ਮੁੰਬਈ- ਬਾਜ਼ਾਰ ਵੀਰਵਾਰ ਨੂੰ ਹਰੇ ਨਿਸ਼ਾਨ 'ਤੇ ਸ਼ੁਰੂ ਹੋਣ ਪਿੱਛੋਂ ਅੰਤ ਵਿਚ ਵੱਡੀ ਗਿਰਾਵਟ ਵਿਚ ਬੰਦ ਹੋਏ। ਅਮਰੀਕੀ ਬਾਂਡ ਯੀਲਡ ਅਤੇ ਕੋਰੋਨਾ ਦੇ ਮਾਮਲਿਆਂ ਵਿਚ ਵਾਧੇ ਕਾਰਨ ਸ਼ੇਅਰ ਬਾਜ਼ਾਰ ਵਿਚ ਭਾਰੀ ਵਿਕਵਾਲੀ ਹੋਈ। ਬੀ. ਐੱਸ. ਈ. ਸੈਂਸੈਕਸ 585.10 ਅੰਕ ਯਾਨੀ 1.17 ਫ਼ੀਸਦੀ ਦੀ ਗਿਰਾਵਟ ਨਾਲ 49,216.52 ਦੇ ਪੱਧਰ 'ਤੇ, ਨਿਫਟੀ 163.45 ਅੰਕ ਯਾਨੀ 1.11 ਫ਼ੀਸਦੀ ਡਿੱਗ ਕੇ 14,557.85 ਦੇ ਪੱਧਰ 'ਤੇ ਬੰਦ ਹੋਇਆ।
10 ਸਾਲਾ ਯੂ. ਐੱਸ. ਬਾਂਡ ਦੀ ਯੀਲਡ ਅੱਜ ਉਸ ਸਮੇਂ 1.74 ਫ਼ੀਸਦੀ ਤੱਕ ਪਹੁੰਚ ਗਈ, ਜਦੋਂ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਸ ਦੀ ਜਲਦ ਹੀ ਕਿਸੇ ਵੀ ਸਮੇਂ ਵਿਆਜ ਦਰਾਂ ਵਿਚ ਵਾਧੇ ਦੀ ਕੋਈ ਯੋਜਨਾ ਨਹੀਂ ਹੈ ਅਤੇ ਨਾ ਹੀ ਬਾਂਡ ਖ਼ਰੀਦ ਪ੍ਰੋਗਰਾਮ ਨੂੰ ਪ੍ਰਭਾਵਿਤ ਕਰਨਾ ਹੈ।
ਪੰਜ ਸੈਸ਼ਨਾਂ 'ਚ 2,300 ਅੰਕ ਡਿੱਗਾ ਸੈਂਸੈਕਸ-
ਭਾਰਤੀ ਬਾਜ਼ਾਰਾਂ ਵਿਚ ਗਿਰਾਵਟ ਦਾ ਇਹ ਲਗਾਤਾਰ ਪੰਜਵਾਂ ਕਾਰੋਬਾਰੀ ਸੈਸ਼ਨ ਹੈ। ਸੈਂਸੈਕਸ ਇਨ੍ਹਾਂ ਪੰਜ ਸੈਸ਼ਨਾਂ ਵਿਚ ਕੁੱਲ 2,300 ਅੰਕ ਡਿੱਗਿਆ ਹੈ। ਬੀ. ਐੱਸ. ਈ. ਦੇ 30 ਸ਼ੇਅਰਾਂ ਵਿਚੋਂ ਸਿਰਫ਼ 9 ਹੀ ਮਾਮੂਲੀ ਤੇਜ਼ੀ ਨਾਲ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ, ਜਦੋਂ ਕਿ ਬਾਕੀ ਸਭ ਲਾਲ ਨਿਸ਼ਾਨ 'ਚ ਰਹੇ। ਮਿਡਕੈਪ, ਸਮਾਲਕੈਪ ਤੇ ਲਾਰਜਕੈਪ ਇੰਡੈਕਸ 1 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਵਿਚ ਬੰਦ ਹੋਏ ਹਨ।
ਉੱਥੇ ਹੀ, ਸੈਂਸੈਕਸ ਵਿਚ ਐੱਚ. ਸੀ. ਐੱਲ. ਟੈੱਕ, ਇੰਫੋਸਿਸ, ਡਾ. ਰੈਡੀਜ਼, ਐੱਨ. ਟੀ. ਪੀ. ਸੀ., ਟੀ. ਸੀ. ਐੱਸ., ਰਿਲਾਇੰਸ ਇੰਡਸਟਰੀਜ਼ ਤੇ ਟੈੱਕ ਮਹਿੰਦਰਾ 2 ਫ਼ੀਸਦੀ ਤੋਂ 3.5 ਫ਼ੀਸਦੀ ਵਿਚਕਾਰ ਗਿਰਾਵਟ ਨਾਲ ਟਾਪ ਲੂਜ਼ਰ ਰਹੇ। ਨਿਫਟੀ ਵਿਚ ਡਿਵਿਸ ਲੈਬਜ਼, ਗੇਲ, ਹੀਰੋ ਮੋਟੋਕਾਰਪ, ਐਕਸਿਸ ਬੈਂਕ, ਵਿਪਰੋ ਅਤੇ ਸਿਪਲਾ ਟਾਪ ਲੂਜ਼ਰ ਰਹੇ। ਉੱਥੇ ਹੀ, ਬਾਜ਼ਾਰ ਵਿਚ ਆਈ. ਟੀ. ਸੀ., ਬਜਾਜ ਆਟੋ, ਭਾਰਤੀ ਏਅਰਟੈੱਲ, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ ਸੁਜ਼ੂਕੀ, ਓ. ਐੱਨ. ਜੀ. ਸੀ., ਐੱਚ. ਡੀ. ਐੱਫ. ਸੀ., ਪਾਵਰ ਗ੍ਰਿਡ ਤੇ ਬਜਾਜ ਫਾਈਨੈਂਸ ਹਰੇ ਨਿਸ਼ਾਨ ਵਿਚ ਬੰਦ ਹੋਏ।
ਮਹਿੰਗੀ ਹੋਵੇਗੀ ਖੰਡ, ਬਰਾਮਦ ਲਈ ਹੋਏ ਵੱਡੇ ਸੌਦੇ, ਕਿਸਾਨਾਂ ਨੂੰ ਮਿਲਣਗੇ ਬਕਾਏ
NEXT STORY