ਨਵੀਂ ਦਿੱਲੀ — ਪਿਆਜ਼ ਦੀਆਂ ਕੀਮਤਾਂ ਜਲਦੀ ਹੀ ਹੋਰ ਘੱਟ ਸਕਦੀਆਂ ਹਨ। ਨਵੇਂ ਸਾਲ ਦੇ ਪਹਿਲੇ ਹੀ ਹਫਤੇ ਇਸ ਦੀਆਂ ਕੀਮਤਾਂ 'ਚ 40 ਫੀਸਦੀ ਤੱਕ ਦੀ ਕਮੀ ਆ ਗਈ ਹੈ। ਜ਼ਿਆਦਾਤਰ ਸੂਬਿਆਂ 'ਚ ਪਿਆਜ਼ ਦੇ ਥੋਕ ਭਾਅ 50 ਰੁਪਏ ਅਤੇ ਪ੍ਰਚੂਨ ਭਾਅ 60 ਤੋਂ 70 ਰੁਪਏ ਵਿਚਕਾਰ ਪਹੁੰਚ ਗਏ ਹਨ ਜਦੋਂਕਿ ਇਕ ਮਹੀਨਾ ਪਹਿਲਾਂ ਤੱਕ ਇਸ ਦੀ 150 ਰੁਪਏ ਕੀਮਤ ਸੁਣ ਕੇ ਹੀ ਅੱਖਾਂ ਵਿਚ ਪਾਣੀ ਆ ਜਾਂਦਾ ਸੀ। ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਨਾਸਿਕ ਦੀ ਲਾਸਲਗਾਂਵ ਸਮੇਤ ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ 'ਚ ਨਵੇਂ ਪਿਆਜ਼ ਦੀ ਆਮਦ ਵਧਦੇ ਹੀ ਮੰਡੀਆਂ 'ਚ ਇਸ ਦੀ ਸਪਲਾਈ ਵੀ ਦੁੱਗਣੀ ਹੋ ਗਈ ਹੈ। ਇਸ ਕਾਰਨ ਕੀਮਤਾਂ 'ਚ ਗਿਰਾਵਟ ਆਈ ਹੈ। ਲਾਸਲਗਾਂਵ ਬਜ਼ਾਰ ਕਮੇਟੀ 'ਚ ਪਿਆਜ਼ 4,100 ਤੋਂ 4,500 ਰੁਪਏ ਪ੍ਰਤੀ ਕੁਇੰਟਲ ਦੀ ਦਰ 'ਤੇ ਵਿਕ ਰਿਹਾ ਹੈ। ਇਕ ਮਹੀਨਾ ਪਹਿਲਾਂ ਇਥੇ ਸਿਰਫ 2,360 ਕੁਇੰਟਲ ਪਿਆਜ਼ ਹੀ ਆਇਆ ਸੀ ਜਦੋਂਕਿ 7 ਜਨਵਰੀ ਨੂੰ ਆਮਦ 33,249 ਕੁਇੰਟਲ ਹੋ ਗਈ। ਰਾਏਪੁਰ, ਪਟਨਾ, ਅਹਿਮਦਾਬਾਦ, ਜੈਪੁਰ ਵਿਚ ਵੀ ਆਮਦ ਦੁੱਗਣੀ ਹੋ ਗਈ ਹੈ। ਝਾਰਖੰਡ 'ਚ ਖਪਤ ਦਾ ਤਕਰੀਬਨ 75 ਫੀਸਦੀ ਪਿਆਜ਼ ਨਾਸਿਕ ਤੋਂ ਹੀ ਆਉਂਦਾ ਹੈ। ਇਥੇ ਆਮਦ ਵਧਣ ਕਰਕੇ ਥੋਕ ਭਾਅ ਅੱਧੇ ਤੋਂ ਵੀ ਘੱਟ ਹੋ ਗਈ ਹੈ।
ਚੰਡੀਗੜ੍ਹ ਵਿਚ ਦਸੰਬਰ ਦੇ ਪਹਿਲਾਂ ਹਫਤੇ ਦੇ ਮੁਕਾਬਲੇ ਜਨਵਰੀ ਵਿਚ ਆਮਦ ਦੁੱਗਣੀ ਹੋ ਗਈ ਹੈ। ਕੀਮਤਾਂ ਘਟਣ ਕਾਰਨ ਕੇਂਦਰ ਸਰਕਾਰ ਚਿੰਤਾ 'ਚ ਆ ਗਈ ਹੈ। ਕੇਂਦਰ ਸਰਕਾਰ ਨੇ ਜਿਹੜਾ ਪਿਆਜ਼ ਵਿਦੇਸ਼ਾਂ ਤੋਂ ਮੰਗਵਾਇਆ ਹੈ ਉਸ ਦਾ ਸੁਆਦ ਭਾਰਤੀਆਂ ਨੂੰ ਪਸੰਦ ਨਹੀਂ ਆਇਆ ਜਿਸ ਕਾਰਨ ਸੂਬਾ ਸਰਕਾਰਾਂ ਇਸ ਨੂੰ ਚੁੱਕਣ 'ਚ ਗੁਰੇਜ਼ ਕਰ ਰਹੀਆਂ ਹਨ। ਸੂਬਾ ਸਰਕਾਰਾਂ ਦਾ ਮੰਨਣਾ ਹੈ ਕਿ ਕੇਂਦਰ ਕੋਲੋਂ ਜਿਸ ਕੀਮਤ 'ਤੇ ਪਿਆਜ਼ ਖਰੀਦਿਆ ਜਾਵੇਗਾ ਉਸੇ ਕੀਮਤ 'ਤੇ ਸਥਾਨਕ ਪਿਆਜ਼ ਮਿਲ ਰਿਹਾ ਹੈ। ਲਾਸਲਗਾਂਵ ਮੰਡੀ ਕਮੇਟੀ ਦੇ ਸਕੱਤਰ ਨਰਿੰਦਰ ਨੇ ਦੱਸਿਆ,'ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਮੰਡੀ ਵਿਚ ਪਿਆਜ ਦੀ ਆਮਦ ਘੱਟ ਹੋਵੇਗੀ ਅਜਿਹੇ 'ਚ ਪਿਆਜ਼ ਦਾ ਥੋਕ ਭਾਅ 3,000 ਤੋਂ 4,000 ਰੁਪਏ ਕੁਇੰਟਲ ਵਿਚਕਾਰ ਰਹਿ ਸਕਦਾ ਹੈ।
ਭਾਅ ਡਿੱਗਣ ਦੇ ਖਦਸ਼ੇ 'ਚ ਕੱਚਾ ਪਿਆਜ਼ ਵੇਚ ਰਹੇ ਕਿਸਾਨ
ਕਈ ਥਾਵਾਂ 'ਤੇ ਪਿਆਜ਼ ਦੇ ਭਾਅ ਡਿੱਗਣ ਦੇ ਖਦਸ਼ੇ ਕਾਰਨ ਕਿਸਾਨ ਬਜ਼ਾਰ 'ਚ ਕੱਚਾ ਪਿਆਜ਼ ਹੀ ਵੇਚੀ ਜਾ ਰਹੇ ਹਨ। ਅਲਵਰ, ਝਾਲਾਵਾੜ, ਨੀਮਚ ਅਤੇ ਮੰਦਸੌਰ ਦਾ ਪਿਆਜ਼ ਵੀ ਆ ਰਿਹਾ ਹੈ। ਪਰ ਗੁਣਵੱਤਾ ਕਮਜ਼ੋਰ ਹੈ। ਅਕਤੂਬਰ ਵਿਚ ਲਗਾਈ ਗਈ ਪਿਆਜ਼ ਬਾਜ਼ਰ 'ਚ ਆਉਣੀ ਸ਼ੁਰੂ ਹੋ ਗਈ ਹੈ।
ਜਲਦੀ ਹੀ ਥੋਕ ਭਾਅ ਹੋਰ ਘੱਟਣ ਦੀ ਸੰਭਾਵਨਾ
ਪਿਆਜ਼ ਕਾਰੋਬਾਰੀਆਂ ਅਨੁਸਾਰ ਇਕ ਹਫਤੇ ਤੱਕ ਵਧੀਆ ਪਿਆਜ਼ ਦੀ ਕੀਮਤ 30 ਰੁਪਏ ਤੱਕ ਆ ਸਕਦੀ ਹੈ। ਜੈਪੁਰ ਦੇ ਥੋਕ ਵਪਾਰੀਆਂ ਅਨੁਸਾਰ ਇਕ ਮਹੀਨੇ ਵਿਚ ਹੀ ਪਿਆਜ਼ ਦੇ ਭਾਅ 25 ਰੁਪਏ ਕਿਲੋ ਤੱਕ ਘੱਟ ਸਕਦੇ ਹਨ ਕਿਉਂਕਿ ਅਗਲੇ ਮਹੀਨੇ ਤੋਂ ਜੈਪੁਰ, ਸੀਕਰ, ਕੁਚਾਮਨ ਤੋਂ ਪਿਆਜ਼ ਦੀ ਨਵੀਂ ਫਸਲ ਆਉਣੀ ਸ਼ੁਰੂ ਹੋਵੇਗੀ। ਚੰਡੀਗੜ੍ਹ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਰਿਟੇਲ 'ਚ 50-55 ਰੁਪਏ ਪ੍ਰਤੀ ਕਿਲੋ ਦੇ ਭਾਅ 'ਤੇ ਆ ਸਕਦੇ ਹਨ।
ਪੋਂਗਲ ਕਾਰਨ ਪਿਆਜ਼ ਦੇ ਭਾਅ ਸਥਿਰ
ਨਾਸਿਕ ਦੇ ਥੋਕ ਪਿਆਜ਼ ਵਪਾਰੀ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ 'ਤੇ ਕਾਬੂ ਰੱਖਣ ਲਈ ਨਿਰਯਾਤ 'ਤੇ ਪਾਬੰਦੀ ਅਤੇ ਆਯਾਤ ਹੋਣ ਕਰਕੇ ਭਾਅ ਘੱਟ ਹੋ ਰਹੇ ਹਨ। ਅਜੇ ਦੱਖਣੀ ਭਾਰਤ ਵਿਚ ਪੋਂਗਲ ਦੇ ਕਾਰਨ ਪਿਆਜ਼ ਦੀ ਆਮਦ ਵਧੀ ਹੈ। ਇਸ ਕਾਰਨ ਕੀਮਤਾਂ 'ਚ ਸਥਿਰਤਾ ਬਣੀ ਹੋਈ ਹੈ। 2 ਤੋਂ ਤਿੰਨ ਹਫਤਿਆਂ ਵਿਚ ਰਿਟੇਲ ਬਜ਼ਾਰ ਵਿਚ ਪਿਆਜ਼ ਦੀ ਦਰ 'ਚ 20-30 ਰੁਪਏ ਦੀ ਗਿਰਾਵਟ ਹੋਣ ਦੀ ਸੰਭਾਵਨਾ ਹੈ।
ਵਿਸਤਾਰਾ ਏਅਰਲਾਈਨਸ ਦਾ ਆਫਰ, 995 ਰੁਪਏ 'ਚ ਟਿਕਟ
NEXT STORY