ਨਵੀਂ ਦਿੱਲੀ— ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਆਯੂਸ਼ਮਾਨ ਭਾਰਤ' ਦਾ ਆਗਾਜ਼ ਕਰ ਸਕਦੇ ਹਨ। ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਸੁਤੰਤਰਤਾ ਦਿਵਸ ਦੇ ਸੰਬੋਧਨ 'ਚ ਵਿਸਥਾਰ ਨਾਲ ਆਯੂਸ਼ਮਾਨ ਬਾਰੇ ਦੱਸਣਗੇ। ਹਾਲਾਂਕਿ ਕੀ ਪ੍ਰਧਾਨ ਮੰਤਰੀ ਇਸ ਮੌਕੇ 'ਤੇ ਯੋਜਨਾ ਦੀ ਸ਼ੁਰੂਆਤ ਕਰਨਗੇ? ਇਸ 'ਤੇ ਆਯੂਸ਼ਮਾਨ ਭਾਰਤ ਮਿਸ਼ਨ ਦੇ ਮੁਖ ਕਾਰਜਕਾਰੀ ਇੰਦੁ ਭੂਸ਼ਣ ਨੇ ਸਿੱਧੇ ਤੌਰ 'ਤੇ ਕੋਈ ਉਤਰ ਨਹੀਂ ਦਿੱਤਾ। ਪਿਛਲੇ 10 ਦਿਨਾਂ 'ਚ 10 ਸੂਬਿਆਂ ਦਾ ਚੱਕਰ ਕੱਟ ਚੁੱਕੇ ਭੂਸ਼ਣ ਨੇ ਸਿਰਫ ਇੰਨਾ ਕਿਹਾ ਕਿ ਮਿਸ਼ਨ ਦੀ ਤਿਆਰੀ ਲਈ ਸਾਡੀ ਟੀਮ ਸਵੇਰੇ 9 ਵਜੇ ਤੋਂ ਰਾਤ 9 ਵਜੇ ਤਕ ਕੰਮ ਕਰ ਰਹੀ ਹੈ।
ਜੀ. ਐੱਸ. ਟੀ. ਤੋਂ ਬਾਅਦ ਇਸ ਨੂੰ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸਰਕਾਰ ਇਸ ਨੂੰ ਲੈ ਕੇ ਬੇਹੱਦ ਸਾਵਧਾਨ ਵੀ ਹੈ ਕਿਉਂਕਿ ਉਹ ਇਸ ਨੂੰ ਲਾਗੂ ਕਰਨ 'ਚ ਜੀ. ਐੱਸ. ਟੀ. ਵਰਗੀਆਂ ਮੁਸ਼ਕਲਾਂ ਨਹੀਂ ਚਾਹੁੰਦੀ ਹੈ। 6 ਸੂਬੇ ਛੱਤੀਸਗੜ੍ਹ, ਮਣੀਪੁਰ, ਹਰਿਆਣਾ, ਗੁਜਰਾਤ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ 15 ਅਗਸਤ ਨੂੰ ਪ੍ਰਯੋਗ ਦੇ ਤੌਰ 'ਤੇ ਆਯੂਸ਼ਮਾਨ ਯੋਜਨਾ ਦੀ ਸ਼ੁਰੂਆਤ ਕਰਨ ਲਈ ਸਹਿਮਤ ਹਨ। ਸੂਤਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਲਾਲ ਕਿਲੇ ਤੋਂ ਇਸ ਮਿਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਜਾ ਸਕਦਾ ਹੈ ਪਰ ਪੂਰੇ ਭਾਰਤ 'ਚ ਇਸ ਨੂੰ ਬਾਅਦ 'ਚ ਲਾਗੂ ਕੀਤਾ ਜਾਵੇਗਾ। 2 ਅਕਤੂਬਰ ਨੂੰ ਇਸ ਨੂੰ ਪੂਰੇ ਭਾਰਤ 'ਚ ਲਾਗੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਹਾਈਬ੍ਰਿਡ ਹੋਵੇਗਾ ਮਾਡਲ, ਸਕੀਮ 'ਚ ਪੰਜਾਬ ਵੀ ਹੋ ਸਕਦੈ ਸ਼ਾਮਲ :
ਸੂਤਰਾਂ ਮੁਤਾਬਕ ਆਯੂਸ਼ਮਾਨ ਭਾਰਤ ਦਾ ਨਾਮ ਬਦਲ ਕੇ 'ਪ੍ਰਧਾਨ ਮੰਤਰੀ ਜਨ ਅਰੋਗ ਅਭਿਆਨ' ਕੀਤਾ ਜਾ ਸਕਦਾ ਹੈ। ਇਸ ਦੇ ਬੁਨਿਆਦੀ ਮਾਡਲ 'ਚ ਵੀ ਬਦਲਾਅ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸਕੀਮ ਨੂੰ ਹਾਈਬ੍ਰਿਡ ਮਾਡਲ 'ਤੇ ਲਾਗੂ ਕੀਤਾ ਜਾ ਸਕਦਾ ਹੈ। ਇਸ ਤਹਿਤ 1 ਲੱਖ ਰੁਪਏ ਤਕ ਦੇ ਇਲਾਜ ਦਾ ਖਰਚ ਬੀਮਾ ਕੰਪਨੀ ਸਹਿਣ ਕਰੇਗੀ। ਉੱਥੇ ਹੀ ਇਲਾਜ ਦਾ ਬਿੱਲ 1 ਲੱਖ ਰੁਪਏ ਤੋਂ ਵਧ ਹੋਣ 'ਤੇ ਬਿੱਲ ਦਾ ਭੁਗਤਾਨ ਟਰੱਸਟ ਕਰੇਗਾ। ਦੇਸ਼ 'ਚ ਇਸ ਸਕੀਮ ਨੂੰ ਲਾਗੂ ਕਰਨ ਲਈ 23 ਸੂਬੇ ਸਹਿਮਤ ਹੋ ਗਏ ਹਨ ਪਰ ਕਈ ਸੂਬੇ ਅਜਿਹੇ ਹਨ, ਜੋ ਇਸ ਨੂੰ ਬੀਮਾ ਮਾਡਲ ਦੀ ਬਜਾਏ ਟਰੱਸਟ ਮਾਡਲ 'ਤੇ ਲਾਗੂ ਕਰਨਾ ਚਾਹੁੰਦੇ ਹਨ। ਹਾਈਬ੍ਰਿਡ ਮਾਡਲ 'ਤੇ ਜ਼ਿਆਦਾਤਰ ਸੂਬੇ ਸਹਿਮਤ ਹੋ ਸਕਦੇ ਹਨ। ਇਸ ਨਾਲ ਬੀਮਾ ਕੰਪਨੀਆਂ 'ਤੇ ਵੀ ਘਟ ਖਰਚ ਆਵੇਗਾ ਅਤੇ ਸਰਕਾਰ ਨੂੰ ਵੀ ਇਸ ਸਕੀਮ ਤਹਿਤ ਪ੍ਰਤੀ ਪਰਿਵਾਰ ਘਟ ਕਿਸ਼ਤ ਦੇਣੀ ਹੋਵੇਗੀ। ਪੰਜਾਬ ਵੀ ਇਸ ਸਕੀਮ ਨਾਲ ਜੁੜਨ ਦੀ ਪ੍ਰਕਿਰਿਆ 'ਚ ਹੈ।
ਕੀ ਹੈ ਆਯੂਸ਼ਮਾਨ ਸਕੀਮ?
ਆਯੂਸ਼ਮਾਨ ਸਕੀਮ ਦਾ ਐਲਾਨ ਇਸ ਸਾਲ 2018-19 ਲਈ ਪੇਸ਼ ਕੀਤੇ ਗਏ ਬਜਟ 'ਚ ਕੀਤਾ ਗਿਆ ਸੀ। ਇਸ ਸਕੀਮ ਤਹਿਤ ਦੇਸ਼ ਦੇ 10 ਕਰੋੜ ਪਰਿਵਾਰਾਂ ਨੂੰ 5 ਲੱਖ ਰੁਪਏ ਤਕ ਦੇ ਮੁਫਤ ਸਿਹਤ ਬੀਮਾ ਦੀ ਸੁਵਿਧਾ ਦਿੱਤੀ ਜਾਵੇਗੀ। ਇਸ 'ਚ ਲਗਭਗ ਸਾਰੀਆਂ ਗੰਭੀਰ ਬੀਮਾਰੀਆਂ ਦਾ ਇਲਾਜ ਕਵਰ ਹੋਵੇਗਾ। ਕੋਈ ਵੀ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ, ਇਸ ਲਈ ਸਕੀਮ 'ਚ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਅਤੇ ਉਮਰ 'ਤੇ ਕੋਈ ਵੀ ਲਿਮਟ ਨਹੀਂ ਲਗਾਈ ਗਈ ਹੈ। ਇਸ ਸਕੀਮ 'ਚ ਹਸਪਤਾਲ 'ਚ ਦਾਖਲ ਹੋਣ ਤੋਂ ਪਹਿਲਾਂ ਅਤੇ ਬਾਅਦ ਦੇ ਖਰਚ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹਰ ਵਾਰ ਹਸਪਤਾਲ 'ਚ ਦਾਖਲ ਹੋਣ ਲਈ ਟ੍ਰਾਂਸਪੋਰਟੇਸ਼ਨ ਭੱਤਾ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਦਾ ਭੁਗਤਾਨ ਲਾਭਪਾਤਰ ਨੂੰ ਕੀਤਾ ਜਾਵੇਗਾ।
ਬੈਂਕਾਂ ਦੀ ਬੇਰੁਖ਼ੀ ਦਾ ਸਾਹਮਣਾ ਕਰ ਰਹੇ ਹੀਰਾ ਉਦਯੋਗ ਨੇ ਮਿਲਾਇਆ ਚੀਨ ਨਾਲ ਹੱਥ
NEXT STORY