ਨਵੀਂ ਦਿੱਲੀ— ਸਤੰਬਰ 'ਚ ਹੁਣ ਤੱਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਸ਼ੁੱਧ ਰੂਪ ਨਾਲ ਬਾਜ਼ਾਰ 'ਚੋਂ 2,038 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।
ਵਿਸ਼ਵ ਪੱਧਰੀ ਕਮਜ਼ੋਰ ਸੰਕੇਤਾਂ ਅਤੇ ਚੀਨ ਤੇ ਭਾਰਤ ਵਿਚਕਾਰ ਸਰਹੱਦ 'ਤੇ ਖਿੱਚੋਤਾਣ ਕਾਰਨ ਐੱਫ. ਪੀ. ਆਈਜ਼. ਦੀ ਧਾਰਨਾ ਇਨੀਂ ਦਿਨੀਂ ਕਮਜ਼ੋਰ ਰਹੀ।
ਡਿਪਾਜ਼ਿਟਰੀ ਡਾਟਾ ਮੁਤਾਬਕ, ਪਹਿਲੀ ਸਤੰਬਰ ਤੋਂ 11 ਸਤੰਬਰ ਵਿਚਕਾਰ ਐੱਫ. ਪੀ. ਆਈਜ਼. ਨੇ ਇਕੁਇਟੀ 'ਚੋਂ 3,510 ਕਰੋੜ ਰੁਪਏ ਕੱਢੇ ਹਨ, ਜਦੋਂ ਕਿ ਬਾਂਡ ਜਾਂ ਡੇਟ ਬਾਜ਼ਾਰ 'ਚ 1,472 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਇਸ ਤਰ੍ਹਾਂ ਸ਼ੁੱਧ ਰੂਪ ਨਾਲ ਉਨ੍ਹਾਂ ਦੀ ਨਿਕਾਸੀ 2,038 ਕਰੋੜ ਰੁਪਏ ਰਹੀ। ਇਸ ਤੋਂ ਪਹਿਲਾਂ ਜੂਨ ਤੋਂ ਅਗਸਤ ਤੱਕ ਐੱਫ. ਪੀ. ਆਈਜ਼. ਲਗਾਤਾਰ ਸ਼ੁੱਧ ਖਰੀਦਦਾਰ ਰਹੇ ਸਨ। ਉਨ੍ਹਾਂ ਨੇ ਅਗਸਤ 'ਚ 46,532 ਕਰੋੜ ਰੁਪਏ, ਜੁਲਾਈ 'ਚ 3,301 ਕਰੋੜ ਰੁਪਏ ਅਤੇ ਜੂਨ 'ਚ 24,053 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ।
ਮੋਰਨਿੰਗਸਟਾਰ ਇੰਡੀਆ ਦੇ ਸਹਾਇਕ ਡਾਇਰੈਕਟਰ- ਮੈਨੇਜਰ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਦੱਸਿਆ, ''ਐੱਫ. ਪੀ. ਆਈਜ਼. ਨੇ ਸਤੰਬਰ ਦੀ ਸ਼ੁਰੂਆਤ ਤੋਂ ਹੀ ਭਾਰਤੀ ਇਕੁਇਟੀ ਬਾਜ਼ਾਰਾਂ 'ਚ ਨਿਵੇਸ਼ ਪ੍ਰਤੀ ਸਾਵਧਾਨ ਰੁਖ਼ ਅਪਣਾਇਆ ਹੈ।'' ਉਨ੍ਹਾਂ ਕਿਹਾ ਕਿ ਜੂਨ 2020 ਨੂੰ ਖਤਮ ਹੋਈ ਤਿਮਾਹੀ ਦੌਰਾਨ ਭਾਰਤੀ ਆਰਥਿਕਤਾ 'ਚ ਆਈ ਤੇਜ਼ ਗਿਰਾਵਟ ਨੇ ਨਿਵੇਸ਼ਕਾਂ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਕਮਜ਼ੋਰ ਗਲੋਬਲ ਸੰਕੇਤਾਂ ਅਤੇ ਭਾਰਤ ਤੇ ਚੀਨ ਦਰਮਿਆਨ ਵਧ ਰਹੇ ਸਰਹੱਦੀ ਤਣਾਅ ਕਾਰਨ ਵੀ ਐੱਫ. ਪੀ. ਆਈਜ਼. ਨੇ ਨਿਵੇਸ਼ ਨੂੰ ਲੈ ਕੇ ਸਾਵਧਾਨੀ ਵਰਤੀ ਹੈ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਵੱਡੀ ਕਟੌਤੀ, ਜਾਣੋ ਵਜ੍ਹਾ
NEXT STORY