ਨਵੀਂ ਦਿੱਲੀ- ਪਾਮ, ਸੋਇਆ ਅਤੇ ਸੂਰਜਮੁਖੀ ਦੇ ਤੇਲ 'ਤੇ ਦਰਾਮਦ ਡਿਊਟੀ ਵਿਚ ਦੂਜੀ ਵਾਰ ਕਟੌਤੀ ਦਾ ਪ੍ਰਭਾਵ ਹੁਣ ਦਿਖਾਈ ਦੇ ਰਿਹਾ ਹੈ। ਪਿਛਲੇ ਇਕ ਹਫ਼ਤੇ ਦੌਰਾਨ ਖਾਣਾ ਪਕਾਉਣ ਵਾਲੇ ਤੇਲ ਦੀਆਂ ਥੋਕ ਅਤੇ ਪ੍ਰਚੂਨ ਕੀਮਤਾਂ ਵਿਚ ਕਮੀ ਆਈ ਹੈ ਪਰ ਸਰ੍ਹੋਂ ਦੇ ਤੇਲ ਦੀ ਪ੍ਰਚੂਨ ਕੀਮਤ ਘਟਣ ਦੀ ਬਜਾਏ ਵਧੀ ਹੈ। ਸ਼ੁੱਕਰਵਾਰ ਨੂੰ ਸਰ੍ਹੋਂ ਦੇ ਤੇਲ ਦੀ ਕੀਮਤ ਇਕ ਮਹੀਨਾ ਪਹਿਲਾਂ ਦੀ 173 ਰੁਪਏ ਪ੍ਰਤੀ ਲਿਟਰ ਤੋਂ ਵੱਧ ਕੇ 180 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਈ।
ਪਿਛਲੇ ਇਕ ਮਹੀਨੇ ਵਿਚ ਖਾਣਾ ਪਕਾਉਣ ਵਾਲੇ ਤੇਲ ਦੀ ਔਸਤ ਪ੍ਰਚੂਨ ਕੀਮਤ ਵਿਚ ਮਾਮੂਲੀ ਗਿਰਾਵਟ ਆਈ ਹੈ। ਇਹ ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਕੀਮਤ ਨਿਗਰਾਨੀ ਵਿਭਾਗ ਵੱਲੋਂ ਕਿਹਾ ਗਿਆ ਹੈ। ਸ਼ੁੱਕਰਵਾਰ ਨੂੰ ਸੂਰਜਮੁਖੀ ਦੇ ਤੇਲ ਦੀ ਔਸਤ ਪ੍ਰਚੂਨ ਕੀਮਤ 167 ਰੁਪਏ ਪ੍ਰਤੀ ਲਿਟਰ ਰਹੀ। ਹਾਲਾਂਕਿ, ਵਿਭਾਗ ਅਨੁਸਾਰ ਸੂਰਜਮੁਖੀ ਤੇਲ ਦੀ ਪ੍ਰਚੂਨ ਕੀਮਤ ਪਿਛਲੇ ਹਫ਼ਤੇ 174 ਰੁਪਏ ਰਹੀ, ਜੋ ਇਕ ਮਹੀਨਾ ਪਹਿਲਾਂ 171 ਰੁਪਏ ਪ੍ਰਤੀ ਲਿਟਰ ਸੀ।
ਇਸੇ ਤਰ੍ਹਾਂ ਪਾਮ ਤੇਲ ਦੀ ਔਸਤ ਪ੍ਰਚੂਨ ਕੀਮਤ ਜੋ ਪਿਛਲੇ ਹਫਤੇ 134 ਰੁਪਏ ਸੀ, ਸ਼ੁੱਕਰਵਾਰ ਨੂੰ ਘੱਟ ਕੇ 132 ਰੁਪਏ ਪ੍ਰਤੀ ਲਿਟਰ 'ਤੇ ਆ ਗਈ ਪਰ ਪਿਛਲੇ ਇਕ ਹਫ਼ਤੇ ਵਿਚ ਸੋਇਆਬੀਨ ਤੇਲ ਦੀ ਔਸਤ ਪ੍ਰਚੂਨ ਕੀਮਤ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਸ਼ੁੱਕਰਵਾਰ ਨੂੰ ਇਸ ਤੇਲ ਦੀ ਔਸਤ ਕੀਮਤ 156 ਰੁਪਏ ਪ੍ਰਤੀ ਲਿਟਰ ਸੀ। ਇਸ ਸਭ ਵਿਚਕਾਰ ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ. ਆਈ.) ਨੇ ਸੋਇਆ ਤੇ ਸੂਰਜਮੁਖੀ ਤੇਲ ਦੀ ਤਰ੍ਹਾਂ ਸਰ੍ਹੋਂ ਦੀ ਦਰਾਮਦ ਡਿਊਟੀ ਘਟਾਉਣ ਦੀ ਬੇਨਤੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਰ੍ਹੋਂ ਦੀ ਦਰਾਮਦ ਡਿਊਟੀ ਹੋਰ ਤੇਲ ਦੇ ਮੁਕਾਬਲੇ ਜ਼ਿਆਦਾ ਘਟਾਉਣੀ ਚਾਹੀਦੀ ਹੈ।
ਮਹਿੰਗਾ ਹੋਵੇਗਾ ਹਵਾਈ ਸਫਰ, ਕਿਰਾਏ ਦੀ ਸੀਮਾ ਹੁਣ 15 ਦਿਨ ਹੀ ਰਹੇਗੀ ਲਾਗੂ
NEXT STORY