ਮੁੰਬਈ- ਟਾਟਾ ਗਰੁੱਪ ਬਹੁਤ ਜਲਦ ਆਨਲਾਈਨ ਕਰਿਆਨਾ ਕਾਰੋਬਾਰ ਕਰਨ ਵਾਲੀ ਕੰਪਨੀ ਬਿਗ ਬਾਸਕਿਟ ਵਿਚ 68 ਫ਼ੀਸਦੀ ਹਿੱਸੇਦਾਰੀ ਖ਼ਰੀਦ ਸਕਦਾ ਹੈ। ਖ਼ਬਰਾਂ ਮੁਤਾਬਕ, ਇਹ ਸੌਦਾ 9,300 ਤੋਂ 9,500 ਕਰੋੜ ਰੁਪਏ ਵਿਚਕਾਰ ਹੋ ਸਕਦਾ ਹੈ। ਇਹ ਸੌਦਾ ਡਿਜੀਟਲ ਇਕਨੋਮੀ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਹੋ ਸਕਦਾ ਹੈ।
ਕਿਹਾ ਜਾ ਰਿਹਾ ਹੈ ਕਿ ਅਲੀਬਾਬਾ ਅਤੇ ਅਬਰਾਜ ਸਮੂਹ ਜੋ ਇਸ ਵੇਲੇ ਬਿਗ ਬਸਕਿਟ ਵਿਚ ਹਿੱਸੇਦਾਰ ਹਨ, ਟਾਟਾ ਵੱਲੋਂ ਹਿੱਸੇਦਾਰੀ ਖ਼ਰੀਦਣ ਤੋਂ ਬਾਅਦ ਇਸ ਬ੍ਰਾਂਡ ਤੋਂ ਬਾਹਰ ਨਿਕਲ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਇਹ ਸੌਦਾ ਅਗਲੇ ਚਾਰ-ਪੰਜ ਹਫ਼ਤਿਆਂ ਵਿਚ ਪੂਰਾ ਹੋ ਸਕਦਾ ਹੈ।
ਟਾਟਾ ਗਰੁੱਪ ਸੌਦੇ ਨੂੰ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਦੀ ਪ੍ਰਵਾਨਗੀ ਦਾ ਇੰਤਜ਼ਾਰ ਕਰ ਰਿਹਾ ਹੈ। ਹਾਲਾਂਕਿ, ਇਸ ਸੌਦੇ ਨੂੰ ਲੈ ਕੇ ਹੁਣ ਤੱਕ ਟਾਟਾ ਗਰੁੱਪ ਅਤੇ ਬਿਗ ਬਾਸਕਿਟ ਨੇ ਟਿਪਣੀ ਨਹੀਂ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਟਾਟਾ ਇਕ "ਸੁਪਰ ਐਪ" ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਉਹ ਆਪਣੇ ਸਾਰੇ ਖ਼ਪਤਕਾਰ ਕਾਰੋਬਾਰਾਂ ਨੂੰ ਜੋੜ ਦੇਵੇਗਾ। ਟਾਟਾ ਇਸ ਨਾਲ ਈ-ਕਾਮਰਸ ਬਾਜ਼ਾਰ ਵਿਚ ਸਿੱਧੇ ਐਮਾਜ਼ੋਨ ਡਾਟ ਕਾਮ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੂੰ ਟੱਕਰ ਦੇਣ ਵਾਲਾ ਹੈ।
ਬਿਗ ਬਾਸਕਿਟ ਦੀ ਸਥਾਪਨਾ ਸਾਲ 2011 ਵਿਚ ਵੀ. ਐੱਸ. ਸੁਧਾਕਰ, ਹਰੀ ਮੈਨਨ, ਵਿਪੁਲ ਪਾਰੇਖ, ਅਭਿਨਵ ਚੌਧਰੀ ਅਤੇ ਵੀ. ਐੱਸ. ਰਮੇਸ਼ ਨੇ ਕੀਤੀ ਸੀ। ਕੰਪਨੀ ਦਾ ਮੁੱਖ ਦਫਤਰ ਬੇਂਗਲੁਰੂ ਵਿਚ ਹੈ। ਬਿਗ ਬਾਸਕਿਟ ਡਾਟ ਕਾਮ ਅਨੁਸਾਰ, ਇਸ ਈ-ਕਾਮਰਸ ਪੋਰਟਲ 'ਤੇ 1000 ਤੋਂ ਵੱਧ ਬ੍ਰਾਂਡਾਂ ਦੇ 18,000 ਤੋਂ ਵੱਧ ਉਤਪਾਦ ਉਪਲਬਧ ਹਨ। ਇਨ੍ਹਾਂ ਵਿਚ ਤਾਜ਼ੀ ਸਬਜ਼ੀਆਂ ਅਤੇ ਫਲਾਂ ਤੋਂ ਲੈ ਕੇ ਚਾਵਲ, ਦਾਲ, ਮਸਾਲੇ ਅਤੇ ਪੈਕ ਕੀਤੇ ਉਤਪਾਦ ਸ਼ਾਮਲ ਹਨ।
ਪੈਟਰੋਲ 'ਚ ਹੁਣ ਤੱਕ 5.73 ਰੁ: ਦਾ ਵਾਧਾ, ਪੰਜਾਬ 'ਚ ਡੀਜ਼ਲ 82 ਰੁ: ਤੋਂ ਪਾਰ
NEXT STORY