ਨੋਇਡਾ — ਡਿਜੀਟਲ ਪੇਮੈਂਟ 'ਚ ਮੋਹਰੀ ਕੰਪਨੀ ਪੇਟੀਐੱਮ ਦੇ ਐੱਮ.ਡੀ. ਵਿਜੇ ਸ਼ੇਖਰ ਦੇ ਦਫਤਰ ਵਿੱਚੋਂ ਨਿੱਜੀ ਅਤੇ ਗੁਪਤ ਡਾਟਾ ਚੋਰੀ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਕੇ 20 ਕਰੋੜ ਰੁਪਏ ਦੀ ਮੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਨਾਲ ਡਾਟਾ ਸਾਂਝਾ ਕਰਨ ਦੇ ਦੋਸ਼ ਲੱਗਣ ਦੇ ਕਰੀਬ 6 ਮਹੀਨੇ ਬਾਅਦ ਨੋਇਡਾ ਪੁਲਸ ਨੇ ਸ਼ਰਮਾ ਨੂੰ ਬਲੈਕਮੇਲ ਕਰਨ ਦੇ ਦੋਸ਼ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਸ਼ਰਮਾ ਦੀ ਨਿੱਜੀ ਸੈਕਟਰੀ ਵੀ ਸ਼ਾਮਲ ਹੈ।

ਦੋਸ਼ ਹੈ ਕਿ ਉਸਨੇ ਸ਼ਰਮਾ ਨੂੰ ਉਸਦੀ ਨਿੱਜੀ ਜਾਣਕਾਰੀ ਲੀਕ ਕਰਨ ਦੀ ਧਮਕੀ ਦਿੰਦੇ ਹੋਏ 20 ਕਰੋੜ ਰੁਪਏ ਦੀ ਮੰਗ ਕੀਤੀ ਸੀ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਸ਼ਰਮਾ ਦੀ ਨਿੱਜੀ ਸਕੱਤਰ, ਉਸਦਾ ਪਤੀ ਰੂਪਕ ਜੈਨ ਅਤੇ ਪੇਟੀਐੱਮ ਦੇ ਪ੍ਰਸ਼ਾਸਨਿਕ ਵਿਭਾਗ ਦੇ ਮੈਨੇਜਰ ਦਵਿੰਦਰ ਕੁਮਾਰ ਵੀ ਸ਼ਾਮਲ ਹਨ। ਪੁਲਸ ਨੇ ਕਿਹਾ ਕਿ ਸ਼ਰਮਾ ਕੋਲੋਂ ਪੈਸੇ ਮੰਗਣ ਵਾਲਾ ਇਕ ਵਿਅਕਤੀ ਫਰਾਰ ਹੈ, ਜਿਸਦਾ ਸੰਬੰਧ ਕੋਲਕਾਤਾ ਨਾਲ ਹੈ।
ਪੁਲਸ ਦਾ ਦਾਅਵਾ ਹੈ ਕਿ ਇਸ ਡਾਟਾ ਨਾਲ ਸ਼ਰਮਾ ਅਤੇ ਉਸਦੀ ਕੰਪਨੀ ਵਨ ਕਮਿਊਨੀਕੇਸ਼ਨਸ ਦੀ ਸਾਖ ਨੂੰ ਧੱਕਾ ਲੱਗ ਸਕਦਾ ਸੀ। ਪੇਟੀਐੱਮ ਇਸ ਦੌਰਾਨ ਵਾਰੇਨ ਬਫੇਟ ਦੀ ਕੰਪਨੀ ਬਰਕਸ਼ਰ ਹੈਥਵੇ ਇੰਕ ਤੋਂ 34 ਕਰੋੜ ਡਾਲਰ ਦੀ ਫੰਡਿੰਗ ਹਾਸਲ ਕਰਨ ਦੀ ਪ੍ਰਕਿਰਿਆ ਵਿਚ ਹੈ ਅਤੇ ਸ਼ਰਮਾ ਦੀ ਨਿੱਜੀ ਜਾਣਕਾਰੀ ਲੀਕ ਹੋਣ ਕਾਰਨ ਇਹ ਸੌਦਾ ਖਤਰੇ ਵਿਚ ਪੈ ਸਕਦਾ ਸੀ। ਇਸ ਦੇ ਨਾਲ ਕੰਪਨੀ ਦੇ ਨਿਵੇਸ਼ਕਾਂ ਦੀ ਸਾਖ ਨੂੰ ਵੀ ਧੱਕਾ ਲੱਗਦਾ ਜਿਨ੍ਹਾਂ ਵਿਚ ਅਲੀਬਾਬਾ ਅਤੇ ਸਾਫਟਵੇਅਰ ਸਮੂਹ ਵੀ ਸ਼ਾਮਲ ਹੈ।
ਨੋਇਡਾ ਪੁਲਸ ਦੇ ਸੂਤਰਾਂ ਮੁਤਾਬਕ ਕਰੀਕਬ ਇਕ ਹਫਤਾ ਪਹਿਲਾਂ ਹੀ ਸ਼ਰਮਾ ਨੇ ਪੁਲਸ ਨੂੰ ਦੱਸਿਆ ਸੀ ਕਿ ਕੋਈ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਦਾ ਦਾਅਵਾ ਸੀ ਕਿ ਉਸਦੇ ਕੋਲ ਸ਼ਰਮਾ ਅਤੇ ਪੇਟੀਐੱਮ ਦਾ ਡਾਟਾ ਹੈ। ਇਸ ਦੇ ਬਦਲੇ ਉਹ ਪੈਸੇ ਮੰਗ ਰਿਹਾ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,'ਸ਼ਰਮਾ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਉਸਦੀ ਸੈਕਟਰੀ ਸ਼ਾਮਲ ਹੋ ਸਕਦੀ ਹੈ। ਅਸੀਂ ਡਾਟਾ ਦੀ ਪ੍ਰਕਿਰਤੀ ਨਹੀਂ ਜਾਣਦੇ ਅਤੇ ਇਸ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਸ਼ਰਮਾ ਅਤੇ ਉਸਦੀ ਕੰਪਨੀ ਨੂੰ ਕੀ ਨੁਕਸਾਨ ਹੋ ਸਕਦਾ ਸੀ।'
ਪੁਲਸ ਨੇ ਕਿਹਾ ਕਿ ਕੋਲਕਾਤਾ ਤੋਂ ਇਕ ਵਿਅਕਤੀ ਨੇ ਸ਼ਰਮਾ ਨੂੰ ਫੋਨ ਕਰਕੇ 20 ਕਰੋੜ ਰੁਪਏ ਦੀ ਮੰਗ ਕੀਤੀ। ਇਹ ਵਿਅਕਤੀ ਕੁਮਾਰ ਦਾ ਸਾਥੀ ਹੋ ਸਕਦਾ ਹੈ। ਸ਼ਰਮਾ ਨੇ ਕਥਿਤ ਰੂਪ ਨਾਲ 15 ਅਕਤੂਬਰ ਨੂੰ ਉਸ ਵਿਅਕਤੀ ਨੂੰ 2 ਲੱਖ ਰੁਪਏ ਦਿੱਤੇ ਸਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ,'ਦੋਸ਼ੀ ਨੇ ਕਿਹਾ ਕਿ ਉਹ ਸ਼ਰਮਾ ਦੀ ਜਾਣਕਾਰੀ ਜਨਤਕ ਕਰ ਦੇਵੇਗਾ ਜਿਸ ਨਾਲ ਉਸਦੀ ਸਾਖ ਬਜ਼ਾਰ ਵਿਚ ਖਰਾਬ ਹੋ ਜਾਵੇਗੀ। 2 ਲੱਖ ਮਿਲਣ ਤੋਂ ਬਾਅਦ ਉਸਨੇ ਫਿਰ ਸ਼ਰਮਾ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਕੋਲਕਾਤਾ ਤੋਂ ਬੋਲ ਰਿਹਾ ਹੈ। ਕਾਲ ਦੀ ਜਾਂਚ ਕੀਤੀ ਜਿਸ ਤੋਂ ਬਾਅਦ ਜਾਣਕਾਰੀ ਮਿਲੀ ਕਿ ਪ੍ਰਾਈਵੇਟ ਸੈਕਟਰੀ, ਉਸਦਾ ਪਤੀ ਅਤੇ ਕੁਮਾਰ ਕਾਲ ਕਰਨ ਵਾਲੇ ਨਾਲ ਜੁੜੇ ਹਨ। ਸ਼ਰਮਾ ਨੇ ਇਸ ਮਾਮਲੇ 'ਚ ਕੋਈ ਟਿੱਪਣੀ ਨਹੀਂ ਕੀਤੀ ਜਦੋਂਕਿ ਪੇਟੀਐੱਮ ਨੇ ਕਿਹਾ ਕਿ ਉਹ ਆਪਣੇ ਕਰਮਚਾਰੀਆਂ ਨਾਲ ਖੜ੍ਹੀ ਹੈ।
ਚਾਂਦੀ 250 ਰੁਪਏ ਹੋਈ ਮਹਿੰਗੀ, ਸੋਨਾ 32 ਹਜ਼ਾਰ ਦੇ ਪਾਰ, ਜਾਣੋ ਕੀਮਤਾਂ
NEXT STORY