ਨਵੀਂ ਦਿੱਲੀ— ਤੁਹਾਡੇ ਪਸੰਦ ਦੀਆਂ ਕਾਰਾਂ, ਮੋਟਰਸਾਈਕਲਾਂ ਅਤੇ ਸਕੂਟਰਾਂ ਦੇ ਮੁੱਲ ਸ਼ਨੀਵਾਰ ਤੋਂ ਘੱਟ ਰਹੇ ਹਨ ਕਿਉਂਕਿ ਸ਼ੁੱਕਰਵਾਰ ਰਾਤ ਤੋਂ ਹੀ ਜੀ. ਐੱਸ. ਟੀ. ਪੂਰੇ ਦੇਸ਼ 'ਚ ਲਾਗੂ ਹੋ ਚੁੱਕਾ ਹੈ। ਹਾਲਾਂਕਿ ਹਾਈਬ੍ਰਿਡ ਕਾਰਾਂ ਅਤੇ 350 ਸੀਸੀ ਤੋਂ ਜ਼ਿਆਦਾ ਸਮਰੱਥਾ ਦੇ ਇੰਜਣ ਵਾਲੇ ਮੋਟਰਸਾਈਕਲ ਮਹਿੰਗੇ ਹੋਣਗੇ। ਇਸ ਵਿਚਕਾਰ ਮਾਰੂਤੀ ਸੁਜ਼ੂਕੀ ਨੇ ਆਪਣੀਆਂ ਕਾਰਾਂ ਦੇ ਮੁੱਲ 'ਚ 3 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਕਾਰਾਂ ਬਣਾਉਣ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਰੇਟ ਨਾਲ ਪੂਰੇ ਦੇਸ਼ 'ਚ ਇਕੋ ਜਿਹਾ ਟੈਕਸ ਲੱਗੇਗਾ, ਜਿਸ ਨਾਲ 'ਇਕ ਦੇਸ਼ ਇਕ ਟੈਕਸ' ਦੀ ਵਿਵਸਥਾ ਲਾਗੂ ਹੋਵੇਗੀ।
ਜਾਣਕਾਰਾਂ ਦਾ ਕਹਿਣਾ ਹੈ ਕਿ ਕੁਝ ਕੰਪਨੀਆਂ ਸ਼ਨੀਵਾਰ ਨੂੰ ਹੀ ਨਵੀਆਂ ਕੀਮਤਾਂ ਦਾ ਐਲਾਨ ਕਰਨਗੀਆਂ ਪਰ ਕੁਝ ਸੋਮਵਾਰ ਤਕ ਚੁੱਪੀ ਧਾਰ ਕੇ ਰੱਖਣਗੀਆਂ ਅਤੇ ਉਦੋਂ ਤਕ ਆਪਣੇ ਸਾਫਟਵੇਰਅਰ ਅਤੇ ਬਿਲਿੰਗ ਸਿਸਟਮ ਨੂੰ ਜੀ. ਐੱਸ. ਟੀ. ਮੁਤਾਬਕ ਅਪਡੇਟ ਕਰਨਗੀਆਂ। ਇਸ ਦਾ ਅਸਰ ਪਾਰਟਸ ਮੁਹੱਈਆ ਕਰਨ ਵਾਲੇ ਅਤੇ ਡੀਲਰਾਂ ਦੇ ਮੁਨਾਫੇ ਸਮੇਤ ਪੂਰੇ ਨਿਰਮਾਣ ਅਤੇ ਸਪਲਾਈ ਚੈਨ 'ਤੇ ਹੋਵੇਗਾ।
ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਦੇ ਉੱਚ ਅਧਿਕਾਰੀ ਵਾਈ. ਐੱਸ. ਗੁਲੇਰੀਆ ਨੇ ਦੱਸਿਆ, ''ਡੀਲਰਸ਼ਿਪ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਕੋਈ ਬਿਲਿੰਗ ਨਹੀਂ ਹੋਵੇਗੀ ਅਤੇ ਕਿਸੇ ਤਰ੍ਹਾਂ ਦਾ ਲੈਣ-ਦੇਣ ਵੀ ਨਹੀਂ ਹੋਵੇਗਾ। ਹਾਲਾਂਕਿ ਬੁਕਿੰਗ ਹੁੰਦੀ ਰਹੇਗੀ।''
ਇਨ੍ਹਾਂ ਕਾਰਾਂ ਦੇ 60 ਹਜ਼ਾਰ ਰੁਪਏ ਤਕ ਘਟਣਗੇ ਮੁੱਲ
ਵੱਡੀ ਐੱਸ. ਯੂ. ਵੀ. ਅਤੇ ਸੇਡਾਨ ਕਾਰਾਂ ਦੇ ਮੁੱਲ 'ਚ ਸਭ ਤੋਂ ਜ਼ਿਆਦਾ ਕਟੌਤੀ ਹੋਵੇਗੀ, ਜਦੋਂਕਿ ਛੋਟੀਆਂ ਕਾਰਾਂ ਵੀ ਥੋੜ੍ਹੀਆਂ ਸਸਤੀਆਂ ਹੋਣਗੀਆਂ। ਜਿਵੇਂ ਕਿ ਮਰਸੀਡੀਜ਼ ਦੀ ਕੀਮਤ 3 ਲੱਖ ਰੁਪਏ ਘਟੇਗੀ। ਜਦੋਂ ਕਿ ਹੁੰਦੈ ਦੀ ਪ੍ਰਸਿੱਧ ਕਾਰ ਕਰੇਟਾ ਦੀ ਕੀਮਤ 40 ਤੋਂ 60 ਹਜ਼ਾਰ ਰੁਪਏ ਘਟਣ ਦੀ ਉਮੀਦ ਹੈ। ਅਧਿਕਾਰੀਆਂ ਮੁਤਾਬਕ, ਛੋਟੀ ਕਾਰ ਗਰੈਂਡ ਆਈ-10 ਦੀ ਕੀਮਤ 3 ਤੋਂ 14 ਹਜ਼ਾਰ ਰੁਪਏ ਘਟੇਗੀ।
ਮਾਰੂਤੀ ਨੇ 3 ਫੀਸਦੀ ਦੀ ਕੀਤੀ ਕਟੌਤੀ

ਇੱਧਰ, ਮਾਰੂਤੀ ਨੇ ਸ਼ਨੀਵਾਰ ਸਵੇਰੇ ਆਪਣੀਆਂ ਕਾਰਾਂ ਦੇ ਮੁੱਲ 'ਚ 3 ਫੀਸਦੀ ਦੀ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਮਾਰੂਤੀ ਦੀ 5 ਲੱਖ ਦੀ ਗੱਡੀ ਹੁਣ 15 ਹਜ਼ਾਰ ਰੁਪਏ ਸਸਤੀ ਹੋ ਜਾਵੇਗੀ। ਕੰਪਨੀ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕੀਮਤਾਂ ਘਟਣਗੀਆਂ ਪਰ ਕਿੰਨੀਆਂ, ਇਸ 'ਤੇ ਅਜੇ ਕੰਮ ਚੱਲ ਰਿਹਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਟੈਕਸ ਹੈ ਅਤੇ ਆਖਰੀ ਅੰਕੜਾ ਕੱਢਿਆ ਜਾ ਰਿਹਾ ਹੈ। ਅੱਜ ਯਾਨੀ ਸ਼ਨੀਵਾਰ ਨੂੰ ਨਵੀਆਂ ਕੀਮਤਾਂ ਤੈਅ ਹੋ ਜਾਣਗੀਆਂ।
ਟੋਇਟਾ ਫਾਰਚੂਨਰ ਹੋਈ ਸਸਤੀ
ਟੋਇਟਾ ਇੰਡੀਆ ਨੇ ਕਿਹਾ ਕਿ ਜੀ. ਐੱਸ. ਟੀ. ਰੇਟ ਮੁਤਾਬਕ ਫਾਰਚੂਨਰ ਐੱਸ. ਯੂ. ਵੀ. ਦੀ ਕੀਮਤ 2.1 ਲੱਖ ਰੁਪਏ ਘੱਟ ਹੋ ਗਈ ਹੈ। ਦੂਜੇ ਪਾਸੇ, ਇਨੋਵਾ ਮਲਟੀ-ਪਰਪਸ ਵੀ 90 ਹਜ਼ਾਰ ਰੁਪਏ ਸਸਤੀ ਹੋਵੇਗੀ। ਟੋਇਟਾ ਇੰਡੀਆ 'ਚ ਸੇਲਸ ਅਤੇ ਮਾਰਕੀਟਿੰਗ ਡਾਇਰੈਕਟਰ ਐੱਨ. ਰਾਜਾ ਨੇ ਕਿਹਾ, ''ਅਸੀਂ ਕੀਮਤ ਘਟਣ ਦਾ ਫਾਇਦਾ ਬਾਜ਼ਾਰ ਨੂੰ ਦੇਵਾਂਗੇ। ਹਾਲਾਂਕਿ ਕੈਮਰੀ ਹਾਈਬ੍ਰਿਡ ਦੇ ਮੁੱਲ ਵਧਣਗੇ।''
ਦੇਸ਼ ਭਰ 'ਚ ਲਾਗੂ ਹੋਇਆ GST, ਜਾਣੋ ਕਿਹੜੀਆਂ ਚੀਜ਼ਾਂ ਹੋਈਆਂ ਸਸਤੀਆਂ ਅਤੇ ਮਹਿੰਗੀਆਂ
NEXT STORY