ਨਿਊਯਾਰਕ (ਵਿਸ਼ੇਸ਼) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 2 ਅਪ੍ਰੈਲ ਨੂੰ ਕੀਤੇ ਗਏ ਟੈਰਿਫ ਦੇ ਐਲਾਨ ਤੋਂ ਬਾਅਦ 70 ਦੇਸ਼ਾਂ ਨੇ ਅਮਰੀਕਾ ਨਾਲ ਗੱਲਬਾਤ ਲਈ ਵ੍ਹਾਈਟ ਹਾਊਸ ਤੱਕ ਪਹੁੰਚ ਕੀਤੀ ਹੈ। ਅਮਰੀਕਾ ਦੇ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਅਮਰੀਕੀ ਬਿਜ਼ਨੈੱਸ ਨਿਊਜ਼ ਚੈਨਲ ਸੀ. ਐੱਨ. ਬੀ . ਸੀ. ਨਾਲ ਗੱਲਬਾਤ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ : Gold ਦੀ ਕੀਮਤ 'ਚ ਆ ਰਹੀ ਵੱਡੀ ਗਿਰਾਵਟ, ਜਾਣੋ ਕਿੰਨੇ ਰੁਪਏ 'ਚ ਖ਼ਰੀਦ ਸਕੋਗੇ 1 ਤੋਲਾ ਸੋਨਾ
ਟਰੰਪ ਵੱਲੋਂ ਐਲਾਨੇ ਗਏ ਨਵੇਂ ਟੈਰਿਫ 9 ਅਪ੍ਰੈਲ ਤੋਂ ਲਾਗੂ ਹੋ ਰਹੇ ਹਨ, ਅਜਿਹੇ ’ਚ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਗੱਲ ’ਤੇ ਹੈ ਕਿ ਟਰੰਪ ਟੈਰਿਫ ਲਾਗੂ ਕਰਨ ਸਮੇਂ ਨਰਮੀ ਨਾਲ ਪੇਸ਼ ਆਉਂਦੇ ਹਨ ਜਾਂ ਨਹੀਂ। ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰ ਇਹ ਉਮੀਦ ਕਰ ਰਹੇ ਹਨ ਕਿ ਟੈਰਿਫ ਦੇ ਐਲਾਨ ਸਮੇਂ ਟਰੰਪ ਇਨ੍ਹਾਂ 70 ਦੇਸ਼ਾਂ ਨਾਲ ਗੱਲਬਾਤ ਦੌਰਾਨ ਟੈਰਿਫ ਦੀਆਂ ਦਰਾਂ ’ਚ ਥੋੜ੍ਹੀ ਨਰਮੀ ਦਾ ਐਲਾਨ ਕਰ ਸਕਦੇ ਹਨ।
ਇਸ ਉਮੀਦ ਕਾਰਨ ਮੰਗਲਵਾਰ ਨੂੰ ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਵੇਖੀ ਗਈ। ਏਸ਼ੀਆ ’ਚ ਜਾਪਾਨ ਦਾ ਸ਼ੇਅਰ ਬਾਜ਼ਾਰ 6 ਫੀਸਦੀ ਦੀ ਤੇਜ਼ੀ ਨਾਲ ਬੰਦ ਹੋਇਆ, ਜਦੋਂ ਕਿ ਚੀਨ ਅਤੇ ਹਾਂਗਕਾਂਗ ਦਾ ਬਾਜ਼ਾਰ ਡੇਢ ਫੀਸਦੀ ਚੜ੍ਹ ਕੇ ਬੰਦ ਹੋਇਆ। ਓਧਰ, ਯੂਰਪੀ ਬਾਜ਼ਾਰਾਂ ’ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਫ਼ਰਾਂਸ, ਜਰਮਨੀ ਅਤੇ ਯੂ. ਕੇ. ਦੇ ਬਾਜ਼ਾਰ 2 ਫੀਸਦੀ ਤੋਂ ਜ਼ਿਆਦਾ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ : Black Monday ਦੀ ਭਵਿੱਖਵਾਣੀ ਕਰਨ ਵਾਲੇ ਜਿਮ ਕਰੈਮਰ ਨੇ ਬਾਜ਼ਾਰ ਨੂੰ ਲੈ ਕੇ ਦਿੱਤੀ ਵੱਡੀ ਚਿਤਾਵਨੀ
ਮੰਗਲਵਾਰ ਰਾਤ ਨੂੰ ਅਮਰੀਕਾ ਦੇ ਬਾਜ਼ਾਰ ਵੀ ਤੇਜ਼ੀ ਨਾਲ ਖੁੱਲ੍ਹੇ ਅਤੇ ਡਾਓ ਜੋਂਸ 1000 ਅੰਕ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਨੈਸਡੈਕ ਅਤੇ ਐੱਸ. ਐਂਡ ਪੀ.-500 ’ਚ ਵੀ 2 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਵੇਖੀ ਜਾ ਰਹੀ ਸੀ।
ਟਰੰਪ ਨੇ ਸਾਊਥ ਕੋਰੀਆ ਦੇ ਰਸ਼ਟਰਪਤੀ ਨਾਲ ਫੋਨ ’ਤੇ ਕੀਤੀ ਗੱਲ
ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਪੋਸਟ ’ਚ ਲਿਖਿਆ ਕਿ ਉਨ੍ਹਾਂ ਨੇ ਸਾਊਥ ਕੋਰੀਆ ਦੇ ਰਾਸ਼ਟਰਪਤੀ ਨਾਲ ਫੋਨ ’ਤੇ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਚੀਨ ਵੀ ਇਸ ਮਾਮਲੇ ’ਚ ਅਮਰੀਕਾ ਨਾਲ ਗੱਲਬਾਤ ਕਰਨ ਦਾ ਚਾਹਵਾਨ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੱਲ ਡੋਨਾਲਡ ਟਰੰਪ ਨੇ ਚੀਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ 1 ਦਿਨ ਦੇ ਅੰਦਰ ਅਮਰੀਕਾ ’ਤੇ ਲਾਏ ਗਏ ਜਵਾਬੀ ਟੈਰਿਫ ਵਾਪਸ ਨਾ ਲਏ ਤਾਂ ਅਮਰੀਕਾ ਚੀਨ ’ਤੇ 50 ਫੀਸਦੀ ਵਾਧੂ ਟੈਰਿਫ ਲਾਵੇਗਾ ਪਰ ਮੰਗਲਵਾਰ ਨੂੰ ਅਮਰੀਕਾ ਦਾ ਰੁਖ਼ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ, ਜਿਸ ਨਾਲ ਸ਼ੇਅਰ ਬਾਜ਼ਾਰਾਂ ਨੂੰ ਉਮੀਦ ਦੀ ਕਿਰਨ ਨਜ਼ਰ ਆਈ ਹੈ ਅਤੇ ਬਾਜ਼ਾਰਾਂ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਮੂਧੇ ਮੂੰਹ ਡਿੱਗਿਆ ਸੋਨਾ, ਜਾਣੋ ਹੋਰ ਕਿੰਨੀ ਆਵੇਗੀ ਗਿਰਾਵਟ
ਬਾਂਡ ਮਾਰਕੀਟ, ਕ੍ਰਿਪਟੋ ਕਰੰਸੀ ਅਤੇ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੀ ਉਛਾਲ
ਮੰਗਲਵਾਰ ਨੂੰ ਨਾ ਸਿਰਫ ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਦੇਖਣ ਨੂੰ ਮਿਲੀ, ਸਗੋਂ ਬਾਂਡ ਮਾਰਕੀਟ, ਕ੍ਰਿਪਟੋ ਕਰੰਸੀ ਅਤੇ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੀ ਉਛਾਲ ਵੇਖਿਆ ਗਿਆ। ਮੰਗਲਵਾਰ ਰਾਤ ਨਿਊਯਾਰਕ ਦੀ ਕਮੋਡਿਟੀ ਐਕਸਚੇਂਜ ਕਾਮੈਕਸ ’ਤੇ ਸੋਨਾ ਡੇਢ ਫੀਸਦੀ ਤੇਜ਼ੀ ਨਾਲ 3022 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ ਦੀਆਂ ਕੀਮਤਾਂ ’ਚ ਵੀ ਪੌਣੇ 2 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਸੀ। ਇਸ ਦੇ ਨਾਲ ਹੀ 10 ਸਾਲਾਂ ਦੀ ਬਾਂਡ ਯੀਲਡ ਵੀ ਇਕ ਵਾਰ ਫਿਰ 4 ਫੀਸਦੀ ਤੋਂ ਉੱਪਰ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਖ਼ਰੀਦਣ ਤੋਂ ਪਹਿਲਾਂ ਜਾਣੋ ਨਵੀਨਤਮ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Stock Market: RBI ਦੇ ਫੈਸਲੇ ਦਾ ਬਾਜ਼ਾਰ 'ਤੇ ਨਹੀਂ ਪਿਆ ਕੋਈ ਅਸਰ, ਸੈਂਸੈਕਸ 400 ਅੰਕ ਡਿੱਗਿਆ
NEXT STORY