ਚੰਡੀਗੜ੍ਹ: ਪੰਜਾਬ ਪੁਲਸ ਦੇ ਸਾਬਕਾ ਐਡੀਸ਼ਨਲ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਅਤੇ ਕਾਂਗਰਸੀ ਆਗੂ ਗੁਰਿੰਦਰ ਸਿੰਘ ਢਿੱਲੋਂ ਨੇ ਇਕ ਟ੍ਰੈਫਿਕ ਚਲਾਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਵਿਧਾਇਕ ਡਿੰਪੀ ਢਿੱਲੋਂ ਨੂੰ ਜਨਤਕ ਤੌਰ 'ਤੇ ਅਪੀਲ ਕੀਤੀ ਹੈ। ਢਿੱਲੋਂ ਨੇ ਵਿਧਾਇਕ ਨੂੰ ਆਪਣੇ ਉਸ ਫੈਸਲੇ ਨੂੰ ਵਾਪਸ ਲੈਣ ਲਈ ਕਿਹਾ ਹੈ, ਜਿਸ ਤਹਿਤ ਉਨ੍ਹਾਂ ਦੀ ਗੱਡੀ ਦਾ ਚਲਾਨ ਕੱਟਣ ਵਾਲੇ ਪੰਜਾਬ ਪੁਲਸ ਦੇ ਇਕ ਏ.ਐੱਸ.ਆਈ. ਵਿਰੁੱਧ ਕਾਰਵਾਈ ਕੀਤੀ ਗਈ ਸੀ।
ਢਿੱਲੋਂ ਨੇ ਕਿਹਾ ਕਿ ਏ.ਐੱਸ.ਆਈ. ਨੇ ਵਿਧਾਇਕ ਦੀ ਗੱਡੀ ਉੱਪਰ ਗੈਰ-ਕਾਨੂੰਨੀ ਤੌਰ 'ਤੇ ਲਗਾਈ ਗਈ ਫਲਿੱਕਰ ਲਾਈਟ ਕਾਰਨ ਚਲਾਨ ਕੱਟਿਆ ਸੀ, ਜਿਸ ਤੋਂ ਬਾਅਦ ਵਿਧਾਇਕ ਦੇ ਕਹਿਣ 'ਤੇ ਉਕਤ ਪੁਲਸ ਮੁਲਾਜ਼ਮ ਵਿਰੁੱਧ ਕਾਰਵਾਈ ਕੀਤੀ ਗਈ। ਸਾਬਕਾ ਏ.ਡੀ.ਜੀ.ਪੀ. ਗੁਰਿੰਦਰ ਸਿੰਘ ਢਿੱਲੋਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਬਿਨਾਂ ਅਧਿਕਾਰ ਦੇ ਗੱਡੀ ਉੱਪਰ ਫਲਿੱਕਰ ਲਾਈਟ ਲਗਾਉਣਾ ਨਾ ਸਿਰਫ ਗੈਰ-ਕਾਨੂੰਨੀ ਹੈ, ਸਗੋਂ ਇਹ ਅਦਾਲਤ ਦੀ ਮਾਣਹਾਨੀ ਵੀ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਹੀ ਅਜਿਹੀਆਂ ਲਾਲ ਬੱਤੀਆਂ ਅਤੇ ਫਲਿੱਕਰ ਹਟਾਏ ਗਏ ਸਨ। ਉਨ੍ਹਾਂ ਨੇ ਵਿਧਾਇਕ ਨੂੰ ਕਿਹਾ ਕਿ ਏਐਸਆਈ ਨੇ ਆਪਣੇ ਕਾਨੂੰਨੀ ਅਥਾਰਟੀ ਦੀ ਵਰਤੋਂ ਕੀਤੀ ਸੀ, ਜਦਕਿ ਵਿਧਾਇਕ ਨੇ ਉਸ ਵਿਰੁੱਧ ਆਪਣੀ ਸਿਆਸੀ ਤਾਕਤ ਦੀ ਵਰਤੋਂ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਕਿ 'ਤਾਕਤ' ਦੀ ਥਾਂ 'ਅਥਾਰਟੀ' ਦੀ ਜਿੱਤ ਹੋਣੀ ਚਾਹੀਦੀ ਹੈ।
ਢਿੱਲੋਂ ਨੇ ਵਿਧਾਇਕ ਨੂੰ ਇੱਕ ਵੱਡਾ ਦਿਲ ਦਿਖਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਖੁਦ ਡੀ.ਜੀ.ਪੀ. ਪੰਜਾਬ ਨੂੰ ਫੋਨ ਕਰਨ ਅਤੇ ਉਕਤ ਏ.ਐੱਸ.ਆਈ. ਦੀ ਨਿਡਰਤਾ ਲਈ ਉਸ ਨੂੰ ਐੱਲ.ਆਰ. ਤਰੱਕੀ ਦੇਣ ਦੀ ਸਿਫਾਰਸ਼ ਕਰਨ ਤਾਂ ਜੋ ਉਸ ਨੂੰ ਟ੍ਰੈਫਿਕ ਖੇਤਰ ਦਾ ਇੰਚਾਰਜ ਲਗਾਇਆ ਜਾ ਸਕੇ। ਗੁਰਿੰਦਰ ਸਿੰਘ ਢਿੱਲੋਂ ਨੇ ਅੰਤ ਵਿਚ ਕਿਹਾ ਕਿ ਜੇਕਰ ਉਹ ਅਜੇ ਵੀ ਅਦਾਲਤ ਵਿਚ ਅਹਿਮ ਭੂਮਿਕਾ ਵਿਚ ਹੁੰਦੇ ਤਾਂ ਇਸ ਮਾਮਲੇ ਦਾ ਸੂਓ-ਮੋਟੂ ਨੋਟਿਸ ਲੈਣ ਦੀ ਬੇਨਤੀ ਕਰਦੇ, ਪਰ ਉਹ ਚਾਹੁੰਦੇ ਹਨ ਕਿ ਮਾਮਲਾ ਉਸ ਪੱਧਰ ਤੱਕ ਨਾ ਜਾਵੇ ਅਤੇ ਵਿਧਾਇਕ ਖੁਦ ਹੀ ਆਪਣੀ ਗਲਤੀ ਸੁਧਾਰ ਲੈਣ।
ਬਿਕਰਮ ਮਜੀਠੀਆ ਦੇ ਵਿਜੀਲੈਂਸ ਵਿਭਾਗ ‘ਤੇ ਵੱਡੇ ਦੋਸ਼, ਕੀਤੀ CBI ਜਾਂਚ ਦੀ ਮੰਗ
NEXT STORY