ਨਵੀਂ ਦਿੱਲੀ— ਦੇਸ਼ ਦੀ ਤੀਸਰੀ ਸਭ ਤੋਂ ਵੱਡੀ ਸੂਚਨਾ ਟੈਕਨਾਲੋਜੀ (ਆਈ. ਟੀ.) ਕੰਪਨੀ ਵਿਪਰੋ ਨੇ ਅੱਜ ਕਿਹਾ ਕਿ ਸ਼ੇਅਰ ਹੋਲਡਰਾਂ ਨੇ 11 ਹਜ਼ਾਰ ਕਰੋੜ ਰੁਪਏ ਦੇ ਸ਼ੇਅਰਾਂ ਦੀ ਮੁੜ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਪਰੋ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ, ''ਵਿਸ਼ੇਸ਼ ਪ੍ਰਸਤਾਵ ਨੂੰ ਪੋਸਟਲ ਬੈਲੇਟ ਅਤੇ ਈ-ਵੋਟਿੰਗ ਰਾਹੀਂ ਮੈਂਬਰਾਂ ਦਾ ਜ਼ਰੂਰੀ ਬਹੁਮਤ ਮਿਲ ਗਿਆ ਹੈ।'' 28 ਅਗਸਤ ਨੂੰ ਹੋਏ ਮਤਦਾਨ 'ਚ 99.68 ਫੀਸਦੀ ਸ਼ੇਅਰ ਹੋਲਡਰਾਂ ਨੇ ਮੁੜ ਖਰੀਦ ਪ੍ਰਸਤਾਵ ਦੇ ਪੱਖ 'ਚ ਮਤ ਦਿੱਤਾ। ਕੰਪਨੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ 320 ਰੁਪਏ ਮੁੱਲ ਪ੍ਰਤੀ ਸ਼ੇਅਰ ਦੀ ਦਰ ਨਾਲ ਸ਼ੇਅਰ ਹੋਲਡਰਾਂ ਤੋਂ 34.375 ਕਰੋੜ ਸ਼ੇਅਰ ਖਰੀਦੇਗੀ। ਜ਼ਿਕਰਯੋਗ ਹੈ ਕਿ ਸ਼ੇਅਰਾਂ ਦੀ ਮੁੜ ਖਰੀਦ ਨਾਲ ਪ੍ਰਤੀ ਸ਼ੇਅਰ ਆਮਦਨ ਅਤੇ ਸ਼ੇਅਰ ਹੋਲਡਰਾਂ ਨੂੰ ਮਿਲਣ ਵਾਲੇ ਲਾਭ 'ਚ ਵਾਧਾ ਆਉਂਦਾ ਹੈ ਅਤੇ ਬਾਜ਼ਾਰ ਦੇ ਸੁਸਤ ਹੋਣ ਦੀ ਸਥਿਤੀ 'ਚ ਸ਼ੇਅਰਾਂ ਦੀਆਂ ਕੀਮਤਾਂ ਨੂੰ ਸਮਰਥਨ ਮਿਲਦਾ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਦੂਸਰੀ ਵੱਡੀ ਆਈ. ਟੀ. ਕੰਪਨੀ ਇਨਫੋਸਿਸ ਨੇ ਵੀ 13 ਹਜ਼ਾਰ ਕਰੋੜ ਰੁਪਏ ਦੇ ਸ਼ੇਅਰਾਂ ਦੀ ਮੁੜ ਖਰੀਦ ਦਾ ਐਲਾਨ ਕੀਤਾ ਸੀ।
ਆਰਥਿਕ ਵਾਧਾ ਦਰ ਅਪ੍ਰੈਲ-ਜੂਨ ਤਿਮਾਹੀ 'ਚ 6 ਫੀਸਦੀ ਰਹਿਣ ਦਾ ਅੰਦਾਜ਼ਾ : ਐੱਚ. ਐੱਸ. ਬੀ. ਸੀ.
NEXT STORY