ਨਵੀਂ ਦਿੱਲੀ— ਭਾਰਤ 'ਚ ਕਾਰਾਂ 'ਤੇ ਭਾਰੀ ਭਰਕਮ ਟੈਕਸ ਕਾਰਨ ਟੋਇਟਾ ਮੋਟਰ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਹੁਣ ਉਹ ਭਾਰਤ 'ਚ ਆਪਣੇ ਕਾਰੋਬਾਰ ਦਾ ਵਿਸਥਾਰ ਨਹੀਂ ਕਰੇਗੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਟੜੀ ਤੋਂ ਉਤਰੀ ਅਰਥਵਿਵਸਥਾ ਨੂੰ ਵਾਪਸ ਉਭਾਰਨ ਲਈ ਵਿਦੇਸ਼ੀ ਨਿਵੇਸ਼ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਟੋਇਟਾ ਮੋਟਰ ਦਾ ਇਹ ਕਦਮ ਸਰਕਾਰ ਲਈ ਵੱਡਾ ਝਟਕਾ ਹੈ।
ਟੋਇਟਾ ਦੀ ਭਾਰਤੀ ਯੂਨਿਟ ਟੋਇਟਾ ਕਿਰਲੋਸਕਰ ਮੋਟਰ ਦੇ ਉਪ ਚੇਅਰਮੈਨ ਸ਼ੇਖਰ ਵਿਸ਼ਵਨਾਥਨ ਦਾ ਕਹਿਣਾ ਹੈ ਕਿ ਸਰਕਾਰ ਨੇ ਕਾਰਾਂ ਅਤੇ ਮੋਟਰਬਾਈਕ 'ਤੇ ਜ਼ਿਆਦਾ ਟੈਕਸ ਲਗਾ ਰੱਖਿਆ ਹੈ। ਇਸ ਨਾਲ ਵਾਹਨਾਂ ਦਾ ਉਤਪਾਦਨ ਵਧਾਉਣਾ ਮੁਸ਼ਕਲ ਹੋ ਰਿਹਾ ਹੈ। ਜ਼ਿਆਦਾ ਟੈਕਸ ਕਾਰਨ ਕਾਰਾਂ ਗਾਹਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ।
ਉਨ੍ਹਾਂ ਨੇ ਅੱਗੇ ਸੰਕੇਤਕ ਸ਼ਬਦਾਂ 'ਚ ਕਿਹਾ, ''ਇੱਥੇ ਆਉਣ ਤੋਂ ਬਾਅਦ ਸਾਨੂੰ ਜੋ ਸੁਨੇਹਾ ਮਿਲਿਆ ਉਹ ਇਹ ਹੈ ਕਿ ਅਸੀਂ ਤੁਹਾਨੂੰ ਨਹੀਂ ਚਾਹੁੰਦੇ।''
ਵਿਸ਼ਵਨਾਥਨ ਨੇ ਕਿਹਾ ਕਿ ਕੋਈ ਟੈਕਸ ਸੁਧਾਰ ਨਾ ਹੋਣ ਦੀ ਵਜ੍ਹਾ ਨਾਲ ਅਸੀਂ ਭਾਰਤੀ ਬਾਜ਼ਾਰ ਤੋਂ ਪੂਰੀ ਤਰ੍ਹਾਂ ਨਹੀਂ ਨਿਕਲਾਂਗੇ ਪਰ ਅੱਗੇ ਆਪਣਾ ਕਾਰੋਬਾਰ ਨਹੀਂ ਵਧਾਉਣ ਵਾਲੇ ਹਾਂ। ਗੌਰਤਲਬ ਹੈ ਕਿ ਟੋਇਟਾ ਦੁਨੀਆ ਦੀਆਂ ਸਭ ਤੋਂ ਵੱਡੀਆਂ ਕਾਰ ਕੰਪਨੀਆਂ 'ਚੋਂ ਇਕ ਹੈ। ਇਸ ਨੇ ਭਾਰਤ 'ਚ ਆਪਣੇ ਕਾਰੋਬਾਰ ਦੀ ਸ਼ੁਰੂਆਤ 1997 'ਚ ਕੀਤੀ ਸੀ। ਇਸ ਦੀ ਲੋਕਲ ਯੂਨਿਟ 'ਚ ਜਾਪਾਨੀ ਕੰਪਨੀ ਦੀ 85 ਫੀਸਦੀ ਹਿੱਸੇਦਾਰੀ ਹੈ। ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ, ਅਗਸਤ 2020 'ਚ ਕੰਪਨੀ ਦੀ ਭਾਰਤੀ ਬਾਜ਼ਾਰ 'ਚ ਹਿੱਸੇਦਾਰੀ ਸਿਰਫ 2.6 ਫੀਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ 5 ਫੀਸਦੀ ਸੀ। ਮੌਜੂਦਾ ਸਮੇਂ ਕਾਰਾਂ 'ਤੇ 28 ਫੀਸਦੀ ਟੈਕਸ ਤੋਂ ਇਲਾਵਾ 1 ਤੋਂ 22 ਫੀਸਦੀ ਤੱਕ ਸੈੱਸ ਵੀ ਹੈ। 1500 ਸੀਸੀ ਤੋਂ ਜ਼ਿਆਦਾ ਦੀ ਕਾਰ 'ਤੇ 50 ਫੀਸਦੀ ਟੈਕਸ ਹੈ।
ਲਗਭਗ 1.75 ਕਰੋੜ ਛੋਟੇ ਕਾਰੋਬਾਰ ਬੰਦ ਹੋਣ ਕੰਢੇ, ਵਧ ਜਾਣਗੇ ਬੇਰੁਜ਼ਗਾਰ : ਕੈਟ
NEXT STORY