ਨਵੀਂ ਦਿੱਲੀ— ਭਾਰਤ 'ਚ ਵਟਸਐਪ ਦੀ ਪੇਮੈਂਟ (ਭੁਗਤਾਨ) ਸੇਵਾ ਸੁਰੂ ਹੋਣ ਨੂੰ ਲੈ ਕੇ ਅਟਕਲਾਂ ਜਾਰੀ ਹਨ ਪਰ ਇੰਝ ਲੱਗਦਾ ਹੈ ਕਿ ਗਾਹਕਾਂ ਦੇ ਡਾਟਾ ਅਤੇ ਪ੍ਰੋਸੈਸਿੰਗ ਨੂੰ ਲੈ ਕੇ ਕੰਪਨੀ ਅਤੇ ਸਰਕਾਰੀ ਅਧਿਕਾਰੀਆਂ 'ਚ ਡੂੰਘੇ ਮਤਭੇਦ ਹਨ। ਕੰਪਨੀ ਦੀ ਪ੍ਰਾਈਵੇਸੀ ਨੀਤੀ 'ਚ ਕਿਹਾ ਗਿਆ ਹੈ ਕਿ ਭਾਰਤ ਦੇ ਗਾਹਕਾਂ ਨੂੰ ਆਪਣੇ ਭੁਗਤਾਨ ਵੇਰਵੇ ਅਮਰੀਕਾ ਅਤੇ ਹੋਰ ਦੇਸ਼ਾਂ 'ਚ ਇਕੱਠੇ ਕਰਨ ਨੂੰ ਲੈ ਕੇ ਸਹਿਮਤੀ ਪ੍ਰਗਟ ਕਰਨੀ ਹੋਵੇਗੀ।
ਕੰਪਨੀ ਦੇ ਭਾਰਤੀ ਭੁਗਤਾਨ ਸੇਵਾ ਦੇ ਨਿਯਮਾਂ 'ਚ ਕਿਹਾ ਗਿਆ ਹੈ, ''ਜੇਕਰ ਤੁਸੀਂ ਭੁਗਤਾਨ ਸੇਵਾ ਇਸਤੇਮਾਲ ਕਰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਸ਼ਰਤਾਂ ਨਾਲ ਸਹਿਮਤ ਹੋ, ਜਿਸ 'ਚ ਕੁਲੈਕਸ਼ਨ, ਯੂਜ਼, ਪ੍ਰੋਸੈਸਿੰਗ ਅਤੇ ਤੁਹਾਡੀ ਜਾਣਕਾਰੀ ਸਾਂਝਾ ਕਰਨਾ ਸ਼ਾਮਲ ਹਨ। ਇਸ ਦਾ ਜ਼ਿਕਰ ਸਾਡੀ ਪ੍ਰਾਈਵੇਸੀ ਨੀਤੀ ਅਤੇ ਸਾਡੀ ਭੁਗਤਾਨ ਪ੍ਰਾਈਵੇਸੀ ਨੀਤੀ 'ਚ ਕੀਤਾ ਗਿਆ ਹੈ। ਅਸੀਂ ਤੁਹਾਡੀ ਜਾਣਕਾਰੀ ਨੂੰ ਅਮਰੀਕਾ ਜਾਂ ਦੁਨੀਆ ਦੇ ਉਨ੍ਹਾਂ ਦੇਸ਼ਾਂ 'ਚ ਭੇਜ ਜਾਂ ਪ੍ਰੋਸੈਸ ਕਰ ਸਕਦੇ ਹਾਂ, ਜਿੱਥੇ ਸਾਡੇ ਦਫਤਰ, ਸੇਵਾ ਪ੍ਰਦਾਤਾ ਜਾਂ ਸਾਂਝੇਦਾਰ ਹਨ, ਭਾਵੇਂ ਹੀ ਤੁਸੀਂ ਕਿਤੋਂ ਵੀ ਭੁਗਤਾਨ ਕਰਦੇ ਹੋਵੋ।'' ਹਾਲਾਂਕਿ ਇਕ ਸੂਤਰ ਨੇ ਕਿਹਾ ਕਿ ਕੰਪਨੀ ਡਾਟਾ ਜਮ੍ਹਾ ਕਰਨ 'ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਆਰ. ਬੀ. ਆਈ. ਦੇ ਸਪੱਸ਼ਟੀਕਰਨ ਦਾ ਇੰਤਜ਼ਾਰ ਕਰ ਰਹੀ ਹੈ।
RBI ਦਾ ਹੁਕਮ ਭਾਰਤ ਤੋਂ ਬਾਹਰ ਨਹੀਂ ਜਾਵੇਗਾ ਡਾਟਾ :
ਇਸ ਸਾਲ ਅਪ੍ਰੈਲ 'ਚ ਭਾਰਤ ਦੇ ਕੇਂਦਰੀ ਬੈਂਕ ਨੇ ਭੁਗਤਾਨ ਸੇਵਾ ਦੇਣ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਭਾਰਤ ਨਾਲ ਸੰਬੰਧਤ ਸਾਰੇ ਵਿੱਤੀ ਵੇਰਵੇ ਦੇਸ਼ 'ਚ ਹੀ ਜਮ੍ਹਾ ਕਰਨ। ਇਸ 'ਤੇ ਪ੍ਰਮੁੱਖ ਕਾਰਡ ਨੈੱਟਵਰਕ ਕੰਪਨੀਆਂ ਸਮੇਤ ਫਿਨਟੈੱਕ ਕੰਪਨੀਆਂ ਨੇ ਨਾਖੁਸ਼ੀ ਜਤਾਈ ਸੀ। ਰਿਜ਼ਰਵ ਬੈਂਕ ਨੇ ਇਨ੍ਹਾਂ ਕੰਪਨੀਆਂ ਨੂੰ ਇਸ ਹੁਕਮ ਦੀ ਪਾਲਣਾ ਕਰਨ ਅਤੇ ਸਾਰੀਆਂ ਸੂਚਨਾਵਾਂ ਅਤੇ ਪ੍ਰੋਸੈਸਿੰਗ ਯੂਨਿਟਾਂ ਨੂੰ ਭਾਰਤ ਲਿਆਉਣ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਹੈ। ਇਹੀ ਵਜ੍ਹਾ ਹੈ ਕਿ ਵਟਸਐਪ ਨੂੰ ਭਾਰਤੀ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਵੱਲੋਂ ਕੰਮ ਸ਼ੁਰੂ ਕਰਨ ਦਾ ਲਾਇਸੈਂਸ ਨਹੀਂ ਮਿਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਨੂੰ ਲਾਇਸੈਂਸ ਲੈਣ ਲਈ ਬਹੁਤ ਸਾਰਾ ਕੰਮ ਕਰਨਾ ਹੋਵੇਗਾ। ਇਸ ਨੂੰ ਯੂ. ਪੀ. ਆਈ. ਦੀਆਂ ਸ਼ਰਤਾਂ ਅਤੇ ਭਾਰਤ 'ਚ ਡਾਟਾ ਜਮ੍ਹਾ ਕਰਨ ਦੀ ਸ਼ਰਤ ਪੂਰੀ ਕਰਨੀ ਹੋਵੇਗੀ। ਸੂਤਰਾਂ ਨੇ ਕਿਹਾ ਕਿ ਵਟਸਐਪ ਨੇ ਅਜੇ ਸਥਾਨਕ ਪੱਧਰ 'ਤੇ ਡਾਟਾ ਜਮ੍ਹਾ ਕਰਨ ਅਤੇ ਹੋਰ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਹੈ।
ਭਾਰਤੀ ਮਸਾਲਿਆਂ ਦੀ ਬਰਾਮਦ 'ਚ ਰਿਕਾਰਡ ਵਾਧਾ
NEXT STORY