ਲੰਡਨ— ਪੈਟਰੋਲ-ਡੀਜ਼ਲ ਕੀਮਤਾਂ 'ਤੇ ਆਉਣ ਵਾਲੇ ਦਿਨਾਂ 'ਚ ਰਾਹਤ ਮਿਲਣ ਦੀ ਸੰਭਾਵਨਾ ਹੈ। ਸਾਊਦੀ ਦੀ ਸਪਲਾਈ ਜਲਦ ਹੀ ਬਾਜ਼ਾਰ 'ਚ ਪੂਰੀ ਤਰ੍ਹਾਂ ਬਹਾਲ ਹੋਣ ਜਾ ਰਹੀ ਹੈ।
ਸਾਊਦੀ ਦੀ ਸਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ ਨੇ ਹੁਣ ਤਕ 57 ਲੱਖ ਬੈਰਲ ਦਾ 75 ਫੀਸਦੀ ਤੋਂ ਵੱਧ ਉਤਪਾਦਨ ਬਹਾਲ ਕਰ ਦਿੱਤਾ ਹੈ, ਜੋ ਲਗਭਗ ਦਸ ਦਿਨ ਪਹਿਲਾਂ ਹੋਏ ਡਰੋਨ ਹਮਲੇ ਕਾਰਨ ਉਸ ਨੂੰ ਬੰਦ ਕਰਨਾ ਪਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸਾਊਦੀ ਦਾ ਉਤਪਾਦਨ ਅਗਲੇ ਹਫਤੇ ਦੇ ਸ਼ੁਰੂ 'ਚ ਪੂਰੀ ਮਾਤਰਾ 'ਤੇ ਵਾਪਸ ਆ ਜਾਵੇਗਾ। 14 ਸਤੰਬਰ ਨੂੰ ਸਾਊਦੀ ਅਰਾਮਕੋ ਦੇ ਦੋ ਪਲਾਂਟਾਂ 'ਤੇ ਡਰੋਨ ਹਮਲੇ ਹੋਏ ਸਨ, ਹੁਣ ਇਨ੍ਹਾਂ 'ਚੋਂ ਇਕ ਪਲਾਂਟ ਰੋਜ਼ਾਨਾ 13 ਲੱਖ ਬੈਰਲ ਤੇ ਦੂਜਾ 30 ਲੱਖ ਬੈਰਲ ਕੱਚੇ ਤੇਲ ਦਾ ਉਤਪਾਦਨ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਾਊਦੀ ਤੇਲ ਕੰਪਨੀ 'ਤੇ ਹੋਏ ਡਰੋਨ ਹਮਲੇ ਦੇ ਦੋ ਦਿਨਾਂ ਮਗਰੋਂ 16 ਸਤੰਬਰ ਨੂੰ ਬਾਜ਼ਾਰ ਖੁੱਲ੍ਹਣ 'ਤੇ ਕਾਰੋਬਾਰ ਦੌਰਾਨ ਕੱਚੇ ਤੇਲ ਦੀ ਕੀਮਤ 20 ਫੀਸਦੀ ਤਕ ਉਛਲ ਕੇ 68 ਡਾਲਰ ਪ੍ਰਤੀ ਬੈਰਲ ਤੋਂ ਉਪਰ ਪਹੁੰਚ ਗਈ ਸੀ।ਫਿਲਹਾਲ ਹੁਣ ਬ੍ਰੈਂਟ ਕੱਚਾ ਤੇਲ 64 ਡਾਲਰ ਪ੍ਰਤੀ ਬੈਰਲ ਅਤੇ ਡਬਲਿਊ. ਟੀ. ਆਈ. ਯਾਨੀ ਵੈਸਟ ਟੈਕਸਸ ਇੰਟਰਮੀਡੀਏਟ 58 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।
ਹਾਲਾਂਕਿ, ਸਾਊਦੀ 'ਚ ਹੋਏ ਡਰੋਨ ਹਮਲੇ ਤੋਂ ਪਹਿਲਾਂ ਬ੍ਰੈਂਟ ਦੀ ਕੀਮਤ 60.22 ਡਾਲਰ ਪ੍ਰਤੀ ਬੈਰਲ ਅਤੇ ਡਬਲਿਊ. ਟੀ. ਆਈ. ਦੀ ਕੀਮਤ 54.85 ਡਾਲਰ ਪ੍ਰਤੀ ਬੈਰਲ ਸੀ। ਕੌਮਾਂਤਰੀ ਬਾਜ਼ਾਰ 'ਚ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਦੁਬਾਰਾ 60 ਡਾਲਰ ਪ੍ਰਤੀ ਬੈਰਲ 'ਤੇ ਆਉਂਦੀਆਂ ਹਨ ਤਾਂ ਪੈਟਰੋਲ-ਡੀਜ਼ਲ ਕੀਮਤਾਂ 'ਚ ਵੀ ਰਾਹਤ ਮਿਲ ਸਕਦੀ ਹੈ। ਸਾਊਦੀ ਦਾ ਉਤਪਾਦਨ ਪ੍ਰਭਾਵਿਤ ਹੋਣ ਨਾਲ ਵਿਸ਼ਵ ਭਰ ਦੀ ਸਪਲਾਈ 'ਚ 5 ਫੀਸਦੀ ਦੀ ਕਮੀ ਹੋ ਗਈ ਸੀ। ਹਾਲਾਂਕਿ, ਪਿਛਲੇ ਦਿਨੀਂ ਕੱਚੇ ਤੇਲ ਦੀਆਂ ਕੀਮਤਾਂ 'ਚ ਦਰਜ ਹੋਏ ਭਾਰੀ ਉਛਾਲ ਕਾਰਨ ਪਹਿਲੀ ਅਕਤੂਬਰ ਨੂੰ ਐੱਲ. ਪੀ. ਜੀ. ਕੀਮਤਾਂ ਤੇ ਹਵਾਈ ਈਂਧਣ ਮਹਿੰਗਾ ਹੋਣ ਦੀ ਸੰਭਾਵਨਾ ਹੈ।
NSE ’ਚ ਤਕਨੀਕੀ ਖਰਾਬੀ ਨਾਲ 10 ਮਿੰਟ ਨਿਵੇਸ਼ਕ ਰਹੇ ਪ੍ਰੇਸ਼ਾਨ
NEXT STORY