ਨਵੀਂ ਦਿੱਲੀ— ਹੁਣ ਤੁਹਾਨੂੰ ਜੀਵਨ ਬੀਮਾ ਲੈਣ ਲਈ ਬਹੁਤੀ ਖੱਜਲ-ਖੁਆਰੀ 'ਚ ਨਹੀਂ ਪੈਣਾ ਪਵੇਗਾ। 1 ਜਨਵਰੀ 2021 ਤੋਂ ਸਾਰੀਆਂ ਜੀਵਨ ਬੀਮਾ ਕੰਪਨੀਆਂ ਨੂੰ ਇਕ ਸਟੈਂਡਰਡ ਨਿੱਜੀ ਟਰਮ ਲਾਈਫ ਇੰਸ਼ੋਰੈਂਸ ਪੇਸ਼ ਕਰਨਾ ਲਾਜ਼ਮੀ ਹੋਵੇਗਾ, ਜਿਸ ਦਾ ਨਾਂ 'ਸਰਲ ਜੀਵਨ ਬੀਮਾ' ਹੋਵੇਗਾ।
ਇਰਡਾ ਨੇ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਰਡਾ ਨੇ ਇਕ ਸਰਕੂਲਰ ਜਾਰੀ ਕਰਕੇ ਕਿਹਾ ਕਿ ਮੌਜੂਦਾ ਸਮੇਂ ਵੱਖ-ਵੱਖ ਨਿਯਮਾਂ ਅਤੇ ਸ਼ਰਤਾਂ ਨਾਲ ਬਾਜ਼ਾਰ 'ਚ ਕਈ ਜੀਵਨ ਬੀਮਾ ਉਤਪਾਦ ਹਨ ਪਰ ਗਾਹਕਾਂ ਕੋਲ ਬਹੁਤਾ ਸਮਾਂ ਨਾ ਹੋਣ ਕਾਰਨ ਇਨ੍ਹਾਂ 'ਚੋਂ ਆਪਣੇ ਲਈ ਸਹੀ ਉਤਪਾਦ ਦੀ ਚੋਣ ਕਰਨਾ ਮੁਸ਼ਕਲ ਹੁੰਦਾ ਹੈ। ਇਸ ਨੂੰ ਦੇਖਦੇ ਹੋਏ ਸਾਧਾਰਣ ਵਿਸ਼ੇਸ਼ਤਾਵਾਂ ਨਾਲ ਇਕ ਸਟੈਂਡਰਡ ਜੀਵਨ ਬੀਮਾ ਉਤਪਾਦ ਪੇਸ਼ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ, ਜਿਸ ਦੇ ਨਿਯਮ ਅਤੇ ਸ਼ਰਤਾਂ ਇਕੋ-ਜਿਹੇ ਹੋਣ।
ਮੌਜੂਦਾ ਸਮੇਂ ਟਰਮ ਪਲਾਨ ਨਾਲ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਜ਼ਿਆਦਾਤਰ ਕੰਪਨੀਆਂ ਨੇ ਇਸ ਲਈ 3 ਲੱਖ ਤੋਂ 5 ਲੱਖ ਤੱਕ ਦੀ ਸਾਲਾਨਾ ਆਮਦਨ ਦੀ ਯੋਗਤਾ ਨਿਰਧਾਰਤ ਕਰ ਰੱਖੀ ਹੈ, ਜਿਸ ਦਾ ਅਰਥ ਹੈ ਕਿ 98 ਫੀਸਦੀ ਆਬਾਦੀ ਇਸ ਦੇ ਕਾਬਲ ਨਹੀਂ ਹੈ। ਇਰਡਾ ਦੇ ਨਵੇਂ ਕਦਮ ਨਾਲ ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟਰਮ ਲਾਈਫ ਇੰਸ਼ੋਰੈਂਸ ਪਲਾਨ ਲੈਣ 'ਚ ਮਦਦ ਮਿਲੇਗੀ। 'ਸਰਲ ਜੀਵਨ ਬੀਮਾ' 18 ਤੋਂ 65 ਸਾਲ ਤੱਕ ਦਾ ਕੋਈ ਵੀ ਵਿਅਕਤੀ ਲੈ ਸਕੇਗਾ। ਇਸ ਦੀ ਮਿਆਦ 5 ਤੋਂ 40 ਸਾਲਾਂ ਵਿਚਕਾਰ ਹੋਵੇਗੀ। ਇਰਡਾ ਨੇ ਸਾਰੀਆਂ ਜੀਵਨ ਬੀਮਾ ਕੰਪਨੀਆਂ ਨੂੰ 31 ਦਸੰਬਰ ਤੱਕ ਤਾਜ਼ਾ ਉਤਪਾਦ ਦੀ ਜਾਣਕਾਰੀ ਉਸ ਕੋਲ ਜਮ੍ਹਾ ਕਰਾਉਣ ਲਈ ਕਿਹਾ ਹੈ।
ਰਿਲਾਇੰਸ ਇੰਡਸਟਰੀਜ਼ ਦੀ ਪ੍ਰਚੂਨ ਸ਼ਾਖਾ ਨੂੰ 1.28% ਹਿੱਸੇਦਾਰੀ ਦੇ ਬਦਲੇ ਕੇਕੇਆਰ ਤੋਂ ਮਿਲੇ 5,550 ਕਰੋੜ ਰੁਪਏ
NEXT STORY