ਬਿਜ਼ਨੈੱਸ ਡੈਸਕ : 23 ਜੁਲਾਈ ਨੂੰ ਕੇਂਦਰੀ ਬਜਟ ਪੇਸ਼ ਹੋਣ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਗਿਰਾਵਟ ਰੁਕ ਗਈ ਹੈ ਅਤੇ ਸੋਨੇ ਦੀਆਂ ਕੀਮਤਾਂ 'ਚ ਫਿਰ ਤੋਂ ਤੇਜ਼ੀ ਆਉਣ ਲੱਗੀ ਹੈ। MCX 'ਤੇ ਸੋਨਾ 725 ਰੁਪਏ ਇਕ ਫੀਸਦੀ ਮਹਿੰਗਾ ਹੋ ਗਿਆ ਹੈ। ਦਰਅਸਲ, ਅਜਿਹਾ ਅਮਰੀਕਾ ਦੇ ਨਿਊਯਾਰਕ ਕਮੋਡਿਟੀ ਐਕਸਚੇਂਜ 'ਚ ਸੋਨੇ ਦੀਆਂ ਕੀਮਤਾਂ 'ਚ ਬਦਲਾਅ ਕਾਰਨ ਹੋਇਆ ਹੈ। ਮੌਜੂਦਾ ਸਮੇਂ 'ਚ ਅਮਰੀਕੀ ਕੀਮਤਾਂ ਲਗਭਗ 1.50 ਫੀਸਦੀ ਵਧ ਕੇ 2388 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈਆਂ ਹਨ। ਇਸ ਕਾਰਨ ਭਾਰਤ 'ਚ ਵੀ MCX 'ਤੇ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਇਸ ਵਾਧੇ ਦਾ ਅਸਰ ਸੋਮਵਾਰ ਨੂੰ ਭਾਰਤੀ ਬਾਜ਼ਾਰ 'ਚ ਵੀ ਦੇਖਣ ਨੂੰ ਮਿਲੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਭਾਰਤ 'ਚ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਤਿੰਨ ਦਿਨਾਂ 'ਚ ਸੋਨਾ 6700 ਰੁਪਏ ਸਸਤਾ ਹੋ ਗਿਆ ਹੈ। ਦਰਅਸਲ, ਬਜਟ ਵਿੱਚ ਸੋਨੇ ਦੀ ਦਰਾਮਦ 'ਤੇ ਕਸਟਮ ਡਿਊਟੀ 10 ਤੋਂ ਘਟਾ ਕੇ 6 ਫੀਸਦੀ ਕਰਨ ਤੋਂ ਬਾਅਦ ਅਜਿਹਾ ਹੋਇਆ ਹੈ। ਇਸ ਕਾਰਨ ਬਜਟ ਦੇ ਐਲਾਨ ਤੋਂ ਬਾਅਦ ਹੀ ਸੋਨੇ ਦੀ ਕੀਮਤ 4000 ਰੁਪਏ ਤੱਕ ਡਿੱਗ ਗਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਰ ਘਰੇਲੂ ਕਾਰਨਾਂ ਕਰਕੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਰੁਝਾਨ ਹੁਣ ਰੁਕਦਾ ਨਜ਼ਰ ਆ ਰਿਹਾ ਹੈ ਅਤੇ ਹੁਣ ਗਲੋਬਲ ਬਾਜ਼ਾਰ ਦਾ ਅਸਰ ਇਨ੍ਹਾਂ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ 'ਤੇ ਨਜ਼ਰ ਆਉਣ ਲੱਗਾ ਹੈ।
ਨਿਊਯਾਰਕ ਕਮੋਡਿਟੀ ਐਕਸਚੇਂਜ 'ਤੇ ਚਾਂਦੀ 27.99 ਡਾਲਰ 'ਤੇ ਖੁੱਲ੍ਹੀ ਅਤੇ ਵਪਾਰਕ ਸੈਸ਼ਨ ਦੌਰਾਨ 28.22 ਡਾਲਰ ਦੇ ਉੱਚ ਪੱਧਰ ਨੂੰ ਛੂਹ ਗਈ। ਖ਼ਬਰ ਲਿਖੇ ਜਾਣ ਤੱਕ ਕਾਮੈਕਸ 'ਤੇ ਚਾਂਦੀ ਦੀ ਕੀਮਤ 27.89 ਡਾਲਰ 'ਤੇ ਕਾਰੋਬਾਰ ਕਰ ਰਹੀ ਸੀ, ਜਦੋਂ ਕਿ ਕਾਮੈਕਸ 'ਤੇ ਸੋਨਾ 2363.80 ਡਾਲਰ 'ਤੇ ਖੁੱਲ੍ਹਿਆ ਸੀ ਅਤੇ ਕਾਰੋਬਾਰੀ ਸੈਸ਼ਨ ਦੌਰਾਨ ਇਸ ਨੇ 2389.70 ਦਾ ਹਾਈਪ ਹਾਸਲ ਕੀਤਾ ਤੇ ਇਸ ਸਮੇਂ 2384.20 'ਤੇ ਕਾਰੋਬਾਰ ਕਰ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਵਿਚ ਆਉਣ ਵਾਲੇ ਮਹਿੰਗਾਈ ਦੇ ਅੰਕੜਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ ਅਤੇ ਜੇਕਰ ਮਹਿੰਗਾਈ ਦੇ ਅੰਕੜੇ ਬਾਜ਼ਾਰ ਦੀਆਂ ਉਮੀਦਾਂ ਦੇ ਅਨੁਸਾਰ ਆਉਂਦੇ ਹਨ ਤਾਂ ਆਉਣ ਵਾਲੇ ਦਿਨਾਂ ਵਿਚ ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ।
ਵਿਦੇਸ਼ੀ ਮੁਦਰਾ ਭੰਡਾਰ ਚਾਰ ਅਰਬ ਡਾਲਰ ਵਧ ਕੇ 670.86 ਅਰਬ ਡਾਲਰ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚਿਆ
NEXT STORY