ਨਵੀਂ ਦਿੱਲੀ - ਵਰਲਡ ਗੋਲਡ ਕੌਂਸਲ (ਡਬਲਯੂ. ਜੀ. ਸੀ.) ਦੀ ਤਾਜ਼ਾ ਰਿਪੋਰਟ ਮੁਤਾਬਕ 2026 ’ਚ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਦੇ ਸੰਕੇਤ ਵਿਖਾਈ ਦੇ ਰਹੇ ਹਨ। ਰਿਪੋਰਟ ਕਹਿੰਦੀ ਹੈ ਕਿ ਗਲੋਬਲ ਆਰਥਿਕ ਹਾਲਾਤ ਅਤੇ ਮਜ਼ਬੂਤ ਡਾਲਰ ਦੌਰਾਨ ਸੋਨਾ 5 ਤੋਂ 20 ਫੀਸਦੀ ਤੱਕ ਡਿੱਗ ਸਕਦਾ ਹੈ।
ਹਾਲਾਂਕਿ ਡਬਲਯੂ. ਜੀ. ਸੀ. ਦਾ ਇਹ ਵੀ ਮੰਨਣਾ ਹੈ ਕਿ ਜਿਵੇਂ ਹੀ ਬਾਜ਼ਾਰ ’ਚ ਖਰੀਦਦਾਰ ਦੁਬਾਰਾ ਸਰਗਰਮ ਹੋਣਗੇ ਅਤੇ ਸੁਰੱਖਿਅਤ ਨਿਵੇਸ਼ ਦੀ ਮੰਗ ਵਧੇਗੀ, ਸੋਨੇ ਦੀਆਂ ਕੀਮਤਾਂ 15 ਤੋਂ 30 ਫੀਸਦੀ ਤੱਕ ਵੱਧ ਸਕਦੀਆਂ ਹਨ।
ਰਿਪੋਰਟ ’ਚ ਦੱਸਿਆ ਗਿਆ ਹੈ ਕਿ 2025 ’ਚ ਸੋਨੇ ਦੀਆਂ ਕੀਮਤਾਂ ’ਚ ਕਰੀਬ 53 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੀ ਵਜ੍ਹਾ ਅਮਰੀਕਾ ’ਚ ਵਧਦੇ ਟੈਰਿਫ, ਦੁਨੀਆ ਭਰ ’ਚ ਭੂ-ਰਾਜਨੀਤਕ ਤਣਾਅ ਅਤੇ ਕੇਂਦਰੀ ਬੈਂਕਾਂ ਵੱਲੋਂ ਲਗਾਤਾਰ ਸੋਨਾ ਖਰੀਦਣਾ ਰਿਹਾ। ਸੁਰੱਖਿਅਤ ਨਿਵੇਸ਼ ਦੇ ਬਦਲ ਦੇ ਰੂਪ ’ਚ ਸੋਨਾ 2025 ’ਚ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਿਆ ਰਿਹਾ, ਜਿਸ ਨਾਲ ਇਸ ਦੀਆਂ ਕੀਮਤਾਂ ’ਚ ਲਗਾਤਾਰ ਉਛਾਲ ਆਇਆ।
ਈ. ਟੀ. ਐੱਫ. ਨਿਵੇਸ਼ ਬਣ ਰਿਹਾ ਵੱਡੀ ਤਾਕਤ
ਡਬਲਯੂ. ਜੀ. ਸੀ. ਨੇ ਕਿਹਾ ਕਿ ਗੋਲਡ ਈ. ਟੀ. ਐੱਫ. ’ਚ ਲਗਾਤਾਰ ਵਧਦੀ ਨਿਵੇਸ਼ ਮੰਗ ਸੋਨੇ ਦੀਆਂ ਕੀਮਤਾਂ ਨੂੰ ਉੱਤੇ ਲੈ ਜਾਣ ’ਚ ਵੱਡੀ ਭੂਮਿਕਾ ਨਿਭਾਵੇਗੀ। ਹੁਣ ਤੱਕ 2025 ’ਚ ਗਲੋਬਲ ਗੋਲਡ ਈ. ਟੀ. ਐੱਫ. ’ਚ 77 ਅਰਬ ਡਾਲਰ ਦਾ ਨਿਵੇਸ਼ ਆਇਆ ਹੈ, ਜਿਸ ਨਾਲ ਉਨ੍ਹਾਂ ਦੀ ਹੋਲਡਿੰਗ ’ਚ 700 ਟਨ ਤੋਂ ਵੱਧ ਸੋਨਾ ਜੁੜ ਗਿਆ ਹੈ।
ਮਈ 2024 ਤੋਂ ਵੇਖੀਏ ਤਾਂ ਈ. ਟੀ. ਐੱਫ. ਦੀ ਕੁਲ ਹੋਲਡਿੰਗ ਲੱਗਭਗ 850 ਟਨ ਵਧੀ ਹੈ। ਡਬਲਯੂ. ਜੀ. ਸੀ. ਦਾ ਮੰਨਣਾ ਹੈ ਕਿ ਇਹ ਵਾਧਾ ਅਜੇ ਵੀ ਪਿਛਲੇ ਗੋਲਡ ਬੁਲ ਸਾਈਕਲ ਤੋਂ ਘੱਟ ਹੈ, ਭਾਵ ਨਿਵੇਸ਼ ਵਧਣ ਦੀਆਂ ਸੰਭਾਵਨਾਵਾਂ ਅਜੇ ਵੀ ਮਜ਼ਬੂਤ ਹਨ।
ਸੋਨੇ ’ਚ ਗਿਰਾਵਟ ਦੀ ਵੀ ਸੰਭਾਵਨਾ
ਡਬਲਯੂ. ਜੀ. ਸੀ. ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ 2026 ’ਚ ਸੋਨੇ ਦੀਆਂ ਕੀਮਤਾਂ 5 ਤੋਂ 20 ਫੀਸਦੀ ਤੱਕ ਡਿੱਗ ਵੀ ਸਕਦੀਆਂ ਹਨ, ਜੇਕਰ ਅਮਰੀਕਾ ਦੀ ਅਰਥਵਿਵਸਥਾ ਟਰੰਪ ਦੀਆਂ ਨੀਤੀਆਂ ਦੀ ਵਜ੍ਹਾ ਨਾਲ ਉਮੀਦ ਤੋਂ ਵੱਧ ਮਜ਼ਬੂਤ ਹੋ ਜਾਂਦੀ ਹੈ। ਅਜਿਹੇ ਮਾਹੌਲ ’ਚ ਅਮਰੀਕਾ ਦੀਆਂ ਆਰਥਿਕ ਗਤੀਵਿਧੀਆਂ ਤੇਜ਼ ਹੋਣਗੀਆਂ, ਜਿਸ ਨਾਲ ਮਹਿੰਗਾਈ ਵੱਧ ਸਕਦੀ ਹੈ ਅਤੇ ਫੈੱਡਰਲ ਰਿਜ਼ਰਵ ਨੂੰ ਵਿਆਜ ਦਰਾਂ ਵਧਾਉਣ ਦੀ ਜ਼ਰੂਰਤ ਪਵੇਗੀ। ਵਧਦੀਆਂ ਵਿਆਜ ਦਰਾਂ ਅਤੇ ਮਜ਼ਬੂਤ ਅਮਰੀਕੀ ਡਾਲਰ ਸੋਨੇ ਨੂੰ ਘੱਟ ਆਕਰਸ਼ਕ ਬਣਾ ਦਿੰਦੇ ਹਨ, ਜਿਸ ਨਾਲ ਇਸ ਦੀਆਂ ਕੀਮਤਾਂ ਹੇਠਾਂ ਜਾ ਸਕਦੀਆਂ ਹਨ।
ਮਜ਼ਬੂਤ ਡਾਲਰ ਅਤੇ ਵਧਦੀ ਯੀਲਡ ਪਾ ਸਕਦੇ ਹਨ ਸੋਨੇ ’ਤੇ ਦਬਾਅ
ਡਬਲਯੂ. ਜੀ. ਸੀ. ਅਨੁਸਾਰ ਜੇਕਰ ਅਮਰੀਕੀ ਡਾਲਰ ਮਜ਼ਬੂਤ ਹੁੰਦਾ ਹੈ ਅਤੇ ਲੰਮੀ ਮਿਆਦ ਦੀ ਬਾਂਡ ਯੀਲਡ ਵਧਦੀ ਹੈ, ਤਾਂ ਨਿਵੇਸ਼ਕ ਸੋਨੇ ’ਚੋਂ ਪੈਸਾ ਕੱਢ ਕੇ ਅਮਰੀਕੀ ਸੰਪਤੀਆਂ ’ਚ ਨਿਵੇਸ਼ ਕਰ ਸਕਦੇ ਹਨ। ਇਸ ਨਾਲ ਗੋਲਡ ਈ. ਟੀ. ਐੱਫ. ’ਚੋਂ ਵੀ ਲਗਾਤਾਰ ਪੈਸਾ ਨਿਕਲ ਸਕਦਾ ਹੈ।
ਅਜਿਹੇ ਸਮੇਂ ’ਚ ਸੋਨੇ ਦੀਆਂ ਕੀਮਤਾਂ ਦਬਾਅ ’ਚ ਰਹਿੰਦੀਆਂ ਹਨ ਅਤੇ ਨਿਵੇਸ਼ਕਾਂ ਦੀ ਦਿਲਚਸਪੀ ਘੱਟ ਹੋ ਜਾਂਦੀ ਹੈ। ਇਹ ਮਾਹੌਲ ਸੋਨੇ ਦੀਆਂ ਕੀਮਤਾਂ ’ਚ 5-20 ਫੀਸਦੀ ਤੱਕ ਦੀ ਗਿਰਾਵਟ ਲਿਆ ਸਕਦਾ ਹੈ।
ਗਿਰਾਵਟ ’ਚ ਵੀ ਖਰੀਦਦਾਰੀ ਦਾ ਮੌਕਾ
ਹਾਲਾਂਕਿ ਡਬਲਯੂ. ਜੀ. ਸੀ. ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ’ਚ ਵੀ ਪ੍ਰਚੂਨ ਖਪਤਕਾਰ ਅਤੇ ਲੰਬੇ ਸਮੇਂ ਦੇ ਨਿਵੇਸ਼ਕ ਸੋਨੇ ਦੀਆਂ ਡਿੱਗਦੀਆਂ ਕੀਮਤਾਂ ਨੂੰ ਖਰੀਦ ਦਾ ਮੌਕਾ ਸਮਝ ਸਕਦੇ ਹਨ। ਇਤਿਹਾਸਕ ਤੌਰ ’ਤੇ ਵੇਖਿਆ ਗਿਆ ਹੈ ਕਿ ਹਰ ਗਿਰਾਵਟ ਦੇ ਸਮੇਂ ਸੋਨੇ ’ਚ ਨਵੀਂ ਖਰੀਦਦਾਰੀ ਆਉਂਦੀ ਹੈ, ਜੋ ਕੀਮਤਾਂ ਨੂੰ ਥੋੜ੍ਹਾ ਸਹਾਰਾ ਦਿੰਦੀ ਹੈ।
1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
NEXT STORY