ਸਿੰਗਾਪੁਰ— ਕੋਰੋਨਾ ਵਾਇਰਸ ਮਹਾਮਾਰੀ ਦਾ ਕਾਰੋਬਾਰਾਂ 'ਤੇ ਗੰਭੀਰ ਪ੍ਰਭਾਵ ਪੈਣ ਤੋਂ ਬਾਅਦ ਸਿੰਗਾਪੁਰ ਦੇ ਉੱਦਮੀਆਂ ਨੇ ਕਾਮਿਆਂ ਦੀ ਗਿਣਤੀ 'ਚ ਵੱਡੀ ਕਟੌਤੀ ਕਰ ਦਿੱਤੀ ਹੈ। ਇਸ ਦੇ ਮੱਦੇਨਜ਼ਰ ਹੁਣ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਕਾਮੇ ਸਵਦੇਸ਼ ਵਾਪਸੀ ਦੀ ਤਿਆਰੀ 'ਚ ਹਨ।
ਭਾਰਤੀ ਹਾਈ ਕਮਿਸ਼ਨਰ ਪੀ. ਕੁਮਾਰਨ ਨੇ ਬੁੱਧਵਾਰ ਨੂੰ ਕਿਹਾ, ''ਰੋਜ਼ਾਨਾ ਤਕਰੀਬਨ 100 ਭਾਰਤੀ ਨਾਗਰਿਕ ਵਾਪਸ ਭਾਰਤ ਜਾਣ ਲਈ ਹਵਾਈ ਯਾਤਰਾ ਵਾਸਤੇ ਹਾਈ ਕਮਿਸ਼ਨਰ ਕੋਲ ਰਜਿਸਟ੍ਰੇਸ਼ਨ ਕਰਾ ਰਹੇ ਹਨ। ਹੁਣ ਤੱਕ ਕੁੱਲ ਮਿਲਾ ਕੇ 11,000 ਭਾਰਤੀ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ।''
ਵਿਦੇਸ਼ 'ਚ ਰਹਿ ਰਹੇ ਕਈ ਭਾਰਤੀ ਆਪਣੀ ਨੌਕਰੀ ਗੁਆ ਬੈਠੇ ਹਨ, ਬਿਮਾਰੀ ਦਾ ਇਲਾਜ ਕਰਾਉਣ ਅਤੇ ਪਰਿਵਾਰ 'ਚ ਪ੍ਰੇਸ਼ਾਨੀ ਦੇ ਮੱਦੇਨਜ਼ਰ ਕਈ ਭਾਰਤੀ ਵਾਪਸ ਆਉਣਾ ਚਾਹੁੰਦੇ ਹਨ। ਇਨ੍ਹਾਂ ਲਈ ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਉਡਾਣਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਕੁਮਾਰਨ ਨੇ ਕਿਹਾ ਕਿ ਭਾਰਤ ਤੇ ਸਿੰਗਾਪੁਰ ਦਰਮਿਆਨ ਉਡਾਣਾਂ ਦੀ ਅਜੇ ਰਸਮੀ ਤੌਰ 'ਤੇ ਸ਼ੁਰੂਆਤ ਨਹੀਂ ਹੋਈ ਹੈ। ਫਿਰ ਵੀ ਮਈ ਤੋਂ ਹਾਈ ਕਮਿਸ਼ਨ ਨੇ ਹੁਣ ਤੱਕ 17,000 ਤੋਂ ਵੱਧ ਭਾਰਤੀਆਂ ਨੂੰ ਭਾਰਤ ਭੇਜਣ ਲਈ 120 ਉਡਾਣਾਂ ਦੀ ਵਿਵਸਥਾ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਿੰਗਾਪੁਰ 'ਚ ਭਾਰਤ ਦੀ ਨਵੀਂ ਹਾਈ ਕਮਿਸ਼ਨਰ ਇਮਾਰਤ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਹ ਫ੍ਰੀਹੋਲਡ ਜ਼ਮੀਨ 'ਤੇ ਇਕ ਬਹੁ ਮੰਜ਼ਲਾ ਇਮਾਰਤ ਹੋਵੇਗੀ। ਭਾਰਤ ਸਰਕਾਰ ਇਸ ਦੀ ਮਾਲਕ ਹੋਵੇਗੀ। ਇਸ 'ਚ ਮੌਜੂਦਾ ਦਫ਼ਤਰ ਦੇ ਨਾਲ ਹੀ ਹਾਈ ਕਮਿਸ਼ਨਰ ਦੀ ਰਿਹਾਇਸ਼ ਹੋਵੇਗੀ। ਉਨ੍ਹਾਂ ਕਿਹਾ, “ਅਸੀਂ ਉਮੀਦ ਕਰ ਰਹੇ ਹਾਂ ਕਿ ਭਾਰਤੀ ਹਾਈ ਕਮਿਸ਼ਨ ਦੇ ਨਵੇਂ ਬਿਲਡਿੰਗ ਕੰਪਲੈਕਸ ਨੂੰ ਤਿੰਨ ਸਾਲਾਂ 'ਚ ਪੂਰਾ ਕੀਤਾ ਜਾਏਗਾ।''
ਰਾਹਤ! ਤਾਲਾਬੰਦੀ 'ਚ ਰੱਦ ਫਲਾਈਟ ਟਿਕਟਾਂ ਦਾ ਪੂਰਾ ਪੈਸਾ ਮਿਲੇਗਾ ਵਾਪਸ
NEXT STORY