ਨਵੀਂ ਦਿੱਲੀ - ਦਿੱਗਜ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਆਪਣੇ 35 ਲੱਖ ਸ਼ੇਅਰਹੋਲਡਰਜ਼ ਨੂੰ ਤੋਹਫਾ ਦਿੰਦੇ ਹੋਏ ਇਕ ਸ਼ੇਅਰ ’ਤੇ ਇਕ ਬੋਨਸ ਸ਼ੇਅਰ ਦੇਣ ਦਾ ਪ੍ਰਸਤਾਵ ਕੀਤਾ ਹੈ। ਇਸ ’ਤੇ ਆਖਰੀ ਫੈਸਲਾ 5 ਸਤੰਬਰ ਨੂੰ ਨਿਰਦੇਸ਼ਕ ਮੰਡਲ ਦੀ ਬੈਠਕ ’ਚ ਹੋਵੇਗਾ । ਰਿਲਾਇੰਸ ਇੰਡਸਟਰੀਜ਼ ਨੇ ਵੀਰਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਬੋਨਸ ਸ਼ੇਅਰ ਸਬੰਧੀ ਪ੍ਰਸਤਾਵ ਦੀ ਜਾਣਕਾਰੀ ਦਿੱਤੀ। ਉੱਧਰ ਜਾਣਕਾਰਾਂ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੂੰ ਇਸ ’ਚ ਜ਼ਿਆਦਾ ਖੁਸ਼ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਨਾਲ ਨਿਵੇਸ਼ਕਾਂ ਵੱਲੋਂ ਕੀਤੇ ਗਏ ਨਿਵੇਸ਼ ਦੀ ਵੈਲਿਊ ਨਹੀਂ ਵਧੇਗੀ ਸਗੋਂ ਉਨ੍ਹਾਂ ਕੋਲ ਰਿਲਾਇੰਸ ਦੇ ਸ਼ੇਅਰਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ ਪਰ ਸ਼ੇਅਰ ਦੀ ਕੀਮਤ ਘੱਟ ਹੋ ਕੇ ਅੱਧੀ ਰਹਿ ਜਾਵੇਗੀ।
ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਮੁੱਲਵਾਨ ਕੰਪਨੀ ਰਿਲਾਇੰਸ ਨੇ ਇਸ ਤੋਂ ਪਹਿਲਾਂ ਸਤੰਬਰ, 2017 ’ਚ ‘ਬੋਨਸ’ ਸ਼ੇਅਰ ਜਾਰੀ ਕੀਤੇ ਸਨ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕੰਪਨੀ ਦੀ 47ਵੀਂ ਏ. ਜੀ. ਐੱਮ. ’ਚ ਸ਼ੇਅਰਧਾਰਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨਿਰਦੇਸ਼ਕ ਮੰਡਲ ਦੀ 5 ਸਤੰਬਰ ਨੂੰ ਹੋਣ ਵਾਲੀ ਬੈਠਕ ’ਚ ਪ੍ਰਤੀ ਸ਼ੇਅਰ ਇਕ ‘ਬੋਨਸ’ ਸ਼ੇਅਰ ਜਾਰੀ ਕਰਨ ’ਤੇ ਵਿਚਾਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ,‘‘ਜਦੋਂ ਰਿਲਾਇੰਸ ਅੱਗੇ ਵੱਧਦੀ ਹੈ ਤਾਂ ਅਸੀਂ ਆਪਣੇ ਸ਼ੇਅਰਧਾਰਕਾਂ ਨੂੰ ਵੀ ਇਸ ਦਾ ਲਾਭ ਦਿੰਦੇ ਹਾਂ। ਰਿਲਾਇੰਸ ਨੇ ਇਸ ਤੋਂ ਪਹਿਲਾਂ 2017 ਅਤੇ 2009 ’ਚ ਵੀ ਸ਼ੇਅਰਧਾਰਕਾਂ ਨੂੰ 1 : 1 ਦੇ ਅਨੁਪਾਤ ’ਚ ਬੋਨਸ ਸ਼ੇਅਰ ਜਾਰੀ ਕੀਤੇ ਸਨ। ਬੋਨਸ ਸ਼ੇਅਰ ਦੇ ਐਲਾਨ ਦਾ ਅਸਰ ਰਿਲਾਇੰਸ ਦੇ ਸ਼ੇਅਰਾਂ ’ਚ ਤੇਜ਼ੀ ਦਾ ਰੁਝੇਵਾਂ ਵੇਖਿਆ ਗਿਆ। ਕਾਰੋਬਾਰ ਦੇ ਆਖਿਰ ’ਚ ਰਿਲਾਇੰਸ ਦਾ ਸ਼ੇਅਰ 1.50 ਫੀਸਦੀ ਤੋਂ ਜ਼ਿਆਦਾ ਚੜ੍ਹ ਗਿਆ। ਬੀ. ਐੱਸ. ਈ. ’ਤੇ ਕੰਪਨੀ ਦਾ ਸ਼ੇਅਰ 1.51 ਫੀਸਦੀ ਵਧ ਕੇ 3,040.85 ਰੁਪਏ ’ਤੇ ਬੰਦ ਹੋਇਆ, ਉਥੇ ਹੀ ਐੱਨ. ਐੱਸ. ਈ. ’ਤੇ ਇਹ ਸ਼ੇਅਰ 1.54 ਫੀਸਦੀ ਚੜ੍ਹ ਕੇ 3,042.90 ਰੁਪਏ ’ਤੇ ਪਹੁੰਚ ਗਿਆ। ਸ਼ੇਅਰਾਂ ਦੇ ਭਾਵ ’ਚ ਤੇਜ਼ੀ ਨਾਲ ਕੰਪਨੀ ਦਾ ਬਾਜ਼ਾਰ ਮੁਲਾਂਕਣ ਵੀ 30,389.92 ਕਰੋਡ਼ ਵਧ ਕੇ 20,57,382.97 ਕਰੋਡ਼ ਰੁਪਏ ’ਤੇ ਪਹੁੰਚ ਗਿਆ।
2023-24 ’ਚ 1.7 ਲੱਖ ਨਵੀਆਂ ਨੌਕਰੀਆਂ ਦਿੱਤੀਆਂ
ਅੰਬਾਨੀ ਨੇ ਆਪਣੇ ਗਰੁੱਪ ’ਚ ਨੌਕਰੀਆਂ ’ਚ ਕਟੌਤੀ ਦੀਆਂ ਖਬਰਾਂ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਨੇ ਇਸ ਖਬਰ ਨੂੰ ਗੁੰਮਰਾਹਕੁੰਨ ਦੱਸਿਆ ਹੈ। ਅੰਬਾਨੀ ਨੇ ਸਪੱਸ਼ਟ ਕੀਤਾ ਕਿ ਰਿਲਾਇੰਸ ਨੇ ਵਿੱਤੀ ਸਾਲ 2023-24 ’ਚ 1.7 ਲੱਖ ਨੌਕਰੀਆਂ ਦਿੱਤੀਆਂ ਹਨ। ਇਸ ਦੇ ਨਾਲ ਹੁਣ ਕੰਪਨੀ ਦੇ ਕੁਲ ਕਰਮਚਾਰੀਆਂ ਦੀ ਗਿਣਤੀ ਵਧ ਕੇ 6.5 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉਨ੍ਹਾਂ ਨੇ ਏ. ਜੀ. ਐੱਮ. ’ਚ ਦਾਅਵਾ ਕੀਤਾ ਕਿ ਅੱਜ ਦੀ ਤਰੀਕ ’ਚ ਰਿਲਾਇੰਸ ਗਰੁੱਪ ਦੇਸ਼ ਦਾ ਸਭ ਤੋਂ ਵੱਡਾ ਇੰਪਲਾਇਰ ਹੈ।
ਜੀਓ ਗਾਹਕਾਂ ਲਈ 100 ਜੀ. ਬੀ. ਕਲਾਊਡ ਸਟੋਰੇਜ ਮੁਫਤ ਮਿਲੇਗਾ
ਅੰਬਾਨੀ ਨੇ ਕੰਪਨੀ ਦੇ ਏ. ਆਈ. ਅਤੇ ਕਲਾਊਡ ਪਲੇਅ ਸੈਕਟਰ ਨੂੰ ਵਿਸਥਾਰ ਦਿੰਦੇ ਹੋਏ ਕਿਹਾ ਕਿ ਰਿਲਾਇੰਸ ਜੀਓ ਦੇ ਗਾਹਕਾਂ ਨੂੰ 100 ਜੀ. ਬੀ. ਤੱਕ ਮੁਫਤ ਕਲਾਊਡ ਸਟੋਰੇਜ ਮਿਲੇਗਾ। ਜੀਓ ਗਾਹਕ ਇਸ ਕਲਾਊਡ ਸਟੋਰੇਜ ’ਚ ਆਪਣੇ ਫੋਟੋ, ਵੀਡੀਓ, ਦਸਤਾਵੇਜ਼, ਡਿਜੀਟਲ ਸਮੱਗਰੀ ਅਤੇ ਡਾਟਾ ਨੂੰ ਸੁਰੱਖਿਅਤ ਰੂਪ ਨਾਲ ਸਟੋਰ ਕਰ ਸਕਣਗੇ।
ਡਿਜ਼ਨੀ ਨਾਲ ਸਮਝੌਤਾ ਭਾਰਤ ਦੇ ਮਨੋਰੰਜਨ ਉਦਯੋਗ ’ਚ ਨਵੇਂ ਯੁੱਗ ਦੀ ਸ਼ੁਰੂਆਤ
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਅਤੇ ਵਾਲਟ ਡਿਜ਼ਨੀ ’ਚ ਸਮਝੌਤੇ ਨੂੰ ਮਨਜ਼ੂਰੀ ਦੇਸ਼ ਦੇ ਮਨੋਰੰਜਨ ਉਦਯੋਗ ’ਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਰਿਲਾਇੰਸ ਅਤੇ ਵਾਲਟ ਡਿਜ਼ਨੀ ਦੀ ਮੀਡੀਆ ਜਾਇਦਾਦਾਂ ਦੇ ਰਲੇਵੇਂ ਨੂੰ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਵੱਲੋਂ ਹਰੀ ਝੰਡੀ ਮਿਲਣ ਦੇ ਇਕ ਦਿਨ ਬਾਅਦ ਉਨ੍ਹਾਂ ਨੇ ਇਹ ਕਿਹਾ। ਰਿਲਾਇੰਸ ਪਰਿਵਾਰ ’ਚ ਡਿਜ਼ਨੀ ਦਾ ਸਵਾਗਤ ਕਰਦੇ ਹੋਏ ਅੰਬਾਨੀ ਨੇ ਕਿਹਾ ਕਿ ਜੀਓ ਅਤੇ ਪ੍ਰਚੂਨ ਕਾਰੋਬਾਰ ਦੀ ਤਰ੍ਹਾਂ ਹੀ ਵਿਸਥਾਰਿਤ ਮੀਡੀਆ ਕਾਰੋਬਾਰ ਵੀ ਰਿਲਾਇੰਸ ਮਾਹੌਲ ’ਚ ਇਕ ਅਮੁੱਲ ਵਾਧਾ ਕੇਂਦਰ ਹੋਵੇਗਾ।
ਰਿਲਾਇੰਸ ਰਿਟੇਲ ਦਾ 3-4 ਸਾਲਾਂ ’ਚ ਕਾਰੋਬਾਰ ਦੁੱਗਣਾ ਕਰਨ ਦਾ ਟੀਚਾ
ਪ੍ਰਚੂਨ ਵਿਕਰੇਤਾ ਰਿਲਾਇੰਸ ਰਿਟੇਲ ਦੀ ਨਿਰਦੇਸ਼ਕ ਈਸ਼ਾ ਅੰਬਾਨੀ ਨੇ ਕਿਹਾ ਕਿ ਕੰਪਨੀ ਅਗਲੇ 3 ਤੋਂ 4 ਸਾਲਾਂ ’ਚ ਆਪਣੇ ਕਾਰੋਬਾਰ ਨੂੰ ਦੁੱਗਣਾ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ। ਰਿਲਾਇੰਸ ਰਿਟੇਲ ਨੇ ਵਿੱਤੀ ਸਾਲ 2023-24 ’ਚ 3.06 ਲੱਖ ਕਰੋਡ਼ ਰੁਪਏ ਦਾ ਕੁਲ ਮਾਲੀਆ ਅਰਜਿਤ ਕੀਤਾ, ਜੋ ਉਸ ਦੇ ਇਕ ਸਾਲ ਪਹਿਲਾਂ ਦੀ ਤੁਲਣਾ ’ਚ 17.8 ਫੀਸਦੀ ਜ਼ਿਆਦਾ ਹੈ।
4600 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਜੂਹੀ ਚਾਵਲਾ ਟੌਪ 10 ਸੈਲਫ ਮੇਡ ਔਰਤਾਂ ਦੀ ਸੂਚੀ 'ਚ ਸ਼ਾਮਲ
NEXT STORY