ਜਲੰਧਰ, (ਨਰੇਸ਼ ਅਰੋੜਾ)– ਦੇਸ਼ ’ਚ ਬਿਹਤਰ ਹੋ ਰਹੇ ਆਰਥਿਕ ਹਾਲਾਤਾਂ ਦਾ ਸੰਕੇਤ ਮਿਲਦੇ ਹੀ ਮੰਗਲਵਾਰ ਨੂੰ ਬਾਜ਼ਾਰ ਨੇ ਲੰਮੀ ਦੌੜ ਲਗਾਈ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਇੰਡੈਕਸ 16 ਹਜ਼ਾਰ ਦੇ ਆਪਣੇ ਮਨੋਵਿਗਿਆਨੀ ਪੱਧਰ ਨੂੰ ਪਾਰ ਕਰ ਗਿਆ। ਮੰਗਲਵਾਰ ਦੇ ਦਿਨ ਬਾਜ਼ਾਰ ’ਚ ‘ਮੰਗਲ ਹੀ ਮੰਗਲ’ ਨਜ਼ਰ ਆਇਆ ਅਤੇ ਨਿਫਟੀ ਨੇ ਜਿਵੇਂ ਹੀ 15,880 ਦਾ ਆਪਣਾ ਤਕਨੀਕੀ ਰਿਸਿਸਟੈਂਸ ਤੋੜਿਆ ਤਾਂ ਇਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਕਰੀਬ 11.43 ਵਜੇ 16,000 ਦੇ ਅੰਕੜੇ ਨੂੰ ਛੂਹ ਲਿਆ। ਦਿਨ ਦੇ ਕਾਰੋਬਾਰ ਦੌਰਾਨ ਨਿਫਟੀ 16,146.90 ਦੇ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ ਅਖੀਰ ’ਚ 1.55 ਫੀਸਦੀ ਦੀ ਤੇਜ਼ੀ ਨਾਲ 245.60 ਅੰਕ ਚੜ੍ਹ ਕੇ 16,130.75 ’ਤੇ ਬੰਦ ਹੋਇਆ। ਨਿਫਟੀ ਨੇ 15 ਹਜ਼ਾਰ ਤੋਂ 16 ਹਜ਼ਾਰ ਦੇ ਆਪਣੇ ਇਕ ਹਜ਼ਾਰ ਪੁਆਇੰਟ ਦੇ ਸਫਰ ’ਚ ਛੇ ਮਹੀਨੇ ਦਾ ਸਮਾਂ ਲਗਾ ਦਿੱਤਾ। ਨਿਫਟੀ ਨੇ 5 ਫਰਵਰੀ ਨੂੰ 15,000 ਦਾ ਪੱਧਰ ਪਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਬਾਜ਼ਾਰ ਦੀ ਚਾਲ ਸੁਸਤ ਚੱਲ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਨਿਫਟੀ ਨੇ 15 ਜੁਲਾਈ ਨੂੰ 15924 ਦੇ ਪੱਧਰ ਨੂੰ ਛੂਹਿਆ ਸੀ ਪਰ ਉਸ ਸਮੇਂ ਇਹ 16 ਹਜ਼ਾਰ ਦੇ ਅੰਕੜੇ ਨੂੰ ਨਹੀਂ ਛੂਹ ਸਕਿਆ ਸੀ। ਨਿਫਟੀ ਨੂੰ ਤਕਨੀਕੀ ਪੱਧਰ ’ਤੇ 15880 ਦੇ ਪੱਧਰ ’ਤੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਧਰ ਮੁੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ ਵੀ 872.73 ਅੰਕ ਚੜ੍ਹ ਕੇ 0.65 ਫੀਸਦੀ ਦੀ ਤੇਜ਼ੀ ਨਾਲ 53,823.36 ਅੰਕ ’ਤੇ ਬੰਦ ਹੋਇਆ। ਹਾਲਾਂਕਿ ਇਸ ਨੇ ਪੂਰੇ ਸੈਸ਼ਨ ਦੇ ਕਾਰੋਬਾਰ ਦੌਰਾਨ 53,887.98 ਦਾ ਉੱਚ ਪੱਧਰ ਵੀ ਛੂਹਿਆ ਪਰ 54 ਹਜ਼ਾਰ ਦੇ ਮਨੋਵਿਗਿਆਨੀ ਪੱਧਰ ਤੋਂ 112 ਅੰਕ ਹੇਠਾਂ ਹੀ ਰਿਹਾ।
ਨਿਵੇਸ਼ਕਾਂ ਨੇ ਕਮਾਏ 2.3 ਲੱਖ ਕਰੋੜ ਰੁਪਏ
ਸੈਂਸੈਕਸ ’ਚ ਜ਼ਬਰਦਸਤ ਤੇਜ਼ੀ ਕਾਰਨ ਇਸ ਦੇ ਬਾਜ਼ਾਰ ਪੂੰਜੀਕਰਨ ’ਚ ਇਕ ਦਿਨ ’ਚ ਕਰੀਬ 2.3 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸੋਮਵਾਰ ਨੂੰ ਜਦੋਂ ਬਾਜ਼ਾਰ ਬੰਦ ਹੋਇਆ ਸੀ ਤਾਂ ਸੈਂਸੈਕਸ ’ਚ ਲਿਸਟਿਡ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 237.7 ਲੱਖ ਕਰੋੜ ਰੁਪਏ ਸੀ ਜੋ ਮੰਗਲਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ 240 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਲਿਹਾਜ ਨਾਲ ਨਿਵੇਸ਼ਕਾਂ ਨੂੰ ਬਾਜ਼ਾਰ ਦੀ ਇਸ ਤੂਫਾਨੀ ਤੇਜ਼ੀ ਨਾਲ ਇਕ ਹੀ ਦਿਨ ’ਚ 2.3 ਲੱਖ ਕਰੋੜ ਰੁਪਏ ਦੀ ਕਮੀ ਹੋਈ।
ਇਨ੍ਹਾਂ 5 ਕਾਰਨਾਂ ਕਰ ਕੇ ਆਈ ਬਾਜ਼ਾਰ ’ਚ ਤੇਜ਼ੀ
- ਜੁਲਾਈ ਮਹੀਨੇ ’ਚ ਜੀ. ਐੱਸ. ਟੀ. ਕਲੈਕਸ਼ਨ ਦਾ ਅੰਕੜਾ ਇਕ ਲੱਖ ਕਰੋੜ ਰੁਪਏ ਤੋਂ ਪਾਰ ਗਿਆ
- ਜੁਲਾਈ ’ਚ ਨਿਰਮਾਣ ਖਰੀਦ ਪ੍ਰਬੰਧਕ ਸੂਚਕ ਅੰਕ ਤਿੰਨ ਮਹੀਨਿਆਂ ਦੇ ਉੱਚ ਪੱਧਰ ’ਤੇ ਰਿਹਾ
- ਜੁਲਾਈ ’ਚ ਦੇਸ਼ ਦੀ ਬਰਾਮਦ ਕੋਰੋਨਾ ਤੋਂ ਪਹਿਲਾਂ ਦੇ ਕਾਲ ਦੇ ਮੁਕਾਬਲੇ 34 ਫੀਸਦੀ ਜ਼ਿਆਦਾ ਰਹੀ
- ਜੂਨ ’ਚ ਕੋਰ ਸੈਕਟਰ ਦੀ ਆਊਟਪੁਟ ’ਚ 8.9 ਫੀਸਦੀ ਦੀ ਤੇਜ਼ੀ ਰਹੀ
- ਦੇਸ਼ ਦੇ ਕਾਰਪੋਰੇਟ ਸੈਕਟਰ ’ਚ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਚੰਗੇ ਨਤੀਜੇ ਆ ਰਹੇ ਹਨ
ਨਿਫਟੀ ਦਾ ਸਫਰ
ਨੈਸ਼ਨਲ ਸਟਾਕ ਐਕਸਚੇਂਜ ਦਾ ਇੰਡੈਕਸ ਨਿਫਟੀ 22 ਅਪ੍ਰੈਲ 1996 ਨੂੰ 1000 ਪੁਆਇੰਟ ਦੀ ਬੇਸ ਵੈਲਿਊ ਨਾਲ ਲਾਂਚ ਹੋਇਆ
2 ਦਸੰਬਰ 2004
ਨਿਫਟੀ ਨੇ 2000 ਅੰਕ ਦਾ ਅੰਕੜਾ ਛੂਹਿਆ
27 ਦਸੰਬਰ 2007
ਨਿਫਟੀ 5000 ਦੇ ਪੱਧਰ ’ਤੇ ਪਹੁੰਚਿਆ
25 ਜੁਲਾਈ 2017
ਨਿਫਟੀ ਨੇ 10 ਹਜ਼ਾਰ ਦਾ ਅੰਕੜਾ ਛੂਹਿਆ
5 ਫਰਵਰੀ 2021
ਨਿਫਟੀ ਨੇ 15000 ਦਾ ਅੰਕੜਾ ਛੂਹਿਆ
3 ਅਗਸਤ 2021
ਨਿਫਟੀ ਨੇ 16000 ਦੇ ਅੰਕੜੇ ਨੂੰ ਪਾਰ ਕੀਤਾ
ਟੈਲੀਕਾਮ ਅਤੇ ਆਟੋ ਸੈਕਟਰ ’ਚ ਤੇਜ਼ੀ, ਮੈਟਲ ਦੀ ਚਮਕ ਫਿੱਕੀ
ਮੰਗਲਵਾਰ ਦੇ ਕਾਰੋਬਾਰ ਦੌਰਾਨ ਬੰਬਈ ਸਟਾਕ ਐਕਸਚੇਂਜ ਦੇ ਮੈਟਲ ਇੰਡੈਕਸ ਨੂੰ ਛੱਡ ਕੇ ਸਾਰੇ ਇੰਡੈਕਸ ’ਚ ਤੇਜ਼ੀ ਦੇਖਣ ਨੂੰ ਮਿਲੀ। ਟੈਲੀਕਾਮ ਕੰਪਨੀਆਂ ਦੇ ਸ਼ੇਅਰਾਂ ਨੇ ਮੰਗਲਵਾਰ ਨੂੰ ਖੂਬ ਦੌੜ ਲਗਾਈ ਅਤੇ ਟੈਲੀਕਾਮ ਇੰਡੈਕਸ 1.70 ਦੀ ਤੇਜ਼ੀ ਨਾਲ 24.68 ਅੰਕ ਉਛਲ ਕੇ 1,473.07 ਅੰਕ ’ਤੇ ਬੰਦ ਹੋਇਆ। ਮੰਗਲਵਾਰ ਦੀ ਸ਼ਾਨਦਾਰ ਰੈਲੀ ਦੇ ਬਾਵਜੂਦ ਮੈਟਲ ਸ਼ੇਅਰਾਂ ਤੋਂ ਰੌਣਕ ਗਾਇਬ ਰਹੀ ਅਤੇ ਮੈਟਲ ਇੰਡੈਕਸ -17.15 ਅੰਕ ਡਿੱਗ ਕੇ 21,013.13 ਅੰਕ ’ਤੇ ਬੰਦ ਹੋਇਆ।
ਇਲੈਕਟ੍ਰਿਕ ਗੱਡੀ ਲਈ ਨਹੀਂ ਲੱਗੀ ਰਜਿਸਟ੍ਰੇਸ਼ਨ ਫੀਸ, ਹੁਣ ਇੰਨੀ ਹੋਵੇਗੀ ਬਚਤ
NEXT STORY