(ਕਿਸ਼ਤ ਬਿਆਲੀਵੀਂ)
ਰਾਇ ਬੁਲਾਰ ਸਾਹਿਬ ਜੀ ਅਤੇ ਮਹਿਤਾ ਕਾਲੂ ਜੀ ਦਾ ਪਿਛੋਕੜ
ਆਪਣੇ ਇਸੇ ਵਿਸ਼ੇਸ਼ ਸੁਭਾਅ ਕਾਰਣ ਰਾਜਪੂਤਾਂ ਨਾਲ ਲੜਾਈ ਸਮੇਂ ਉਹ ਆਪਣੇ ਦੁਸ਼ਮਣ ਖੇਮੇ ਵਿੱਚੋਂ ਰਾਣਾ ਰਾਇ ਨਾਂ ਦੇ ਇੱਕ ਚੜ੍ਹਦੀ ਉਮਰ ਦੇ ਰਾਜਪੂਤ ਨੌਜਵਾਨ ਦੀ ਸੂਰਬੀਰਤਾ ਤੋਂ ਬਹੁਤ ਮੁਤਾਸਿਰ ਹੋਇਆ। ਉਸਨੇ ਤੱਕਿਆ ਕਿ ਇਹ ਮੱਚ ਅਤੇ ਅਣਖ ਵਾਲਾ ਯੋਧਾ, ਜੰਗ ਅੰਦਰ ਆਪਣੀ ਫ਼ੌਜ ਦੀ ਘੱਟ ਗਿਣਤੀ ਅਤੇ ਕਮਜ਼ੋਰ ਸਥਿਤੀ ਦੇ ਬਾਵਜੂਦ, ਲਗਾਤਾਰ ਡਟ ਕੇ ਮੁਕਾਬਲਾ ਕਰਦਾ ਰਿਹਾ ਹੈ ਅਤੇ ਅੰਤ ਤੱਕ ਹਾਰ ਮੰਨਣ ਲਈ ਤਿਆਰ ਨਹੀਂ ਸੀ। ਸਿੱਟੇ ਵਜੋਂ ਜੇਤੂ ਹੋ ਜਾਣ ਪਿੱਛੋਂ, ਉਸਨੇ ਇਸ ਨੌਜਵਾਨ ਨੂੰ, ਖ਼ਾਸ ਤੌਰ ’ਤੇ ਬੜੇ ਸਤਿਕਾਰ ਸਹਿਤ ਆਪਣੇ ਦਰਬਾਰ ਵਿੱਚ ਸੱਦਿਆ।
ਉਪਰੰਤ ਭਰੀ ਸਭਾ ਵਿੱਚ ਬਹੁਤ ਖੁੱਲ੍ਹੇ ਦਿਲ ਨਾਲ, ਉਸਦੀ ਬਹਾਦਰੀ ਦੀ ਤਾਰੀਫ਼ ਕੀਤੀ। ਏਨੀ ਛੋਟੀ ਉਮਰ ਵਿੱਚ ਵਿਖਾਈ ਕਮਾਲ ਦੀ ਦਲੇਰੀ/ਸੂਰਬੀਰਤਾ ’ਤੇ ਪ੍ਰਸੰਨ ਹੁੰਦਿਆਂ, ਉਸਨੇ ਭਰੇ ਦਰਬਾਰ ਅੰਦਰ ਪੇਸ਼ਕਸ਼ ਕੀਤੀ ਕਿ ਹੇ ਛੋਟੀ ਉਮਰ ਦੇ ਦਲੇਰ ਰਾਜਪੂਤ ਨੌਜਵਾਨ ਰਾਣਾ ਰਾਇ! ਮੈਂ ਤੇਰੀ ਬਹਾਦਰੀ ਦਾ ਕਾਇਲ ਹਾਂ। ਜੇਕਰ ਤੂੰ ਦੀਨ-ਏ-ਇਸਲਾਮ ਕਬੂਲ ਕਰ ਲਵੇਂ ਤਾਂ ਮੈਂ ਤੈਨੂੰ ਪੰਜਾਬ ਦੇ ਇਲਾਕੇ ਵਿੱਚ ਡੇਢ ਲੱਖ ਏਕੜ ਜ਼ਮੀਨ, ਜਾਗੀਰ ਵਜੋਂ ਦਿਆਂਗਾ। ਫਲਸਰੂਪ ਰਾਣਾ ਰਾਇ ਇਸਲਾਮ ਧਾਰਨ ਕਰਕੇ ਪੰਜਾਬ ਦਾ ਵਸਨੀਕ ਹੋ ਗਿਆ। ਅਰਥਾਤ ਹਿੰਦੂ ਭੱਟੀ ਰਾਜਪੂਤ ਤੋਂ ਮੁਸਲਮਾਨ ਭੱਟੀ ਰਾਜਪੂਤ ਸਰਦਾਰ ਵਿੱਚ ਪਲਟ ਗਿਆ। ਭੱਟੀਆਂ ਦਾ ਸਰਦਾਰ ਰਾਇ ਬੁਲਾਰ ਖ਼ਾਨ ਭੱਟੀ, ਇਸੇ ਰਾਣਾ ਰਾਇ ਦੀ ਵੰਸ਼ ਵਿੱਚੋਂ ਸੀ। ਰਾਇ ਬੁਲਾਰ ਖ਼ਾਨ ਸਾਹਿਬ ਜੀ ਦੇ ਪਿਓ ਚੌਧਰੀ ਰਾਇ ਭੋਇ, ਰਾਣਾ ਰਾਇ ਦੇ ਪੁੱਤਰ ਸਨ।
ਅਲਾਊਦੀਨ ਖਿਲਜੀ ਪਾਸੋਂ ਡੇਢ ਲੱਖ ਏਕੜ ਦੀ ਜਾਗੀਰ ਪ੍ਰਾਪਤ ਕਰਕੇ ਅਤੇ ਹਿੰਦੂ ਤੋਂ ਮੁਸਲਮਾਨ ਬਣ ਕੇ ਪੰਜਾਬ ਵਿੱਚ ਕਾਬਜ਼ ਹੋਏ ਇਸੇ ਰਾਣਾ ਰਾਇ ਭੱਟੀ ਦੀ ਔਲਾਦ ਤੋਂ ਅੱਗੇ ਫੈਲੇ ਵੱਖ-ਵੱਖ ਭੱਟੀ ਪਰਿਵਾਰਾਂ ਨੇ, ਭੱਟੀਆਂ ਦੀ ਜ਼ਮੀਨ ਦੀ ਅੱਗੇ ਤੋਂ ਅੱਗੇ ਹੋਈ ਵੰਡ (ਭੱਟੀ-ਵੰਡ) ਅਧੀਨ, ਪੰਜਾਬ ਦੇ ਮਾਲਵੇ ਦੇ ਇਲਾਕੇ ਵਿੱਚ ਇੱਕ ਅਤੇ ਮਾਝੇ ਦੇ ਇਲਾਕੇ ਵਿੱਚ ਤਿੰਨ ਨਗਰ/ਪਿੰਡ ਵਸਾ ਕੇ, ਉੱਥੇ ਆਪਣਾ ਟਿਕਾਣਾ ਕੀਤਾ।
ਰਾਣਾ ਰਾਇ ਦੇ ਇੱਕ ਵੰਸ਼ਜ਼ ਵੱਲੋਂ ਪੰਜਾਬ ਦੇ ਮਾਲਵੇ ਦੇ ਇਲਾਕੇ ਵਿੱਚ ਸਥਾਪਿਤ ਆਪਣੀ ਜਾਗੀਰ ਅੰਦਰ ਜੋ ਨਗਰ ਵਸਾਇਆ ਗਿਆ, ਉਸਦਾ ਮੌਜੂਦਾ ਨਾਂ ਬਠਿੰਡਾ ਹੈ। ਇਸਦਾ ਪੁਰਾਣਾ ਅਤੇ ਅਸਲ ਨਾਂ ‘ਭੱਟੀ ਵੰਡ’, ਭਾਵ ਭੱਟੀਆਂ ਦੀ ਵੰਡ ਵਿੱਚ ਆਇਆ ਹੋਇਆ ਪਿੰਡ ਸੀ, ਜੋ ਬਾਅਦ ਵਿੱਚ ਵਿਗੜਦਾ ਅਤੇ ਬਦਲਦਾ ਹੋਇਆ, ਬਠਿੰਡਾ ਵਜੋਂ ਰੂੜ੍ਹ ਹੋ ਗਿਆ।
ਮਾਲਵੇ ਦੇ ਬਠਿੰਡੇ ਦੇ ਇਲਾਕੇ ਤੋਂ ਇਲਾਵਾ ਰਾਣਾ ਰਾਇ ਦੇ ਇੱਕ ਵੰਸ਼ਜ਼ (ਪਰਿਵਾਰ) ਕੋਲ ਮਾਝੇ ਦੇ ਜਿਸ ਇਲਾਕੇ ਵਿੱਚ 50-60 ਹਜ਼ਾਰ ਏਕੜ ਦੀ ਜਾਗੀਰ ਸੀ, ਉੱਥੇ ਇਨ੍ਹਾਂ ਭੱਟੀਆਂ ਨੇ ਲਾਗੇ-ਲਾਗੇ (ਲਗਭਗ ਡੇਢ ਦੋ ਮੀਲ ਦੀ ਵਿੱਥ ’ਤੇ) ਦੋ ਪਿੰਡ ‘ਪੱਠੇਵਿੰਡ’ ਅਤੇ ‘ਜਾਮਾਰਾਇ’ ਵਸਾਏ। ਪੱਠੇਵਿੰਡ ਜਾਂ ਪੱਠੇਵਿੰਡਪੁਰ ਦਾ ਮੂਲ ਅਤੇ ਪੁਰਾਤਨ ਨਾਂ ਵੀ ਬਠਿੰਡਾ ਵਾਂਗ ਭੱਟੀ ਵੰਡ ਅਰਥਾਤ ਭੱਟੀਆਂ ਦੀ ਵੰਡ ਵਿੱਚ ਆਇਆ ਇਲਾਕਾ ਹੀ ਸੀ ਜੋ ਸਮੇਂ ਦੇ ਪ੍ਰਵਾਹ ਨਾਲ ਰੂਪਾਂਤਰਿਤ ਹੁੰਦਾ ਹੋਇਆ ਪੱਠੇਵਿੰਡ ਪ੍ਰਚਲਿਤ ਹੋ ਗਿਆ।
‘ਜਾਮਾਰਾਇ’ ਪਿੰਡ ਦਾ ਨਾਂ ਦੋ ਸ਼ਬਦਾਂ ‘ਜਾਮਾ’ ਅਤੇ ‘ਰਾਇ’ ਦਾ ਸੁਮੇਲ ਹੈ। ‘ਜਾਮਾ’ ਤੋਂ ਅਰਥ ਹੈ ਇਕੱਠ, ਜਦੋਂਕਿ ‘ਰਾਇ’ ਤੋਂ ਭਾਵ ਹੈ ਰਾਇ ਵੰਸ਼ ਜਾਂ ਖ਼ਾਨਦਾਨ ਨਾਲ ਸੰਬੰਧਿਤ ਲੋਕ। ਇਵੇਂ ਸਪਸ਼ਟ ਹੈ ਕਿ ਰਾਇ ਵੰਸ਼ ਦੇ ਲੋਕਾਂ ਦੇ ਇਕੱਠ ਦੀ ਜਗ੍ਹਾ ਦਾ ਨਾਂ ਜਾਮਾਰਾਇ ਪ੍ਰਚਲਿਤ ਹੋਇਆ। ਇਹ ਰਾਇ ਬੁਲਾਰ ਭੱਟੀ ਸਾਹਿਬ ਜੀ ਦੇ ਪਿਤਾ ਜਨਾਬ ਰਾਇ ਭੋਇ ਸਾਹਿਬ ਜੀ ਦਾ ਪੁਸ਼ਤੈਨੀ ਪਿੰਡ ਸੀ। ਮਹਿਤਾ ਕਾਲੂ ਜੀ ਦੇ ਪਿਤਾ ਸ੍ਰੀ ਸ਼ਿਵਰਾਮ ਜੀ ਬੇਦੀ ਅਤੇ ਦਾਦਾ ਸ੍ਰੀ ਰਾਮ ਨਾਰਾਇਣ ਜੀ ਬੇਦੀ ਸਾਹਿਬ ਵੀ ਮੂਲ ਰੂਪ ਵਿੱਚ, ਭੱਟੀਆਂ ਦੁਆਰਾ ਨੇੜੇ-ਨੇੜੇ ਵਸਾਏ ਦੋ ਪਿੰਡਾਂ, ਜਾਮਾਰਾਇ ਅਤੇ ਪੱਠੇਵਿੰਡ ਵਿੱਚੋਂ, ਪੱਠੇਵਿੰਡ ਪਿੰਡ ਦੇ ਵਸਨੀਕ ਸਨ।
ਮਾਝੇ ਦੇ ਇਲਾਕੇ ਦਾ ਹੀ ਇੱਕ ਹੋਰ ਮਸ਼ਹੂਰ ਨਗਰ ‘ਬਟਾਲਾ’ ਵੀ ਰਾਣਾ ਰਾਇ ਦੇ ਇੱਕ ਹੋਰ ਵੰਸ਼ਜ਼ ਰਾਮ ਦੇਵ ਭੱਟੀ ਦੁਆਰਾ ਵਸਾਇਆ ਗਿਆ ਸੀ। ਇਸਦਾ ਪੁਰਾਣਾ ਅਤੇ ਅਸਲ ਨਾਂ ‘ਭੱਟੀ ਵਾਲਾ’ ਸੀ, ਜੋ ਸਮੇਂ ਦੇ ਪ੍ਰਵਾਹ ਨਾਲ ਵਿਗੜਦਾ ਅਤੇ ਨਵਾਂ ਸਰੂਪ ਅਖ਼ਤਿਆਰ ਕਰਦਾ ਹੋਇਆ ਬਟਾਲਾ ਬਣ ਗਿਆ।
ਚੌਧਰੀ ਰਾਇ ਭੋਇ ਭੱਟੀ, ਪੱਠੇਵਿੰਡ ਪਿੰਡ ਦਾ ਸਰਦਾਰ ਸੀ, ਜਾਗੀਰਦਾਰ ਸੀ। ਇਸ ਪਿੰਡ ਦੇ ਖੱਤਰੀ ਬੇਦੀ ਪਰਿਵਾਰ ਦੇ ਰਾਮ ਨਾਰਾਇਣ ਦੇ ਬੇਟੇ ਸ਼ਿਵਰਾਮ ਨੂੰ ਉਸਨੇ ਆਪਣੀ ਜ਼ਮੀਨ (ਜਾਗੀਰ) ਦਾ ਹਿਸਾਬ-ਕਿਤਾਬ ਰੱਖਣ ਲਈ ਕਾਨੂੰਗੋ, ਕਾਰਦਾਰ ਅਥਵਾ ਪਟਵਾਰੀ ਰੱਖਿਆ ਹੋਇਆ ਸੀ। ਵਰ੍ਹਿਆਂ ਦੇ ਵਧੀਆ ਕਿੱਤਾਗਤ ਸੰਬੰਧਾਂ ਕਾਰਣ, ਬਾਬਾ ਸ਼ਿਵਰਾਮ ਜੀ ਬੇਦੀ ਸਾਹਿਬ ਅਤੇ ਉਨ੍ਹਾਂ ਦਾ ਪਰਿਵਾਰ, ਚੌਧਰੀ ਸਾਹਿਬ ਦਾ ਅਤਿ ਨੇੜਲਾ, ਖ਼ਾਸਮ ਖ਼ਾਸ ਅਤੇ ਵਿਸ਼ਵਾਸ਼ਪਾਤਰ ਪਰਿਵਾਰ ਸੀ। ਕਹਿਣ ਤੋਂ ਭਾਵ ਇਹ ਕਿ ਕਾਰੋਬਾਰੀ ਸੰਬੰਧਾਂ ਦੇ ਨਾਲ-ਨਾਲ ਦੋਹਾਂ ਪਰਿਵਾਰਾਂ ਵਿਚਕਾਰ ਬੜੇ ਨਿੱਘੇ ਸਮਾਜਿਕ ਤਲੋਕਾਤ ਵੀ ਸਨ।
ਹੋਇਆ ਇਵੇਂ ਕਿ ਆਪਣੀ ਪੁਸ਼ਤੈਨੀ ਜਾਗੀਰ ਵਿੱਚ ਵਾਧਾ ਕਰਦਿਆਂ, ਜਦੋਂ ਮਲਿਕ ਰਾਇ ਭੋਇ ਸਾਹਿਬ ਨੇ ਰਾਇਪੁਰ ਦੇ ਇਲਾਕੇ ਵਿੱਚ 10 ਪਿੰਡਾਂ ਦੇ ਨਾਲ ਲੱਗਦੀ ਲਗਭਗ 1500 ਮੁਰੱਬੇ ਜ਼ਮੀਨ ਖ਼ਰੀਦ ਕੇ ਉੱਥੇ ਆਪਣਾ ਨਵਾਂ ਟਿਕਾਣਾ ਅਤੇ ਜਾਗੀਰਦਾਰੀ ਢਾਂਚਾ (ਜ਼ਮੀਨੀ ਬੰਦੋਬਸਤ ਦਾ ਇੱਕ ਪੂਰਾ ਪ੍ਰਬੰਧਕੀ ਸਿਲਸਲਾ ਅਤੇ ਕੇਂਦਰ) ਸਥਾਪਿਤ ਕਰਨਾ ਸੀ ਤਾਂ ਉਹ ਸ੍ਰੀ ਸ਼ਿਵਰਾਮ ਜੀ ਬੇਦੀ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਵੀ ਆਪਣੇ ਨਾਲ ਹੀ ਉੱਥੇ ਲੈ ਗਏ।
ਬਾਬਾ ਸ਼ਿਵਰਾਮ ਜੀ ਬੇਦੀ ਸਾਹਿਬ ਦੀ ਸੁਪਤਨੀ ਦਾ ਨਾਂ ਮਾਤਾ ਬਨਾਰਸੀ/ਸਭਰਾਈ ਜੀ ਸੀ। ਆਪ ਜੀ ਦੇ ਦੋ ਸਪੁੱਤਰ ਸਨ। ਵੱਡੇ ਕਾਲੂ ਜੀ ਅਤੇ ਛੋਟੇ ਲਾਲੂ ਜੀ। ਦੋਹਾਂ ਦਾ ਜਨਮ, ਪਰਿਵਾਰ ਦੇ ਰਾਇ ਭੋਇ ਕੀ ਤਲਵੰਡੀ ਜਾ ਕੇ ਵੱਸਣ ਤੋਂ ਪਹਿਲਾਂ, ਉਨ੍ਹਾਂ ਦੇ ਜੱਦੀ-ਪੁਸ਼ਤੀ ਪਿੰਡ, ਪੱਠੇਵਿੰਡ ਵਿਖੇ ਹੋਇਆ। ਲਿਖਣ ਸਮੇਂ ਅਸੀਂ ਆਮ ਤੌਰ ’ਤੇ ਸਤਿਕਾਰ ਵਜੋਂ ਉਨ੍ਹਾਂ ਦੇ ਵੱਡੇ ਸਪੁੱਤਰ, ਜਿਨ੍ਹਾਂ ਦਾ ਜਨਮ 1440 ਈਸਵੀ ਵਿੱਚ ਹੋਇਆ, ਦਾ ਨਾਂ ਬੇਸ਼ੱਕ ਮਹਿਤਾ ਕਾਲੂ ਜੀ ਜਾਂ ਕਲਿਆਣ ਦਾਸ/ਕਲਿਆਣ ਚੰਦ ਜੀ ਲਿਖਦੇ ਹਾਂ, ਪਰ ਪੁਰਾਤਨ ਇਤਿਹਾਸਕ ਸਰੋਤਾਂ ਵਿੱਚ, ਕਾਲੂ ਨਾਂ ਹੀ ਲਿਖਿਆ ਮਿਲਦਾ ਹੈ।
ਚਲਦਾ...........
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com
ਸਮੁੱਚੀ ਮਾਨਵਤਾ ਲਈ ਸਰਬ ਸਾਂਝੀਵਾਲਤਾ ਦੇ ਉਪਦੇਸ਼ ਦੇ ਦਾਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’
NEXT STORY