ਨਵੀਂ ਦਿੱਲੀ : ਭਾਰਤ ਸਰਕਾਰ ਨੇ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਡਿਜੀਟਲ ਤੌਰ 'ਤੇ ਮਜ਼ਬੂਤ ਕਰਨ ਅਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ 'SHE-LEAPS' ਨਾਮਕ ਇੱਕ ਨਵਾਂ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਹੈ। ਇਹ ਪਲੇਟਫਾਰਮ ਸਵੈ-ਸਹਾਇਤਾ ਸਮੂਹਾਂ (SHGs) ਨਾਲ ਜੁੜੀਆਂ ਔਰਤਾਂ ਨੂੰ ਸਥਾਈ ਉਦਯੋਗ ਸਥਾਪਤ ਕਰਨ, ਵਿੱਤੀ ਸਮਾਵੇਸ਼ ਵਧਾਉਣ ਅਤੇ ਪੇਂਡੂ ਆਰਥਿਕਤਾ ਨੂੰ ਡਿਜੀਟਲ ਰੂਪ ਦੇਣ ਵਿਚ ਮਦਦ ਕਰੇਗਾ।
ਕੀ ਹੈ SHE-LEAPS?
ਇਸ ਦਾ ਪੂਰਾ ਨਾਮ 'ਸੈਲਫ-ਹੈਲਪ ਐਂਟਰਪ੍ਰੀਨਿਓਰ-ਲਾਈਵਲੀਹੁੱਡਜ਼ ਐਂਡ ਐਂਟਰਪ੍ਰਾਈਜ਼ ਐਪਲੀਕੇਸ਼ਨ ਫਾਰ ਪ੍ਰੌਸਪੈਰਿਟੀ ਐਂਡ ਸਸਟੇਨੇਬਿਲਟੀ' ਹੈ। ਇਸ ਨੂੰ 29 ਜੂਨ, 2026 ਨੂੰ ਨਵੀਂ ਦਿੱਲੀ ਵਿਖੇ 'ਰਾਸ਼ਟਰੀ ਗ੍ਰਾਮੀਣ ਵਿਕਾਸ ਸੰਮੇਲਨ' ਦੌਰਾਨ ਲਾਂਚ ਕੀਤਾ ਗਿਆ ਸੀ। ਇਹ ਪਲੇਟਫਾਰਮ ਡਿਜੀਟਲ ਇੰਡੀਆ ਕਾਰਪੋਰੇਸ਼ਨ ਦੁਆਰਾ ਵਿਕਸਤ ਕੀਤਾ ਗਿਆ ਹੈ ਅਤੇ 'ਲੋਕ-ਓਐੱਸ' (LokOS) ਪਲੇਟਫਾਰਮ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ।
6 ਕਰੋੜ ਔਰਤਾਂ ਨੂੰ 'ਲਖਪਤੀ ਦੀਦੀ' ਬਣਾਉਣਾ ਟੀਚਾ
ਸਰਕਾਰ ਨੇ ਆਪਣੀ ਅਹਿਮ 'ਲਖਪਤੀ ਦੀਦੀ' ਮੁਹਿੰਮ ਦਾ ਦਾਇਰਾ ਵਧਾ ਦਿੱਤਾ ਹੈ। ਹੁਣ ਇਸ ਯੋਜਨਾ ਤਹਿਤ 3 ਕਰੋੜ ਦੀ ਬਜਾਏ 6 ਕਰੋੜ ਪੇਂਡੂ ਔਰਤਾਂ ਦੀ ਆਮਦਨ ਵਧਾ ਕੇ ਉਨ੍ਹਾਂ ਨੂੰ ਲਖਪਤੀ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਉਦੇਸ਼ ਦੀ ਪੂਰਤੀ ਲਈ ਅਗਲੇ ਪੰਜ ਸਾਲਾਂ ਵਿੱਚ 10 ਲੱਖ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਯੋਜਨਾ ਹੈ। SHE-LEAPS ਪਲੇਟਫਾਰਮ ਇਨ੍ਹਾਂ ਔਰਤਾਂ ਦੇ ਕਾਰੋਬਾਰਾਂ ਦੀ ਪ੍ਰਗਤੀ ਅਤੇ ਆਮਦਨ ਦੀ ਰੀਅਲ ਟਾਈਮ ਨਿਗਰਾਨੀ ਕਰੇਗਾ।
ਇਹ ਡਿਜੀਟਲ ਪ੍ਰਣਾਲੀ ਦੇਸ਼ ਦੇ 34 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਲਾਗੂ ਕੀਤੀ ਜਾਵੇਗੀ। ਇਸ ਰਾਹੀਂ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਦੋਵਾਂ ਖੇਤਰਾਂ ਦੇ ਉਦਯੋਗਾਂ ਨੂੰ ਸਹਾਇਤਾ ਦਿੱਤੀ ਜਾਵੇਗੀ। LokOS ਪਲੇਟਫਾਰਮ ਸਵੈ-ਸਹਾਇਤਾ ਸਮੂਹਾਂ, ਗ੍ਰਾਮ ਸੰਗਠਨਾਂ ਅਤੇ ਕਲੱਸਟਰ ਪੱਧਰੀ ਫੈਡਰੇਸ਼ਨਾਂ ਦੇ ਕੰਮਕਾਜ, ਵਿੱਤੀ ਲੈਣ-ਦੇਣ ਅਤੇ ਰਿਕਾਰਡਾਂ ਨੂੰ ਡਿਜੀਟਲ ਕਰਨ ਦਾ ਕੰਮ ਕਰੇਗਾ।
ਇਸ ਪਹਿਲਕਦਮੀ ਨੂੰ 'ਗ੍ਰਾਮੋਦਿਆ ਸੇ ਰਾਸ਼ਟਰੋਦਿਆ' ਦੇ ਵਿਜ਼ਨ ਨੂੰ ਸਾਕਾਰ ਕਰਨ ਅਤੇ ਪੇਂਡੂ ਭਾਰਤ ਵਿਚ ਡਿਜੀਟਲ ਪਰਿਵਰਤਨ ਲਿਆਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਹ ਪਲੇਟਫਾਰਮ ਨਾ ਸਿਰਫ਼ ਔਰਤਾਂ ਨੂੰ ਕਾਰੋਬਾਰੀ ਸਾਧਨ ਮੁਹੱਈਆ ਕਰਵਾਏਗਾ, ਸਗੋਂ ਸਰਕਾਰ ਨੂੰ ਵੀ ਡਾਟਾ-ਅਧਾਰਤ ਨਿਗਰਾਨੀ ਰਾਹੀਂ ਬਿਹਤਰ ਨੀਤੀਆਂ ਬਣਾਉਣ ਵਿਚ ਮਦਦ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PMKSY ਦੇ 10 ਸਾਲ : 2.7 ਕਰੋੜ ਕਿਸਾਨਾਂ ਨੂੰ ਮਿਲਿਆ ਲਾਭ, ਖੇਤੀਬਾੜੀ ਖੇਤਰ 'ਚ ਆਈ ਵੱਡੀ ਤਬਦੀਲੀ
NEXT STORY