ਬਿਜ਼ਨੈੱਸ ਡੈਸਕ : ਬੀਤੇ ਦਿਨੀਂ ਰੂਸ ਨੇ ਕਿਹਾ ਕਿ ਜੇਕਰ ਜੀ-7 ਦੇਸ਼ਾਂ ਵੱਲੋਂ ਪ੍ਰਸਤਾਵਿਤ ਪੈਟਰੋਲੀਅਮ ਪਦਾਰਥਾਂ ਦੀ ਕੀਮਤ ਦੀ ਸਹੀ ਸੀਮਾ ਤੈਅ ਨਹੀਂ ਹੁੰਦੀ ਤਾਂ ਉਹ ਗਲੋਬਲ ਬਾਜ਼ਾਰ 'ਚ ਤੇਲ ਦੀ ਸਪਲਾਈ ਬੰਦ ਕਰ ਦੇਵੇਗਾ। ਭਾਰਤ 'ਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਕਿਹਾ, ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਜੀ-7 ਦੇਸ਼ਾਂ ਦੁਆਰਾ ਤੈਅ ਕੀਤੀ ਗਈ ਕੀਮਤ ਸੀਮਾ ਵਾਜਬ ਨਹੀਂ ਹੈ ਤਾਂ ਉਹ ਇਸ ਨੂੰ ਸਵਿਕਾਰ ਨਹੀਂ ਕਰਨਗੇ। ਅਜਿਹੇ 'ਚ ਰੂਸ ਸਪੱਸ਼ਟ ਤੌਰ 'ਤੇ ਗਲੋਬਲ ਬਾਜ਼ਾਰਾਂ 'ਚ ਤੇਲ ਦੀ ਸਪਲਾਈ 'ਤੇ ਰੋਕ ਲਗਾ ਦੇਵੇਗਾ।
ਯੂਕਰੇਨ 'ਤੇ ਹਮਲੇ ਤੋਂ ਬਾਅਦ, ਅਮਰੀਕਾ ਦੀ ਅਗਵਾਈ ਵਾਲੇ ਕਈ ਪੱਛਮੀ ਦੇਸ਼ਾਂ ਨੇ ਰੂਸ 'ਤੇ ਸਖ਼ਤ ਆਰਥਿਕ ਪਾਬੰਦੀਆਂ ਲਗਾਈਆਂ ਹਨ। ਇਸ ਦੇ ਵਿਰੋਧ ਵਿੱਚ ਰੂਸ ਨੇ ਵੀ ਯੂਰਪੀ ਦੇਸ਼ਾਂ ਨੂੰ ਤੇਲ ਅਤੇ ਗੈਸ ਦੀ ਸਪਲਾਈ ਵਿੱਚ ਕਾਫ਼ੀ ਕਟੌਤੀ ਕਰ ਦਿੱਤੀ ਹੈ। ਰੂਸ 'ਤੇ ਸਖ਼ਤੀ ਵਧਾਉਣ ਲਈ ਅਮਰੀਕਾ ਅਤੇ ਹੋਰ ਵਿਕਸਤ ਦੇਸ਼ਾਂ ਨੇ ਆਪਣੇ ਪੈਟਰੋਲੀਅਮ ਪਦਾਰਥਾਂ ਦੀ ਵੱਧ ਤੋਂ ਵੱਧ ਕੀਮਤ ਤੈਅ ਕਰਨ ਦੀ ਗੱਲ ਕੀਤੀ ਹੈ। ਰੂਸ ਨੂੰ ਈਂਧਨ ਨਿਰਯਾਤ ਤੋਂ ਵਿਦੇਸ਼ੀ ਮੁਦਰਾ 'ਤੇ ਲਗਾਮ ਲਗਾਉਣ ਲਈ ਇਸ ਕਦਮ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਇਸ ਸੰਦਰਭ 'ਚ ਪੁੱਛੇ ਜਾਣ 'ਤੇ ਰੂਸੀ ਰਾਜਦੂਤ ਨੇ ਕਿਹਾ ਕਿ ਰੂਸ ਉਸ ਦੇ ਵਪਾਰਕ ਹਿੱਤਾਂ ਨੂੰ ਠੇਸ ਪਹੁੰਚਾਉਣ ਵਾਲੇ ਕਿਸੇ ਵੀ ਕਦਮ ਨੂੰ ਸਵੀਕਾਰ ਨਹੀਂ ਕਰੇਗਾ।
ਅਲੀਪੋਵ ਨੇ ਕਿਹਾ ਕਿ ਕੀਮਤ ਬੈਂਡ ਤੈਅ ਕਰਨ ਨਾਲ ਗਲੋਬਲ ਬਾਜ਼ਾਰਾਂ 'ਚ ਤੇਲ ਦੀ ਭਾਰੀ ਕਮੀ ਪੈਦਾ ਹੋਵੇਗੀ ਜਿਸ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ ਆ ਸਕਦਾ ਹੈ। ਅਮਰੀਕਾ ਨੇ ਭਾਰਤ ਨੂੰ ਰੂਸੀ ਤੇਲ ਦੀ ਕੀਮਤ ਤੈਅ ਕਰਨ ਦੀ ਪ੍ਰਣਾਲੀ ਦਾ ਹਿੱਸਾ ਬਣਨ ਦੀ ਵੀ ਬੇਨਤੀ ਕੀਤੀ ਹੈ। ਇਸ ਬਾਰੇ ਭਾਰਤ ਨੇ ਕਿਹਾ ਹੈ ਕਿ ਉਹ ਇਸ ਪ੍ਰਸਤਾਵ ਦੀ ਧਿਆਨ ਨਾਲ ਜਾਂਚ ਕਰਨ ਤੋਂ ਬਾਅਦ ਕੋਈ ਫ਼ੈਸਲਾ ਲਵੇਗਾ। ਇਸ ਸਬੰਧ ਵਿਚ ਰੂਸੀ ਰਾਜਦੂਤ ਨੇ ਕਿਹਾ ਭਾਰਤ ਨੇ ਹੁਣ ਤੱਕ ਇਸ ਵਿਚਾਰ ਨੂੰ ਲੈ ਕੇ ਸਾਵਧਾਨੀ ਵਾਲਾ ਰੁਖ਼ ਅਪਣਾਇਆ ਹੈ। ਇਹ ਵਿਚਾਰ ਭਾਰਤ ਦੇ ਹਿੱਤਾਂ ਲਈ ਲਾਭਦਾਇਕ ਨਹੀਂ ਹੋਵੇਗਾ।ਹਾਲਾਂਕਿ ਉਹ ਇਸ ਗੱਲ 'ਤੇ ਸਹਿਮਤ ਹੋਏ ਕਿ ਭਾਰਤ ਅਜਿਹੀ ਪ੍ਰਣਾਲੀ ਨੂੰ ਲਾਗੂ ਕਰਨ ਬਾਰੇ ਕੋਈ ਵੀ ਫੈਸਲਾ ਆਪਣੇ ਹਿੱਤਾਂ ਦੇ ਅਨੁਸਾਰ ਲਵੇਗਾ।
1 ਅਕਤੂਬਰ ਤੋਂ ਬਦਲ ਜਾਣਗੇ ਪੈਸੇ ਨਾਲ ਜੁੜੇ ਇਹ ਨਿਯਮ, ਜਲਦੀ ਨਿਪਟਾ ਲਓ ਰਹਿੰਦੇ ਕੰਮ
NEXT STORY