ਨਵੀਂ ਦਿੱਲੀ - ਥੋਕ ਮਹਿੰਗਾਈ ਦੇ ਸੋਮਵਾਰ ਨੂੰ ਆਏ ਅੰਕੜਿਆਂ ਨੇ ਵਿਆਜ ਦਰਾਂ 'ਚ ਕਮੀ ਦੀ ਸੰਭਾਵਨਾ 'ਤੇ ਬ੍ਰੇਕ ਲਾ ਦਿੱਤੀ ਹੈ। ਥੋਕ ਮਹਿੰਗਾਈ ਦੀ ਦਰ 4 ਸਾਲ ਦੇ ਉੱਚੇ ਪੱਧਰ 5.77 ਫ਼ੀਸਦੀ 'ਤੇ ਪਹੁੰਚ ਗਈ ਹੈ। ਮਹਿੰਗਾਈ ਦੇ ਇੰਨੇ ਉੱਚੇ ਪੱਧਰ ਤੋਂ ਬਾਅਦ 30 ਜੁਲਾਈ ਨੂੰ ਹੋਣ ਵਾਲੀ ਆਰ. ਬੀ. ਆਈ. ਦੀ ਕਰੰਸੀ ਨੀਤੀ ਸਮੀਖਿਆ ਬੈਠਕ 'ਚ ਵਿਆਜ ਦਰਾਂ ਘੱਟ ਕੀਤੇ ਜਾਣ ਦੀ ਗੁੰਜਾਇਸ਼ ਬਹੁਤ ਘੱਟ ਰਹਿ ਗਈ ਹੈ। ਅਰਥਵਿਵਸਥਾ ਦੇ ਮੋਰਚੇ 'ਤੇ ਜੂਨ ਦਾ ਮਹੀਨਾ ਕੁਝ ਬਿਹਤਰ ਨਹੀਂ ਰਿਹਾ। ਫੈਕਟਰੀ ਪ੍ਰੋਡਕਸ਼ਨ ਘਟਣ ਅਤੇ ਪ੍ਰਚੂਨ ਮਹਿੰਗਾਈ ਦਰ 'ਚ ਵਾਧੇ ਤੋਂ ਬਾਅਦ ਥੋਕ ਮਹਿੰਗਾਈ ਦਰ 'ਚ ਵੀ ਕਾਫ਼ੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਬੀਤੇ ਮਹੀਨੇ ਥੋਕ ਮਹਿੰਗਾਈ ਦਰ (ਡਬਲਿਊ. ਪੀ. ਆਈ.) 4 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਜੂਨ 'ਚ ਡਬਲਿਊ. ਪੀ. ਆਈ. 5.77 ਫ਼ੀਸਦੀ 'ਤੇ ਰਹੀ ਹੈ। ਇਸ ਤੋਂ ਪਹਿਲਾਂ ਮਈ ਮਹੀਨੇ 'ਚ ਇਹ 4.43 ਫ਼ੀਸਦੀ ਦੇ ਪੱਧਰ 'ਤੇ ਬਣੀ ਹੋਈ ਸੀ।
ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਡਬਲਿਊ. ਪੀ. ਆਈ. 'ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਅਨਾਜ ਤੇ ਮੈਨੂਫੈਕਚਰਡ ਉਤਪਾਦਾਂ ਦੀਆਂ ਕੀਮਤਾਂ 'ਚ ਵਾਧੇ ਨੂੰ ਵੀ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।
ਸਰਕਾਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਡਬਲਿਊ. ਪੀ. ਆਈ. 'ਚ 22.62 ਫ਼ੀਸਦੀ ਦੀ ਹਿੱਸੇਦਾਰੀ ਰੱਖਣ ਵਾਲੀਆਂ ਮੁਢਲੀਆਂ ਵਸਤਾਂ ਦੀ ਥੋਕ ਮਹਿੰਗਾਈ ਜੂਨ 'ਚ ਵਧ ਕੇ 5.30 ਫ਼ੀਸਦੀ ਦਰਜ ਕੀਤੀ ਗਈ। ਮਈ 'ਚ ਇਹ 3.16 ਫ਼ੀਸਦੀ 'ਤੇ ਸੀ। ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਜੂਨ 2018 'ਚ 1.80 ਫ਼ੀਸਦੀ ਰਹੀ, ਜੋ ਮਈ 'ਚ 1.60 ਫ਼ੀਸਦੀ ਸੀ। ਸਬਜ਼ੀਆਂ ਦੀ ਮਹਿੰਗਾਈ ਜੂਨ 'ਚ ਵਧ ਕੇ 8.12 ਫ਼ੀਸਦੀ ਹੋ ਗਈ ਜੋ ਮਈ 'ਚ 2.51 ਫ਼ੀਸਦੀ ਸੀ।
ਮੈਨੂਫੈਕਚਰਡ ਪ੍ਰੋਡਕਟਸ ਦੀ ਮਹਿੰਗਾਈ 'ਚ ਵੀ ਵਾਧਾ
ਜੂਨ 'ਚ ਮੈਨੂਫੈਕਚਰਡ ਪ੍ਰੋਡਕਟਸ ਦੀ ਥੋਕ ਮਹਿੰਗਾਈ ਵੀ ਵਧ ਕੇ 4.17 ਫ਼ੀਸਦੀ ਦੇ ਪੱਧਰ 'ਤੇ ਪਹੁੰਚ ਗਈ। ਮਈ 'ਚ ਇਹ 3.73 ਫ਼ੀਸਦੀ ਦੇ ਪੱਧਰ 'ਤੇ ਸੀ। ਥੋਕ ਮਹਿੰਗਾਈ ਸੂਚਕ ਅੰਕ 'ਚ ਮੈਨੂਫੈਕਚਰਡ ਪ੍ਰੋਡਕਟਸ ਦਾ ਪੱਲੜਾ ਸਭ ਤੋਂ ਜ਼ਿਆਦਾ 64.23 ਫ਼ੀਸਦੀ ਹੈ।
ਵਿਕਰੀ ਦੇ ਦਬਾਅ 'ਚ ਡਿੱਗੇ ਸ਼ੇਅਰ ਬਾਜ਼ਾਰ
ਜ਼ਿਆਦਾਤਰ ਏਸ਼ੀਆਈ ਬਾਜ਼ਾਰਾਂ ਦੇ ਗਿਰਾਵਟ 'ਚ ਰਹਿਣ ਦੀਆਂ ਖਬਰਾਂ ਵਿਚਾਲੇ ਥੋਕ ਮਹਿੰਗਾਈ ਦੇ ਸਾਢੇ 4 ਸਾਲ ਦੇ ਉੱਚੇ ਪੱਧਰ 'ਤੇ ਪੁੱਜਣ ਦੇ ਅੰਕੜਿਆਂ ਤੋਂ ਨਿਰਉਤਸ਼ਾਹਿਤ ਨਿਵੇਸ਼ਕਾਂ ਦੀ ਵਿਕਰੀ ਨਾਲ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੈਕਸ 217.86 ਅੰਕ ਦੀ ਗਿਰਾਵਟ ਨਾਲ 36,323.77 ਅੰਕ 'ਤੇ ਬੰਦ ਹੋਇਆ। ਐੱਨ. ਐੱਸ. ਈ. ਦਾ ਨਿਫਟੀ ਵੀ 82.05 ਅੰਕ ਦਾ ਗੋਤਾ ਲਾਉਂਦਾ ਹੋਇਆ 11,000 ਦੇ ਮਨੋਵਿਗਿਆਨਕ ਪੱਧਰ ਤੋਂ ਹੇਠਾਂ 10,936.85 ਅੰਕ 'ਤੇ ਰਿਹਾ।
ਫਿਊਲ-ਪਾਵਰ ਦੀ ਮਹਿੰਗਾਈ ਤੇਜ਼ੀ ਨਾਲ ਵਧੀ
ਅੰਕੜਿਆਂ ਅਨੁਸਾਰ ਜੂਨ 'ਚ ਫਿਊਲ ਐਂਡ ਪਾਵਰ ਦੀ ਥੋਕ ਮਹਿੰਗਾਈ ਦਰ ਵਧ ਕੇ 16.18 ਫ਼ੀਸਦੀ ਹੋ ਗਈ, ਮਈ 'ਚ ਇਹ 11.22 ਸੀ। ਫਿਊਲ ਤੇ ਪਾਵਰ ਦੀ ਮਹਿੰਗਾਈ ਵਧਣ ਦੀ ਅਹਿਮ ਵਜ੍ਹਾ ਗਲੋਬਲ ਕਰੂਡ ਆਇਲ ਦਰਾਂ 'ਚ ਵਾਧੇ ਕਾਰਨ ਘਰੇਲੂ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ ਵਧਣਾ ਰਿਹਾ। ਥੋਕ ਮਹਿੰਗਾਈ ਸੂਚਕ ਅੰਕ 'ਚ ਫਿਊਲ ਐਂਡ ਪਾਵਰ ਦੀ ਹਿੱਸੇਦਾਰੀ 13.15 ਫ਼ੀਸਦੀ ਹੈ। ਜੂਨ ਦੌਰਾਨ ਪੈਟਰੋਲ, ਐੱਲ. ਪੀ. ਜੀ. ਤੇ ਡੀਜ਼ਲ ਤਿੰਨਾਂ ਦੀ ਥੋਕ ਮਹਿੰਗਾਈ ਵਧੀ, ਜੋ ਕ੍ਰਮਵਾਰ 17.45 ਫ਼ੀਸਦੀ, 19.64 ਅਤੇ 21.63 ਫ਼ੀਸਦੀ ਰਹੀ।
ਆਰ. ਬੀ. ਆਈ. ਦੇ ਸਾਹਮਣੇ ਮਹਿੰਗਾਈ 4 ਫ਼ੀਸਦੀ ਰੱਖਣ ਦਾ ਟੀਚਾ
ਮਹਿੰਗਾਈ 'ਚ ਵਾਧੇ ਨੂੰ ਵੇਖਦਿਆਂ ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਅਗਲੀ ਕਰੰਸੀ ਨੀਤੀ ਸਮੀਖਿਆ 'ਚ ਵਿਆਜ ਦਰਾਂ 'ਤੇ ਅਹਿਮ ਫੈਸਲਾ ਲੈ ਸਕਦਾ ਹੈ। ਰਿਜ਼ਰਵ ਬੈਂਕ ਕਰੰਸੀ ਨੀਤੀ ਸਮੀਖਿਆ 'ਚ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਨੂੰ ਮਾਪਦਾ ਹੈ। ਰਿਜ਼ਰਵ ਬੈਂਕ ਨੇ ਵਿਆਜ ਦਰਾਂ 'ਤੇ ਫੈਸਲਾ ਕਰਨ ਲਈ ਮਹਿੰਗਾਈ ਦਾ ਟੀਚਾ 4 ਫ਼ੀਸਦੀ 'ਤੇ ਤੈਅ ਕੀਤਾ ਹੈ।
ਇਸ 'ਚ 2 ਫ਼ੀਸਦੀ ਘੱਟ ਜਾਂ ਵੱਧ ਦੀ ਗੁੰਜਾਇਸ਼ ਹੈ। ਰਿਜ਼ਰਵ ਬੈਂਕ ਦੇ ਗਵਰਨਰ ਦੀ ਪ੍ਰਧਾਨਗੀ 'ਚ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ਇਸ ਮਹੀਨੇ ਦੇ ਅਖੀਰ 'ਚ 30 ਜੁਲਾਈ ਨੂੰ ਸ਼ੁਰੂ ਹੋਵੇਗੀ। ਇਹ ਬੈਠਕ 3 ਦਿਨ ਤੱਕ ਚੱਲੇਗੀ। 1 ਅਗਸਤ ਨੂੰ ਤੀਜੀ ਦੋਮਾਹੀ ਕਰੰਸੀ ਨੀਤੀ ਦਾ ਐਲਾਨ ਹੋਵੇਗਾ।
ਇੰਡੀਗੋ ਦੀਆਂ 4 ਨਵੀਆਂ ਉਡਾਣਾਂ 'ਚੋਂ 2 ਪਹਿਲੇ ਹੀ ਦਿਨ ਰੱਦ
NEXT STORY