ਜਲੰਧਰ (ਖੁਰਾਣਾ)–ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਸਾਢੇ 3 ਸਾਲ ਹੋਣ ਨੂੰ ਹਨ ਪਰ ਜਲੰਧਰ ਵਰਗੇ ਵੱਡੇ ਸ਼ਹਿਰ ਵਿਚ ਇਸ ਪਾਰਟੀ ਦੀ ਸਰਗਰਮੀ ਦਾ ਅਸਲੀ ਅਹਿਸਾਸ ਉਦੋਂ ਹੋਇਆ, ਜਦੋਂ ਪਿਛਲੇ ਸਾਲ ਦਸੰਬਰ ਵਿਚ ਨਗਰ ਨਿਗਮ ਚੋਣਾਂ ਮੁਕੰਮਲ ਹੋਈਆਂ ਅਤੇ ਜਨਵਰੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਮੇਅਰ ਅਤੇ ਹੋਰ ਅਹੁਦਿਆਂ ’ਤੇ ਕਾਬਜ਼ ਹੋਏ। ਮੇਅਰ ਅਹੁਦਾ ਸੰਭਾਲਦੇ ਹੀ 'ਆਪ' ਆਗੂ ਵਿਨੀਤ ਧੀਰ ਨੇ ਸ਼ਹਿਰ ਦੀ ਬਿਹਤਰੀ ਦੀ ਦਿਸ਼ਾ ਵਿਚ ਕਈ ਅਹਿਮ ਕੰਮ ਸ਼ੁਰੂ ਕੀਤੇ। ਉਨ੍ਹਾਂ ਦੀਆਂ ਪਹਿਲਾਂ ਵਿਚ ਬਰਲਟਨ ਪਾਰਕ ਸਪੋਰਟਸ ਹੱਬ ਦਾ ਰੁਕਿਆ ਹੋਇਆ ਪ੍ਰਾਜੈਕਟ ਦੋਬਾਰਾ ਸ਼ੁਰੂ ਕਰਵਾਉਣਾ ਪ੍ਰਮੁੱਖ ਰਿਹਾ। ਇਸ ਲਈ ਉਨ੍ਹਾਂ 'ਆਪ' ਦੇ ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਅਤੇ ਉਦਯੋਗਪਤੀ ਨਿਤਿਨ ਕੋਹਲੀ ਦਾ ਸਹਿਯੋਗ ਲਿਆ ਅਤੇ ਕਈ ਵਾਰ ਚੰਡੀਗੜ੍ਹ ਜਾ ਕੇ ਪੁਰਾਣੇ ਠੇਕੇਦਾਰ ਨੂੰ ਫਿਰ ਤੋਂ ਕੰਮ ਸ਼ੁਰੂ ਕਰਨ ਲਈ ਰਾਜ਼ੀ ਕੀਤਾ, ਜੋ ਪਹਿਲਾਂ ਵਿਵਾਦ ਕਾਰਨ ਪ੍ਰਾਜੈਕਟ ਅਧੂਰਾ ਛੱਡ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਤੇ ਮੰਡਰਾਇਆ ਵੱਡਾ ਖ਼ਤਰਾ! ਡੈਮ 'ਚ ਵਧਿਆ ਪਾਣੀ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
ਸਪੋਰਟਸ ਹੱਬ ਪ੍ਰਾਜੈਕਟ ਦੀ ਪੁਰਾਣੀ ਫਾਈਲ ਨੂੰ ਦੋਬਾਰਾ ਮਨਜ਼ੂਰੀ ਦਿਵਾ ਕੇ ਇਸ ਦਾ ਉਦਘਾਟਨ ਖ਼ੁਦ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥੋਂ ਕਰਵਾਇਆ ਗਿਆ। ਇਸ ਮੌਕੇ ਪੰਜਾਬ ਅਤੇ ਦਿੱਲੀ ਦੇ ਕਈ ਵੱਡੇ 'ਆਪ' ਆਗੂ ਵੀ ਮੌਜੂਦ ਸਨ। ਇਹ ਪ੍ਰਾਜੈਕਟ 'ਆਪ' ਦੀ ਸਥਾਨਕ ਲੀਡਰਸ਼ਿਪ ਲਈ ਸਿਆਸੀ ਸੰਜੀਵਨੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ ਪਰ ਹੁਣ ਇਸ ’ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਫਿਲਹਾਲ ਪ੍ਰਾਜੈਕਟ ’ਤੇ ਅਸਥਾਈ ਰੂਪ ਨਾਲ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਦੇ ਕੰਪਲੈਕਸ ਵਿਚ 56 ਹਰੇ-ਭਰੇ ਦਰੱਖਤ ਕੱਟੇ ਜਾਣ ਦਾ ਜ਼ਬਰਦਸਤ ਵਿਰੋਧ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਇਸ ਵਿਰੋਧ ਨੇ ਉਦੋਂ ਹੋਰ ਤੂਲ ਫੜਿਆ, ਜਦੋਂ ਨਗਰ ਨਿਗਮ ਅਧਿਕਾਰੀਆਂ ਨੂੰ ਮੌਕੇ ’ਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਵਿਰੋਧ ਕਰ ਰਹੇ ਲੋਕਾਂ ਨੇ ਇਸ ਮੁੱਦੇ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਲੈਣ ਦਾ ਐਲਾਨ ਕਰ ਦਿੱਤਾ ਹੈ।

ਨਿਗਮ ਨੂੰ ਨਿਲਾਮੀ ਰੱਦ ਕਰਨੀ ਪਈ, ਹੁਣ ਲੀਗਲ ਰਾਏ ਲਈ ਜਾਵੇਗੀ
ਬਰਲਟਨ ਪਾਰਕ ਸਪੋਰਟਸ ਹੱਬ ਦਾ ਕੰਮ ਉਦਘਾਟਨ ਤੋਂ ਬਾਅਦ ਸ਼ੁਰੂ ਹੋ ਗਿਆ ਸੀ ਪਰ ਹਾਲ ਹੀ ਵਿਚ 56 ਦਰੱਖਤਾਂ ਨੂੰ ਕੱਟਣ ਲਈ ਨਗਰ ਨਿਗਮ ਨੇ ਅਖਬਾਰ ਵਿਚ ਇਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ, ਜਿਸ ਨਾਲ ਲੋਕਾਂ ਨੂੰ ਇਸ ਯੋਜਨਾ ਦੀ ਜਾਣਕਾਰੀ ਮਿਲੀ। ਖ਼ਾਸ ਗੱਲ ਇਹ ਹੈ ਕਿ ਇਸ਼ਤਿਹਾਰ ਦੇ ਇਕ ਦਿਨ ਬਾਅਦ ਹੀ ਨਗਰ ਨਿਗਮ ਨੇ ਪਾਰਕ ਦੀ ਨਰਸਰੀ ਵਿਚ ਦਰੱਖਤ ਕੱਟਣ ਦੀ ਨਿਲਾਮੀ ਰੱਖੀ, ਜਿਸ ਵਿਚ 56 ਦਰੱਖਤਾਂ ਦੀ ਰਿਜ਼ਰਵ ਪ੍ਰਾਈਸ 3.28 ਲੱਖ ਰੁਪਏ ਤੈਅ ਕੀਤੀ ਗਈ ਸੀ। ਕਈ ਠੇਕੇਦਾਰ ਅਤੇ ਕੰਪਨੀਆਂ ਦੇ ਪ੍ਰਤੀਨਿਧੀ ਨਿਲਾਮ ਵਿਚ ਹਿੱਸਾ ਲੈਣ ਪਹੁੰਚੇ ਸਨ। ਇਸ ਦੌਰਾਨ ਬਰਲਟਨ ਪਾਰਕ ਵੈੱਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਅਤੇ ਐਕਸ਼ਨ ਕਮੇਟੀ ਦੇ ਸੰਸਥਾਪਕ ਹਰੀਸ਼ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਉਥੇ ਮੌਜੂਦ ਅਧਿਕਾਰੀਆਂ ਤੇ ਠੇਕੇਦਾਰਾਂ ਨੂੰ ਜਾਣਕਾਰੀ ਦਿੱਤੀ ਕਿ 12 ਸਾਲ ਪਹਿਲਾਂ ਨਗਰ ਨਿਗਮ ਨੇ ਹਾਈਕੋਰਟ ਵਿਚ ਸਹੁੰ-ਪੱਤਰ ਦੇ ਕੇ ਇਹ ਵਾਅਦਾ ਕੀਤਾ ਸੀ ਕਿ ਸਪੋਰਟਸ ਹੱਬ ਨਿਰਮਾਣ ਦੌਰਾਨ ਕੋਈ ਦਰੱਖਤ ਨਹੀਂ ਕੱਟਿਆ ਜਾਵੇਗਾ। ਹਰੀਸ਼ ਸ਼ਰਮਾ ਨੇ ਇਨ੍ਹਾਂ ਤਰਕਾਂ ਤੋਂ ਬਾਅਦ ਨਿਗਮ ਦੇ ਐਕਸੀਅਨ ਜਸਪਾਲ ਸਿੰਘ ਅਤੇ ਐੱਸ. ਡੀ. ਓ. ਤਰਨਪ੍ਰੀਤ ਸਿੰਘ ਨੇ ਮਾਮਲੇ ਦੀ ਅਣਜਾਣਤਾ ਜ਼ਾਹਰ ਕੀਤੀ ਅਤੇ ਕਮਿਸ਼ਨਰ ਨੂੰ ਪੂਰੀ ਜਾਣਕਾਰੀ ਦਿੱਤੀ। ਇਸ ਵਿਵਾਦ ਕਾਰਨ ਸਾਰੇ ਠੇਕੇਦਾਰ ਮੌਕੇ ਤੋਂ ਵਾਪਸ ਮੁੜ ਗਏ ਅਤੇ ਨਗਰ ਨਿਗਮ ਨੂੰ ਨਿਲਾਮੀ ਪ੍ਰਕਿਰਿਆ ਰੱਦ ਕਰਨੀ ਪਈ।
ਇਹ ਵੀ ਪੜ੍ਹੋ: ਕਾਂਗਰਸ ’ਚ ਸਲੀਪਰ ਸੈੱਲ ਨੂੰ ਖ਼ਤਮ ਕਰਨ ਰਾਹੁਲ ਗਾਂਧੀ, ਨਵਤੇਜ ਚੀਮਾ ਨੇ ਲਾਈ ਗੁਹਾਰ

ਨਿਗਮ ਦੇ ਨਵੇਂ ਅਧਿਕਾਰੀਆਂ ਨੂੰ ਕਾਨੂੰਨੀ ਦਾਅਪੇਚ ਦੀ ਜਾਣਕਾਰੀ ਹੀ ਨਹੀਂ
ਲਗਭਗ 16-17 ਸਾਲ ਪਹਿਲਾਂ ਜਦੋਂ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ, ਉਸ ਸਮੇਂ ਸਰਵੇ ਵਿਚ ਸਾਹਮਣੇ ਆਇਆ ਸੀ ਕਿ ਇਸ ਲਈ ਕਈ ਦਰੱਖਤ ਕੱਟਣੇ ਪੈ ਸਕਦੇ ਹਨ ਅਤੇ ਕੁਝ ਪਾਰਕਾਂ ਨੂੰ ਨੁਕਸਾਨ ਹੋਵੇਗਾ। ਉਦੋਂ ਬਰਲਟਨ ਪਾਰਕ ਵੈੱਲਫੇਅਰ ਸੋਸਾਇਟੀ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ, ਜਿਸ ’ਤੇ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਅਤੇ ਨਿਗਮ ਨੇ ਲਿਖਤੀ ਰੂਪ ਵਿਚ ਵਾਅਦਾ ਕੀਤਾ ਕਿ ਦਰੱਖਤ ਨਹੀਂ ਕੱਟੇ ਜਾਣਗੇ।
ਇਸ ਲਈ ਐਨਵਾਇਰਮੈਂਟ ਇੰਪੈਕਟ ਕਮੇਟੀ ਤੋਂ ਮਨਜ਼ੂਰੀ ਲੈਣ ਦੀ ਵੀ ਸ਼ਰਤ ਰੱਖੀ ਗਈ ਸੀ ਪਰ ਲੱਗਭਗ 12 ਸਾਲ ਬਾਅਦ ਜਦੋਂ ਇਹ ਪ੍ਰਾਜੈਕਟ ਦੁਬਾਰਾ ਸ਼ੁਰੂ ਹੋਇਆ, ਉਦੋਂ ਤਕ ਨਗਰ ਨਿਗਮ ਦੇ ਵਧੇਰੇ ਅਧਿਕਾਰੀ ਬਦਲ ਚੁੱਕੇ ਸਨ ਅਤੇ ਕਿਸੇ ਨੇ ਵੀ ਪੁਰਾਣੀਆਂ ਫਾਈਲਾਂ ਨਹੀਂ ਦੇਖੀਆਂ। ਨਤੀਜਾ, ਹੁਣ ਇਕ ਵਾਰ ਫਿਰ ਇਹ ਪੂਰਾ ਮਾਮਲਾ ਹਾਈਕੋਰਟ ਵੱਲ ਵਧਦਾ ਨਜ਼ਰ ਆ ਰਿਹਾ ਹੈ ਅਤੇ ਸਪੋਰਟਸ ਹੱਬ ਪ੍ਰਾਜੈਕਟ ਬੇਯਕੀਨੀ ਵਿਚ ਘਿਰ ਗਿਆ ਹੈ।
56 ਦਰੱਖਤ ਤਾਂ ਦੂਰ, ਇਕ ਦਰੱਖਤ ਦੀ ਲਾਸ਼ ’ਤੇ ਵੀ ਨਹੀਂ ਬਣਨ ਦਿਆਂਗੇ ਸਪੋਰਟਸ ਹੱਬ : ਹਰੀਸ਼ ਸ਼ਰਮਾ
ਲਗਭਗ 13 ਸਾਲ ਪਹਿਲਾਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਵਾਲੀ ਬਰਲਟਨ ਪਾਰਕ ਵੈੱਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਹਰੀਸ਼ ਸ਼ਰਮਾ ਨੇ ਅੱਜ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਭਾਵੇਂ ਕੁਝ ਵੀ ਹੋ ਜਾਵੇ, ਇਕ ਵੀ ਦਰੱਖਤ ਦੀ ਬਲੀ ਦੇ ਕੇ ਸਪੋਰਟਸ ਹੱਬ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮ ਬਿਲਕੁਲ ਸਪੱਸ਼ਟ ਹਨ ਅਤੇ ਨਗਰ ਨਿਗਮ ਖੁਦ ਐਫੀਡੇਵਿਟ ਦੇ ਕੇ ਇਹ ਮੰਨ ਚੁੱਕਾ ਹੈ। ਜੇਕਰ ਨਿਗਮ ਫਿਰ ਵੀ ਦਰੱਖਤ ਕੱਟਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਦਾਲਤ ਦੀ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਜਾਵੇਗੀ ਅਤੇ ਲੋੜ ਪਈ ਤਾਂ ਐੱਨ. ਜੀ. ਟੀ. ਅਤੇ ਸੁਪਰੀਮ ਕੋਰਟ ਤਕ ਵੀ ਜਾਇਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਜਾਣੋ 5 ਤਾਰੀਖ਼ ਤੱਕ ਦੀ Weather Update, ਭਾਰੀ ਮੀਂਹ ਤੇ ਤੂਫ਼ਾਨ ਦਾ Alert
ਦਰੱਖਤ ਕੱਟੇ ਬਿਨਾਂ ਸਟੇਡੀਅਮ ਦਾ ਨਿਰਮਾਣ ਅਸੰਭਵ, ਮਲਟੀਪਰਪਜ਼ ਹਾਲ ’ਚ ਵੀ ਸਫੈਦੇ ਦਾ ਦਰੱਖਤ ਰੁਕਾਵਟ
ਸਪੋਰਟਸ ਹੱਬ ਦੇ ਮੌਜੂਦਾ ਡਿਜ਼ਾਈਨ ਵਿਚ ਕਈ ਤਰ੍ਹਾਂ ਦੀਆਂ ਖੇਡਾਂ ਜਿਵੇਂ ਜੂਡੋ, ਰੈਸਲਿੰਗ ਅਤੇ ਕਬੱਡੀ ਲਈ ਸਟੇਡੀਅਮ ਬਣਾਏ ਜਾਣੇ ਹਨ। ਇਸ ਦੇ ਘੇਰੇ ਵਿਚ ਕਈ ਦਰੱਖਤ ਆ ਰਹੇ ਹਨ, ਜਿਨ੍ਹਾਂ ਵਿਚੋਂ ਇਕ ਵਿਸ਼ਾਲ ਅਤੇ ਪੁਰਾਣਾ ਸਫੈਦੇ ਦਾ ਦਰੱਖਤ ਮਲਟੀਪਰਪਜ਼ ਹਾਲ ਦੀ ਬਾਊਂਡਰੀ ਵਿਚ ਆ ਗਿਆ ਹੈ, ਜਿਸ ਦਾ ਨਿਰਮਾਣ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਦਰੱਖਤ ਨੂੰ ਹਟਾਏ ਬਿਨਾਂ ਨਿਰਮਾਣ ਅੱਗੇ ਨਹੀਂ ਵਧ ਸਕਦਾ। ਜੇਕਰ ਦਰੱਖਤ ਕੱਟਣ ’ਤੇ ਕੋਈ ਰੋਕ ਲੱਗਦੀ ਹੈ ਜਾਂ ਅਦਾਲਤ ਤੋਂ ਹੁਕਮ ਆਉਂਦਾ ਹੈ ਤਾਂ ਪੂਰਾ ਪ੍ਰਾਜੈਕਟ ਖੂਹ-ਖਾਤੇ ਵਿਚ ਪੈ ਸਕਦਾ ਹੈ। ਹੁਣ ਦੇਖਣਾ ਇਹ ਹੈ ਕਿ ਪਿਛਲੇ 17-18 ਸਾਲਾਂ ਤੋਂ ਵਿਚਾਲੇ ਲਟਕ ਰਿਹਾ ਇਹ ਪ੍ਰਾਜੈਕਟ ਇਸ ਵਾਰ ਅੰਜਾਮ ਤਕ ਪਹੁੰਚ ਪਾਉਂਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਜਲੰਧਰ ਤੋਂ ਬਾਅਦ ਇਕ ਹੋਰ ਸਿਵਲ ਹਸਪਤਾਲ ਦਾ ਆਕਸੀਜ਼ਨ ਪਲਾਂਟ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਪੂਰਥਲਾ ਦੇ ਬੱਸ ਸਟੈਂਡ ਇਲਾਕੇ 'ਚ ਮਿਲਿਆ ਭਰੂਣ
NEXT STORY