ਚੰਡੀਗੜ੍ਹ (ਅੰਕੁਰ) : ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ’ਚ ਬਿਜਲੀ ਸੰਕਟ ਨੂੰ ਲੈ ਕੇ ਮਾਨ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਬਿਜਲੀ ਨਿਗਮ ਦੇ ਵਿੱਤੀ ਢਾਂਚੇ ਨਾਲ ਕੀਤੀ ਗਈ ਛੇੜਛਾੜ ਤੇ ਮਾੜੇ ਪ੍ਰਬੰਧਨ ਦਾ ਖ਼ਮਿਆਜ਼ਾ ਹੁਣ ਪੰਜਾਬ ਦੇ ਲੋਕਾਂ ਨੂੰ ਲੰਬੇ ਬਿਜਲੀ ਕੱਟਾਂ ਦੇ ਰੂਪ ’ਚ ਭੁਗਤਣਾ ਪੈ ਰਿਹਾ ਹੈ। ਸੋਸ਼ਲ ਮੀਡੀਆ ’ਤੇ ਬਿਆਨ ’ਚ ਜਾਖੜ ਨੇ ਕਿਹਾ ਕਿ ‘ਇਸ਼ਤਿਹਾਰੀ’ ਸਿੱਖਿਆ ਤੇ ਸਿਹਤ ਕ੍ਰਾਂਤੀ ਤੋਂ ਬਾਅਦ ਹੁਣ ਸਰਕਾਰ ਦੀ ‘ਬਿਜਲੀ ਕ੍ਰਾਂਤੀ’ ਦਾ ਸੱਚ ਵੀ ਸਾਹਮਣੇ ਆ ਗਿਆ ਹੈ। ਉਦਯੋਗਾਂ ਦੇ ਨਾਲ-ਨਾਲ ਘਰੇਲੂ ਖਪਤਕਾਰਾਂ ਨੂੰ ਵੀ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਖੜ ਨੇ ਕਿਹਾ ਕਿ ਬਿਜਲੀ ਦੀ ਕਮੀ ਦਾ ਅਸਰ ਪੰਜਾਬ ਦੀ ਪੂਰੀ ਅਰਥਵਿਵਸਥਾ ’ਤੇ ਪੈ ਰਿਹਾ ਹੈ। ਉਨ੍ਹਾਂ ਅਨੁਸਾਰ ਕਿਸਾਨਾਂ ਨੂੰ ਦਿਨ ਤਾਂ ਦੂਰ, ਰਾਤ ਸਮੇਂ ਵੀ ਲੋੜੀਂਦੀ ਬਿਜਲੀ ਨਹੀਂ ਮਿਲ ਰਹੀ ਜਦਕਿ ਕਮਜ਼ੋਰ ਮਾਨਸੂਨ ਕਾਰਨ ਇਸ ਸਮੇਂ ਫ਼ਸਲਾਂ ਦੀ ਸਿੰਚਾਈ ਲਈ ਬਿਜਲੀ ਦੀ ਲੋੜ ਹੋਰ ਵਧ ਗਈ ਹੈ।
‘ਆਉਣ ਵਾਲਾ ਸਮਾਂ ਹੋਰ ਮੁਸ਼ਕਲ ਹੋ ਸਕਦਾ ਹੈ’
ਭਾਜਪਾ ਆਗੂ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਬਿਜਲੀ ਖੇਤਰ ਲਈ ਆਉਣ ਵਾਲਾ ਸਮਾਂ ਹੋਰ ਵੀ ਚੁਣੌਤੀਪੂਰਨ ਹੋ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਸੂਬੇ ਦੀਆਂ ਸਮੱਸਿਆਵਾਂ ’ਤੇ ਧਿਆਨ ਦੇਣ ਦੀ ਬਜਾਏ ਆਪਣੀ ਕੁਰਸੀ ਬਚਾਉਣ ਦੀ ਸਿਆਸਤ ’ਚ ਰੁੱਝੇ ਹਨ। ਜਾਖੜ ਨੇ ਕਿਹਾ ਕਿ ਸਰਕਾਰ ਸਿਰਫ਼ ਬਿਆਨਾਂ ਤੇ ਚੁਟਕਲਿਆਂ ਨਾਲ ਨਹੀਂ ਚੱਲਦੀ। ਉਨ੍ਹਾਂ ਮੁਤਾਬਕ ਸਰਕਾਰ ਵੱਲੋਂ ਬਿਜਲੀ ਨਿਗਮ ਦੇ ਵਿੱਤੀ ਢਾਂਚੇ ਨੂੰ ਆਪਣੀਆਂ ਸਿਆਸੀ ਲੋੜਾਂ ਮੁਤਾਬਕ ਚਲਾਉਣ ਦੀ ਕੋਸ਼ਿਸ਼ ਤੇ ਅਸਲ ਸਰਕਾਰੀ ਕੰਮਾਂ ਤੋਂ ਧਿਆਨ ਹਟਾਉਣ ਕਾਰਨ ਮੌਜੂਦਾ ਸੰਕਟ ਪੈਦਾ ਹੋਇਆ ਹੈ।
‘ਹੁਣ ਪੰਜਾਬ ਦੇ ਲੋਕ ਲੈਣਗੇ ਸਰਕਾਰ ਤੋਂ ਹਿਸਾਬ’
ਜਾਖੜ ਨੇ ਕਿਹਾ ਕਿ ਬਿਜਲੀ ਸੰਕਟ ਦਾ ਸਿੱਧਾ ਅਸਰ ਕਿਸਾਨਾਂ, ਉਦਯੋਗਾਂ ਤੇ ਆਮ ਘਰੇਲੂ ਖਪਤਕਾਰਾਂ ’ਤੇ ਪੈ ਰਿਹਾ ਹੈ। ਸਰਕਾਰ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਦੇ ਲੋਕ ਹੁਣ ਸਰਕਾਰ ਦੀ ਕਾਰਗੁਜ਼ਾਰੀ ਦਾ ਹਿਸਾਬ ਮੰਗਣਗੇ ਤੇ ਆਉਣ ਵਾਲੇ ਸਮੇਂ ’ਚ ਇਸ ਸਰਕਾਰ ਨੂੰ ਆਪਣੇ ਫ਼ੈਸਲਿਆਂ ਤੇ ਕਾਰਗੁਜ਼ਾਰੀ ਲਈ ਜਵਾਬਦੇਹ ਹੋਣਾ ਪਵੇਗਾ।
ਪੰਜਾਬ 'ਚ 17 ਸਤੰਬਰ ਤੋਂ ਸ਼ੁਰੂ ਹੋਵੇਗਾ ‘ਸੇਵਾ ਸੰਕਲਪ ਅਭਿਆਨ’, ਢਿੱਲੋਂ ਨੇ 13 ਵਿਸ਼ੇਸ਼ ਪ੍ਰੋਗਰਾਮਾਂ ਦਾ ਕੀਤਾ ਐਲਾਨ
NEXT STORY