ਨਵੀਂ ਦਿੱਲੀ (ਭਾਸ਼ਾ) - ਆਉਣ ਵਾਲੇ ਸਮੇਂ ’ਚ ਬਾਜ਼ਾਰ ’ਚ ਤੁਹਾਨੂੰ ਚੰਗੀ ਕੁਆਲਿਟੀ ਦੇ ਸਟੀਲ ਅਤੇ ਐਲੂਮੀਨੀਅਮ ਦੇ ਭਾਂਡੇ ਮਿਲ ਸਕਣਗੇ। ਦਰਅਸਲ, ਵਣਜ ਅਤੇ ਉਦਯੋਗ ਮੰਤਰਾਲਾ ਦੇ ਤਹਿਤ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ. ਪੀ. ਆਈ. ਆਈ. ਟੀ.) ਨੇ ਸਟੇਨਲੈੱਸ ਸਟੀਲ ਅਤੇ ਐਲੂਮੀਨੀਅਮ ਦੇ ਰਸੋਈ ਦੇ ਭਾਂਡਿਆਂ ਦਾ ਰਾਸ਼ਟਰੀ ਗੁਣਵੱਤਾ ਮਿਆਰਾਂ ਮੁਤਾਬਕ ਹੋਣਾ ਲਾਜ਼ਮੀ ਕਰ ਦਿੱਤਾ ਹੈ। ਭਾਵ ਇਨ੍ਹਾਂ ਭਾਂਡਿਆਂ ’ਤੇ ਆਈ. ਐੱਸ. ਆਈ. ਮਾਰਕ ਹੁਣ ਜ਼ਰੂਰੀ ਕਰ ਦਿੱਤਾ ਗਿਆ ਹੈ।
ਇਹ ਕਦਮ ਖਪਤਕਾਰ ਸੁਰੱਖਿਆ ਅਤੇ ਉਤਪਾਦ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ। ਭਾਰਤੀ ਸਟੈਂਡਰਡ ਬਿਊਰੋ (ਬੀ . ਆਈ. ਐੱਸ.) ਨੇ ਇਹ ਜਾਣਕਾਰੀ ਦਿੱਤੀ।
ਉਤਪਾਦ ਦੀ ਗੁਣਵੱਤਾ ਅਤੇ ਸੁਰੱਖਿਆ ਦਾ ਭਰੋਸਾ
ਡੀ. ਪੀ. ਆਈ. ਆਈ. ਟੀ. ਨੇ ਇਸ ਸਬੰਧ ’ਚ 14 ਮਾਰਚ ਨੂੰ ਗੁਣਵੱਤਾ ਕੰਟਰੋਲ ਹੁਕਮ ਜਾਰੀ ਕੀਤਾ ਸੀ। ਬੀ. ਆਈ. ਐੱਸ. ਨੇ ਇੰਡੀਅਨ ਸਟੈਂਡਰਡਜ਼ ਇੰਸਟੀਚਿਊਟ (ਆਈ. ਐੱਸ. ਆਈ.) ਚਿੰਨ੍ਹ ਨੂੰ ਨਿਰਧਾਰਤ ਕੀਤਾ ਹੈ। ਇਹ ਉਤਪਾਦ ਦੀ ਗੁਣਵੱਤਾ ਅਤੇ ਸੁਰੱਖਿਆ ਦਾ ਭਰੋਸਾ ਦਿੰਦਾ ਹੈ।
ਬੀ. ਆਈ. ਐੱਸ. ਮੁਤਾਬਕ ਹੁਕਮ ’ਚ ਅਜਿਹੇ ਕਿਸੇ ਵੀ ਸਟੇਨਲੈੱਸ ਸਟੀਲ ਜਾਂ ਐਲੂਮੀਨੀਅਮ ਭਾਂਡਿਆਂ ਦੇ ਵਿਨਿਰਮਾਣ, ਦਰਾਮਦ, ਵਿਕਰੀ, ਵੰਡ, ਭੰਡਾਰਣ ਜਾਂ ਪ੍ਰਦਰਸ਼ਨ ’ਤੇ ਰੋਕ ਲਾਈ ਗਈ ਹੈ, ਜਿਨ੍ਹਾਂ ’ਤੇ ਬੀ. ਆਈ. ਐੱਸ. ਸਟੈਂਡਰਡ ਮਾਰਕ ਨਾ ਹੋਵੇ।
ਹੁਕਮ ਦੀ ਪਾਲਣਾ ਨਾ ਕਰਨ ’ਤੇ ਲੱਗੇਗਾ ਜੁਰਮਾਨਾ
ਬਿਆਨ ’ਚ ਕਿਹਾ ਗਿਆ, ਹੁਕਮ ਦੀ ਪਾਲਣਾ ਨਾ ਕਰਨ ’ਤੇ ਜੁਰਮਾਨਾ ਲਾਇਆ ਜਾਵੇਗਾ, ਜੋ ਖਪਤਕਾਰ ਸੁਰੱਖਿਆ ਅਤੇ ਉਤਪਾਦ ਅਖੰਡਤਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਕਦਮ ਬੀ. ਆਈ. ਐੱਸ. ਵੱਲੋਂ ਰਸੋਈ ਦੇ ਸਾਮਾਨ ਲਈ ਹਾਲ ਹੀ ’ਚ ਤਿਆਰ ਕੀਤੇ ਗਏ ਵਿਆਪਕ ਮਿਆਰਾਂ ਮੁਤਾਬਕ ਹੈ।
ਇਸ ’ਚ ਸਟੇਨਲੈੱਸ ਸਟੀਲ ਲਈ ਆਈ. ਐੱਸ 14756 : 2022 ਅਤੇ ਐਲੂਮੀਨੀਅਮ ਦੇ ਭਾਂਡਿਆਂ ਲਈ ਆਈ. ਐੱਸ. 1660 : 2024 ਸ਼ਾਮਲ ਹਨ। ਮਿਆਰਾਂ ’ਚ ਸਮੱਗਰੀ ਦੀਆਂ ਲੋੜਾਂ, ਡਿਜ਼ਾਈਨ ਵਿਸ਼ੇਸ਼ਤਾਵਾਂ ਅਤੇ ਪ੍ਰਦਰਸ਼ਨ ਦੇ ਮਾਪਦੰਡ ਸ਼ਾਮਲ ਹੁੰਦੇ ਹਨ। ਸਰਕਾਰ ਨੇ ਕਿਹਾ ਕਿ ਇਸ ਕਦਮ ਨਾਲ ਖਪਤਕਾਰਾਂ ਦਾ ਵਿਸ਼ਵਾਸ ਵਧੇਗਾ ਅਤੇ ਵਿਨਿਰਮਾਤਾ ਸਰਵੋਤਮ ਪ੍ਰਕਿਰਿਆਵਾਂ ਨੂੰ ਅਪਨਾਉਣ ਲਈ ਪ੍ਰੇਰਿਤ ਹੋਣਗੇ।
ਬਾਜ਼ਾਰ 'ਚ ਗਿਰਾਵਟ ਵਿਚਾਲੇ Raymond ਦਾ ਸਟਾਕ 52 ਹਫਤੇ ਦੇ ਸਿਖਰ 'ਤੇ ਪਹੁੰਚਿਆ
NEXT STORY