ ਵਾਰ ਈ. ਪੀ. ਐੱਫ. ਓ. ਦੇ ਘੇਰੇ ’ਚ ਆਏ ਹਨ। ਇਸ ਦੌਰਾਨ ਜੋੜੇ ਗਏ 9.87 ਲੱਖ ਨਵੇਂ ਮੈਂਬਰਾਂ ’ਚੋਂ ਲਗਭਗ 58.32 ਫੀਸਦੀ 18 ਤੋਂ 25 ਸਾਲ ਦੀ ਉਮਰ ਵਰਗ ਦੇ ਹਨ।
ਅੰਕੜਿਆਂ ਮੁਤਾਬਕ ਕਰੀਬ 7.07 ਲੱਖ ਮੈਂਬਰ ਯੋਜਨਾ ਤੋਂ ਬਾਹਰ ਨਿਕਲੇ ਪਰ ਈ. ਪੀ. ਐੱਫ. ਓ. ਦੇ ਤਹਿਤ ਆਉਣ ਵਾਲੇ ਅਦਾਰਿਆਂ ’ਚ ਮੁੜ ਤੋਂ ਸ਼ਾਮਲ ਹੋ ਗਏ। ਇਨ੍ਹਾਂ ਲੋਕਾਂ ਨੇ ਆਪਣੇ ਖਾਤਿਆਂ ’ਚੋਂ ਅੰਤਿਮ ਨਿਕਾਸੀ ਦਾ ਬਦਲ ਚੁਣਨ ਦੀ ਥਾਂ ਆਪਣੇ ਫੰਡ ਨੂੰ ਪਿਛਲੇ ਪੀ. ਐੱਫ. ਖਾਤੇ ’ਚ ਟ੍ਰਾਂਸਫਰ ਕਰ ਦਿੱਤਾ। ਅੰਕੜਿਆਂ ’ਚ ਔਰਤ-ਮਰਦ ਆਧਾਰਿਤ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਅਗਸਤ 2022 ’ਚ ਸ਼ੁੱਧ ਰੂਪ ਨਾਲ 3.63 ਲੱਖ ਔਰਤਾਂ ਸੰਗਠਿਤ ਖੇਤਰ ਨਾਲ ਜੁੜੀਆਂ। ਸੰਗਠਿਤ ਵਰਕਫੋਰਸ ’ਚ ਸ਼ੁੱਧ ਰੂਪ ਨਾਲ ਔਰਤਾਂ ਦੀ ਮੈਂਬਰਸ਼ਿਪ ’ਚ ਇਕ ਸਾਲ ਪਹਿਲਾਂ ਦੀ ਤੁਲਨਾ ’ਚ 22.60 ਫੀਸਦੀ ਦਾ ਵਾਧਾ ਹੋਇਆ ਹੈ।
ਮਾਸਿਕ ਆਧਾਰ ’ਤੇ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਓਡਿਸ਼ਾ, ਝਾਰਖੰਡ ਅਤੇ ਬਿਹਾਰ ’ਚ ਸ਼ੁੱਧ ਰੂਪ ਨਾਲ ਈ. ਪੀ. ਐੱਫ. ਓ. ਦੇ ਘੇਰੇ ’ਚ ਆਉਣ ਵਾਲੇ ਮੈਂਬਰਾਂ ਦੀ ਗਿਣਤੀ ’ਚ ਵਾਧੇ ਦਾ ਰੁਖ ਹੈ। ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਗੁਜਰਾਤ, ਹਰਿਆਣਾ ਅਤੇ ਦਿੱਲੀ ਮੋਹਰੀ ਬਣੇ ਹੋਏ ਹਨ। ਇਨ੍ਹਾਂ ਸੂਬਿਆਂ ਨੇ ਅਗਸਤ 2022 ਦੌਰਾਨ ਸ਼ੁੱਧ ਰੂਪ ਨਾਲ 11.25 ਲੱਖ ਮੈਂਬਰ ਜੋੜੇ। ਇਹ ਅੰਕੜਾ ਸਾਰੇ ਉਮਰ ਸਮੂਹਾਂ ’ਚ ਜੋੜੇ ਗਏ ਮੈਂਬਰਾਂ ਦਾ 66.44 ਫੀਸਦੀ ਹੈ।
ਹੁਣ ਮਠਿਆਈਆਂ ਵੀ ਵੇਚੇਗਾ ਰਿਲਾਇੰਸ ਰਿਟੇਲ
NEXT STORY