ਨਵੀਂ ਦਿੱਲੀ— ਹੁਣ ਤੁਹਾਡੇ ਸ਼ਹਿਰ ਦਾ ਪੋਸਟਮੈਨ ਵੀ ਬੈਂਕਰ ਬਣਨ ਜਾ ਰਿਹਾ ਹੈ, ਜੋ ਲੋਕਾਂ ਨੂੰ ਘਰ-ਘਰ ਜਾ ਕੇ ਡਿਜੀਟਲ ਬੈਂਕਿੰਗ ਦੀ ਸੁਵਿਧਾ ਦੇਵੇਗਾ। ਸਰਕਾਰ ਦੇਸ਼ ਭਰ 'ਚ ਜਲਦ ਹੀ 'ਇੰਡੀਆ ਪੋਸਟ ਪੇਮੈਂਟਸ ਬੈਂਕ (ਆਈ. ਪੀ. ਪੀ. ਬੀ.)' ਲਾਂਚ ਕਰਨ ਵਾਲੀ ਹੈ। ਪਹਿਲਾਂ ਇਸ ਦੀ ਲਾਂਚਿੰਗ 21 ਅਗਸਤ ਨੂੰ ਹੋਣੀ ਸੀ ਪਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ 'ਤੇ ਕੇਂਦਰ ਵੱਲੋਂ ਦੇਸ਼ 'ਚ 7 ਦਿਨ ਦੇ ਰਾਸ਼ਟਰੀ ਸੋਗ ਦੇ ਮੱਦੇਨਜ਼ਰ ਇਸ ਪ੍ਰੋਗਰਾਮ ਨੂੰ ਟਾਲ ਦਿੱਤਾ ਗਿਆ। ਇੰਡੀਆ ਪੋਸਟ ਪੇਮੈਂਟ ਬੈਂਕ ਪੂਰੀ ਤਰ੍ਹਾਂ ਸਰਕਾਰੀ ਕੰਪਨੀ ਹੈ, ਜੋ ਡਾਕਘਰ ਵਿਭਾਗ ਤਹਿਤ ਕੰਮ ਕਰੇਗੀ।
ਦੇਸ਼ 'ਚ ਆਈ. ਪੀ. ਪੀ. ਬੀ. ਦੀਆਂ 650 ਬ੍ਰਾਂਚਾਂ 'ਚ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਦਾ ਆਨੰਦ ਮਿਲੇਗਾ, ਯਾਨੀ ਹਰ ਜ਼ਿਲੇ 'ਚ ਇਕ ਬ੍ਰਾਂਚ ਹੋਵੇਗੀ, ਨਾਲ ਹੀ 3,250 ਡਾਕਘਰਾਂ 'ਚ ਆਈ. ਪੀ. ਪੀ. ਬੀ. ਸੈਂਟਰ ਹੋਣਗੇ। ਪਿੰਡਾਂ ਅਤੇ ਸ਼ਹਿਰਾਂ ਦੋਹਾਂ 'ਚ ਘਰੋਂ-ਘਰੀਂ ਜਾ ਕੇ ਬੈਂਕਿੰਗ ਸੇਵਾਵਾਂ ਦੇਣ ਲਈ ਤਕਰੀਬਨ 11,000 ਪੋਸਟਮੈਨ ਨੂੰ ਨਿਯੁਕਤ ਕੀਤਾ ਜਾਵੇਗਾ। ਇੰਨਾ ਹੀ ਨਹੀਂ ਸਰਕਾਰ ਦੀ ਯੋਜਨਾ ਇਸ ਸਾਲ ਦੇ ਅਖੀਰ ਤਕ ਡਾਕ ਵਿਭਾਗ ਦੇ 1.55 ਲੱਖ ਡਾਕਘਰਾਂ ਨੂੰ ਆਈ. ਪੀ. ਪੀ. ਬੀ. ਸੇਵਾਵਾਂ ਨਾਲ ਜੋੜਨ ਦੀ ਹੈ। ਇਸ ਨਾਲ ਦੇਸ਼ ਦੇ ਹਰ ਜ਼ਿਲੇ, ਕਸਬੇ ਅਤੇ ਪਿੰਡਾਂ 'ਚ ਸਥਿਤ ਡਾਕਘਰਾਂ ਜ਼ਰੀਏ ਆਮ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਦਾ ਲਾਭ ਮਿਲੇਗਾ। ਹਫਤੇ 'ਚ 24 ਘੰਟੇ ਗਾਹਕ ਸਹਾਇਤਾ ਵੀ ਉਪਲੱਬਧ ਹੋਵੇਗੀ।
ਆਈ. ਪੀ. ਪੀ. ਬੀ. ਦੀ ਸਭ ਤੋਂ ਖਾਸ ਗੱਲ ਘਰ ਬੈਠੇ ਸ਼ਖਸ ਨੂੰ ਬੈਂਕਿੰਗ ਸੇਵਾਵਾਂ ਦੇਣਾ ਹੈ। ਇਸ ਤਹਿਤ ਘਰ ਬੈਠੇ ਜੋ ਸੇਵਾਵਾਂ ਪੇਮੈਂਟਸ ਬੈਂਕ ਵੱਲੋਂ ਉਪਲੱਬਧ ਕਰਾਈਆਂ ਜਾਣਗੀਆਂ ਉਨ੍ਹਾਂ 'ਚ : ਖਾਤਾ ਖੁੱਲਵਾਉਣ, ਪੈਸੇ ਜਮ੍ਹਾ ਕਰਾਉਣ ਜਾਂ ਕਢਾਉਣ; ਪੈਸੇ ਟਰਾਂਸਫਰ ਕਰਨ; ਰੀਚਾਰਜ ਅਤੇ ਬਿੱਲ ਪੇਮੈਂਟ ਆਦਿ ਸ਼ਾਮਲ ਹੋਣਗੇ। ਉੱਥੇ ਹੀ ਮੋਬਾਇਲ ਬੈਂਕਿੰਗ, ਫੋਨ ਬੈਂਕਿੰਗ ਅਤੇ ਐੱਸ. ਐੱਮ. ਐੱਸ. ਬੈਂਕਿੰਗ ਦੇ ਇਲਾਵਾ ਆਈ. ਪੀ. ਪੀ. ਬੀ. 'QR ਕਾਰਡ ਵੀ ਦੇਵੇਗਾ। QR ਕਾਰਡ ਦੀ ਮਦਦ ਨਾਲ ਤੁਸੀਂ ਬਿਨਾਂ ਖਾਤਾ ਨੰਬਰ ਯਾਦ ਰੱਖੇ ਲੈਣ-ਦੇਣ ਕਰ ਸਕੋਗੇ। ਸਾਰੇ ਲੈਣ-ਦੇਣ ਬਾਇਓਮੈਟ੍ਰਿਕ ਜ਼ਰੀਏ ਤਸਦੀਕ ਹੋਣਗੇ, ਯਾਨੀ ਕਿ ਕਾਰਡ ਗੁੰਮ ਹੋਣ 'ਤੇ ਵੀ ਤੁਹਾਡੇ ਪੈਸੇ ਚੋਰੀ ਨਹੀਂ ਹੋ ਸਕਣਗੇ।
ਬਿਜਲੀ ਦਾ ਮੀਟਰ ਦੇਖ ਕੇ ਮਿਲੇਗਾ ਮੁਫਤ ਬੀਮਾ
NEXT STORY