(ਕਿਸ਼ਤ ਪੰਜਾਹਵੀਂ)
ਪੀਰ ਮੁਰੀਦਾ ਪਿਰਹੜੀ ਓਹੁ ਅਕਥ ਕਹਾਣੀ
ਰਾਇ ਬੁਲਾਰ ਖ਼ਾਨ ਸਾਹਿਬ ਘੋੜੇ ਤੋਂ ਹੇਠਾਂ ਉਤਰੇ। ਘੋੜੇ ਦੀ ਲਗਾਮ ਨੌਕਰ ਹੱਥ ਫੜਾਈ। ਪੈਰੋਂ ਜੁੱਤੀ ਲਾਹੀ। ਆਜਿਜ਼ੀ ਅਤੇ ਅਧੀਨਗੀ ਦੇ ਡੂੰਘੇ ਆਲਮ ਵਿੱਚ, ਰਵਾਂ-ਰਵੀਂ ਤੁਰਦਿਆਂ, ਸਤਿਗੁਰਾਂ ਦੇ ਬਿਲਕੁਲ ਨਜ਼ਦੀਕ ਜਾ, ਝੁਕ ਕੇ ਦੁਆ ਸਲਾਮ ਕੀਤੀ। ਨਮਸਕਾਰ ਕੀਤੀ। ਉਪਰੰਤ ਦੋਵੇਂ ਹੱਥ ਜੋੜ ਕੇ ਅਰਜ਼ ਗੁਜ਼ਾਰੀ, “ਬਾਬਾ ਮੇਰੀ ਮੁਰਾਦ ਪੂਰੀ ਕਰ। ਮੈਂ ਜਾਣਦਾ ਹਾਂ ਵਡਿਆਈ ਖ਼ੁਦਾਇ ਨੇ ਤੁਧਨੋ ਦਿਤੀ ਆਹਾ।”
ਬਾਬੇ ਆਖਿਆ, ਰਾਇ ਜੀ! ਕੀ ਘਾਟ ਹੈ? ਤੁਹਾਡੀ ਜੋ ਮਨਸਾ ਹੈ, ਸੋ ਤੁਸਾਂ ਮੰਗੋ। ਰਾਇ ਬੁਲਾਰ ਸਾਹਿਬ ਬੋਲੇ, “ਤੂੰ ਜਾਣੀ ਜਾਣ ਹੈਂ ਬਾਬਾ। ਦੀਨ ਅਰੁ ਦੁਨੀਆਂ ਦਾ ਮਾਲਕ। ਮੁਰਾਦ ਪੂਰੀ ਕਰ।” ਇਹ ਆਖ ਰਾਇ ਸਾਹਿਬ ਜੀ ਨੇ ਬਾਬਾ ਜੀ ਦੇ ਚਰਨ ਛੁਹੇ। ਬਾਬਾ ਜੀ ਨੇ ਅਸੀਸ ਦਿੰਦਿਆਂ ਕਿਹਾ, ਰਾਇ ਜੀ! ਤੇਰੀ ਮੁਰਾਦ ਪੂਰੀ ਹੋਈ। “ਤੇਰੀ ਕੁਰਸੀ ਬਕੁਰਸੀ ਖੁਸਹਾਲੁ ਰਹੈਗੀ।” ਖੁਦਾਇ ਤੇਰੀ ਸਰਮ ਦੀਨ ਮਹਿ ਭੀ ਰਖੈਗਾ, ਅਰ ਦੁਨੀਆਂ ਮਹਿ ਭੀ। ਹੁਣ ਜਾਹ। ਤੇਰਾ ਮਕਸਦ ਪੂਰਾ ਹੋਆ।
ਰਾਇ ਬੁਲਾਰ ਸਾਹਿਬ ਨੇ ਪਹਿਲਾਂ ਪੈਰੀਂ ਪੈ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਫਿਰ ਉਠਿ ਕਰਿ ‘ਤਸਲੀਮ’ ਕੀਤੀਅਸੁ। ਅਰਥਾਤ ਇਸਲਾਮਕ ਅਕੀਦੇ ਅਤੇ ਅੰਦਾਜ਼ ਅਨੁਸਾਰ ਝੁਕ ਕੇ ਸਲਾਮ ਕੀਤਾ, ਸਿਜਦਾ ਕੀਤਾ ਅਤੇ ਵਿਦਾ ਹੋਆ। ਬਿਨਾਂ ਮੂੰਹ ਘੁਮਾਇਆਂ, ਪਿਛਲੇ ਪੈਰੀਂ ਪਿਛਾਂਹ ਨੂੰ ਕਦਮ ਪੁੱਟਦਿਆਂ, ਸਤਿਗੁਰਾਂ ਤੋਂ ਥੋੜ੍ਹੀ ਦੂਰੀ ’ਤੇ ਜਾ ਕੇ, ਦੁਬਾਰਾ ਝੁਕ-ਝੁਕ ਕੇ, ਵੱਡੇ ਅਦਬ ਅਤੇ ਰੱਜ ਨਾਲ, ਕਈ ਵਾਰ ਸਲਾਮਾਂ ਕੀਤੀਆਂ। “ਅਗੈ ਦੂਰਿ ਜਾਇ ਕਰਿ ਕੁਨਸਿ/ਕੁਰਨਸ/ਕੋਰਨਿਸ਼ ਲਗਾ ਕਰਣੇ।”
ਪੀਰ (ਸ੍ਰੀ ਗੁਰੂ ਨਾਨਕ ਸਾਹਿਬ ਜੀ) ਦੀ ਬਖ਼ਸ਼ਿਸ਼ (ਬੇਸ਼ਕੀਮਤੀ ਅਸੀਸ) ਨਾਲ ਸਰਸ਼ਾਰ ਹੋਏ, ਬੇਹੱਦ ਸਮਰਪਿਤ ਅਤੇ ਸ਼ਾਇਸ਼ਤਾ ਮੁਰੀਦ (ਰਾਇ ਬੁਲਾਰ ਸਾਹਿਬ) ਦੀ, ਆਪਣੇ ਮੁਰਸ਼ਦ/ਸਤਿਗੁਰਾਂ ਪ੍ਰਤੀ ਪਿਆਰ, ਸਤਿਕਾਰ ਅਤੇ ਸ਼ਰਧਾ ਦੀ ਇੰਤਹਾ ਅਤੇ ਸੁਹਜਾਤਮਕਤਾ ਦਾ ਨਜ਼ਾਰਾ ਵੇਖੋ ਕਿ ਉਹ ਬਿਨਾਂ ਸਤਿਗੁਰਾਂ ਵੱਲ ਪਿੱਠ ਕੀਤਿਆਂ, ਪਹਿਲਾਂ ਕੁੱਝ ਕਦਮ ਪਿਛਲੇ ਪੈਰੀਂ ਪਿਛਾਂਹ ਨੂੰ ਤੁਰਦੇ, ਫਿਰ ਆਪਮੁਹਾਰੇ ਵਜਦ ਵਿੱਚ ਆਏ ਹੋਏ, ਝੁਕ-ਝੁਕ ਸਿਜਦੇ ਕਰਦੇ। ਫਿਰ ਕੁੱਝ ਕਦਮ ਪਿਛਾਂਹ ਨੂੰ ਤੁਰਦੇ, ਫਿਰ ਬਾਰ-ਬਾਰ ਸੀਸ ਅਤੇ ਕਮਰ ਝੁਕਾ-ਝੁਕਾ, ਸਿਜਦੇ ਕਰਦੇ। ਲਗਾਤਾਰ ਅਨੇਕ ਵਾਰ ਇਵੇਂ ਤੁਰਦਿਆਂ ਅਤੇ ਝੁਕ-ਝੁਕ ਕੇ ਸਲਾਮ ਅਰਜ਼ ਕਰਦਿਆਂ, ਅਨੋਖੀ ਵਿਸਮਾਦਮਈ ਅਵਸਥਾ ਅੰਦਰ, ਉਹ ਨੰਗੇ ਪੈਰੀਂ ਪੈਦਲ ਹੀ ਕਦੋਂ ਆਪਣੀ ਹਵੇਲੀ ਪੁੱਜੇ, ਕੁੱਝ ਪਤਾ ਨਾ ਲੱਗਾ।(“ਅਗੈ ਦੂਰਿ ਜਾਇ ਕਰਿ ਕੁਨਸਿ ਲਗਾ ਕਰਣੇ, ਚਲੈ, ਚਲਿ ਕਰ ਕੁਨਸਿ ਕਰੈ-ਪਿਆਦਾ ਹੀ ਘਰੀ ਆਇਆ।”)
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਭਰੀ ਇਲਾਹੀ ਨਦਰਿ (ਤੱਕਣੀ) ਨਾਲ ਨਿਹਾਲ ਅਤੇ ਮਾਲਾਮਾਲ ਹੋਏ ਰਾਇ ਬੁਲਾਰ ਨੂੰ, ਆਪਣੀ ਜੁੱਤੀ, ਆਪਣੇ ਘੋੜੇ ਅਤੇ ਨੌਕਰ (ਦੁਨਿਆਵੀ ਰੁਤਬੇ, ਸ਼ਾਨੋ-ਸ਼ੌਕਤ ਅਤੇ ਜਾਗੀਰਦਾਰੀ ਹਉਮੈ) ਦੀ ਕੋਈ ਸੁਧ-ਬੁੱਧ ਨਾ ਰਹੀ। ਉਨ੍ਹਾਂ ਜੋ ਕੀਤਾ, ਸੁਤੇਸਿੱਧ ਕੀਤਾ; ਤਹਿ ਦਿਲੋਂ ਕੀਤਾ; ਧੁਰ ਅੰਦਰੋਂ ਕੀਤਾ। ਉਨ੍ਹਾਂ ਦਾ ਬੇਹੱਦ ਨਿਮਰ, ਨਿਰਛਲ, ਨਿਰਉਚੇਚ ਅੰਦਾਜ਼ ਅਤੇ ਆਚਰਣ, ਰਿਵਾਜ਼ਨ ਸਲੀਕੇ, ਗਿਣਤੀਆਂ-ਮਿਣਤੀਆਂ, ਬਾਹਰੀ ਰੱਖ-ਰਖਾਓ ਕਿਸੇ ਪ੍ਰਕਾਰ ਦੇ ਦਿਖਾਵੇ ਅਤੇ ਰਸਮ ਪੂਰਤੀ ਵਾਲੇ ਲੋਕਾਚਾਰ ਤੋਂ ਬਿਲਕੁਲ ਵੀ ਪ੍ਰੇਰਿਤ ਜਾਂ ਸੰਚਾਲਿਤ ਨਹੀਂ ਹੈ।
ਸਾਖੀ ਵਿਚਲਾ ਅਤਿ ਸੰਖੇਪ ਅਤੇ ਸੂਤਰਿਕ ਬਿਰਤਾਂਤ ਦੱਸਦਾ ਹੈ ਕਿ ਸਤਿਗੁਰਾਂ ਵੱਲੋਂ ਉਸਨੂੰ ਇਵੇਂ ਕਰਨ ਜਾਂ ਵਿਚਰਨ (ਪਿਛਲੇ ਪੈਰੀਂ ਨੰਗੀਂ ਪੈਰੀਂ ਤੁਰਦਿਆਂ ਅਤੇ ਬਾਰ-ਬਾਰ ਕੁਰਨਸਿ ਕਰਦਿਆਂ ਘਰ ਜਾਣ) ਦੀ ਕੋਈ ਸਿੱਧੀ ਜਾਂ ਅਸਿੱਧੀ ਸ਼ਰਤਨੁਮਾ ਹਦਾਇਤ ਨਹੀਂ ਸੀ। ਅਸੀਸ ਦੇਣ/ਮੁਰਾਦ ਪੂਰੀ ਕਰਨ ਉਪਰੰਤ, ਵਿਦਾ ਕਰਨ ਸਮੇਂ ਸਤਿਗੁਰਾਂ ਨੇ ਤਾਂ ਸਗੋਂ ਉਸ ਨੂੰ ਘੋੜੇ ’ਤੇ ਅਸਵਾਰ ਹੋ (ਮੌਜਾਂ ਲੁੱਟਦਿਆਂ ਅਤੇ ਲੁੱਡੀ ਪਾਉਂਦਿਆਂ), ਵਾਪਸ ਘਰ ਜਾਣ ਦਾ ਸਪਸ਼ਟ ਹਦਾਇਤਨੁਮਾ ਇਸ਼ਾਰਾ (“ਜਾਹਿ ਰਾਇ ਜੀ! ਵਿਦਿਆ ਹੋਹਿ, ਤੇਰਾ ਜਿ ਹੋਵਣਾ ਸਾ ਸਿ ਮਕਸੂਦੁ ਖੁਦਾਇ ਕੀਤਾ, ਜਾਹਿ ਅਸਵਾਰੁ ਹੋਹੁ,”) ਦਿੱਤਾ ਸੀ।
ਭਾਈ ਮਿਹਰਬਾਨ ਜੀ ਸੋਢੀ ਦੁਆਰਾ ਰਚਿਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇਹ ਸਾਖੀ ਆਕਾਰ ਪੱਖੋਂ ਭਾਵੇਂ ਬੇਹੱਦ ਛੋਟੀ (ਅੱਠ-ਦਸ ਸਤਰਾਂ ਦੀ) ਹੈ ਪਰ ਪਿਆਰ, ਰੂਹਾਨੀਅਤ ਅਤੇ ਪੀਰ-ਮੁਰੀਦ ਦੇ ਆਪਸੀ ਰਿਸ਼ਤੇ (ਪੀਰ ਮੁਰੀਦਾ ਪਿਰਹੜੀ) ਦੀ ਨਿਰਾਲੀ ਖ਼ੁਸ਼ਬੋਈ, ਫੱਬਤ, ਥਰਥਰਾਹਟ ਅਤੇ ਵਿਆਕਰਣ ਨੂੰ ਸਮਝਣ-ਸਮਝਾਉਣ ਅਤੇ ਆਦਰਸ਼ਕ ਪੱਧਰ ’ਤੇ ਉਭਾਰਨ/ਵਿਆਖਿਆਉਣ ਪੱਖੋਂ, ਇਹ ਡਾਢੀ ਡੂੰਘੀ, ਵੱਡੀ, ਬਹੁ-ਦਿਸ਼ਾਵੀ, ਅਰਥ-ਭਰਪੂਰ, ਪ੍ਰਤੀਕਾਤਮਕ, ਰਮਜ਼ਮਈ, ਦਿਲ-ਟੁੰਬਵੀਂ, ਪਿਆਰੀ, ਪ੍ਰੇਰਨਾਮਈ, ਕੀਮਤੀ ਅਤੇ ਸੁਹਜਭਾਵੀ ਹੈ।
ਲੋਕਧਾਰਾ ਵਿਗਿਆਨੀ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ਸਾਖੀ ਸ਼ਬਦ ਸੰਸਕ੍ਰਿਤ ਦੇ ‘ਸਾਕਸ਼ਯ’ ਦਾ ਤਦਭਵ ਹੈ, ਜਿਸ ਦਾ ਕੋਸ਼ਗਤ ਅਰਥ ਗਵਾਹੀ ਹੈ। ਇਸ ਸ਼ਬਦ ਦੀ ਮੂਲ ਭਾਵਨਾ ਤੋਂ ਇਹੋ ਬੋਧ ਹੁੰਦਾ ਹੈ ਕਿ ਸਾਖੀ ਵਿੱਚ ਕੋਈ ਅਜਿਹਾ ਇਤਿਹਾਸਕ ਤੱਥ, ਜੀਵਨ ਘਟਨਾ ਅਥਵਾ ਝਾਕੀ ਪੇਸ਼ ਹੁੰਦੀ ਹੈ, ਜਿਸ ਨੂੰ ਕਿਸੇ ਸਾਖਿਆਤ ਵੇਖਿਆ ਹੋਵੇ; ਪਰ ਪਰੰਪਰਾ ਦੀ ਧੀ-ਧਿਆਣੀ ਹੋਣ ਦੇ ਨਾਤੇ ਸਾਖੀ ਲੋਕਧਾਰਾ ਦੇ ਅੰਤਰਗਤ ਆਉਂਦੀ ਹੈ, ਜੋ ਤੱਥ ਅਤੇ ਮਿੱਥ, ਮਨੌਤਾਂ ਅਤੇ ਵਿਸ਼ਵਾਸ਼ਾਂ ਦੀ ਮਿਸ ਤੋਂ ਉਪਜੀ ਹੋਣ ਕਰ ਕੇ ਲੋਕ-ਸੱਚ ਤਾਂ ਹੁੰਦੀ ਹੀ ਹੈ, ਪਰ ਜ਼ਰੂਰੀ ਨਹੀਂ ਕਿ ਵਾਸਤਵਿਕ ਇਤਿਹਾਸਕ ਸੱਚ ਵੀ ਹੋਵੇ। ਇਸ ਲਈ ਸਾਖੀ ਕਿਸੇ ਸਾਧ ਸੰਤ, ਗੁਰ-ਵਿਅਕਤੀ ਆਦਿ ਦੇ ਜੀਵਨ ਦੇ ਕਿਸੇ ਲੋਕ-ਸੱਚ ਦਾ ਬਿਰਤਾਂਤ ਹੈ, ਜੋ ਪਰੰਪਰਾ ਦੀ ਧਾਰਾ ਵਿੱਚ ਵਹਿੰਦਾ ਪੀੜ੍ਹੀਓਂ ਪੀੜ੍ਹੀ ਅੱਗੇ ਤੁਰਦਾ ਜਾਂਦਾ ਹੈ।
ਇਸ ਪ੍ਰਮਾਣਿਕ ਵਿਆਖਿਆ ਦੀ ਲੋਅ ਵਿੱਚ ਸਪਸ਼ਟ ਹੈ ਕਿ ‘ਸਾਖੀ’ ਵਿੱਚ ਸੰਬੰਧਿਤ ਲੋਕਾਈ ਦੇ ਸਮੂਹਿਕ ਅਵਚੇਤਨ (ਲੋਕ-ਮਨ ਅਤੇ ਲੋਕ-ਕਲਪਨਾ) ਦਾ ਪ੍ਰਭਾਵਸ਼ਾਲੀ ਝਲਕਾਰਾ ਅਤੇ ਦਖ਼ਲ ਹੋਣ ਕਰਕੇ, ਇਹ ਇਤਿਹਾਸਕ ਸੱਚ ਨਾ ਹੋ ਕੇ ਵੀ, ਲੋਕ-ਸੱਚ ਦੇ ਰੂਪ ਵਿੱਚ ਨਾ ਕੇਵਲ ਲੋਕਾਂ ਦੇ ਦਿਲਾਂ ਨੂੰ ਟੁੰਬਦੀ ਹੈ, ਸਗੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਹੀ ਅਤੇ ਸੱਚੀ ਵੀ ਲੱਗਦੀ ਹੈ। ਧਰਮ ਅਤੇ ਮਨੁੱਖੀ ਹਿਰਦੇ ਨਾਲ ਨੇੜਿਓਂ ਜੁੜੀ ਹੋਣ ਕਰਕੇ, ਸ਼ਰਧਾ ਅਤੇ ਵਿਸ਼ਵਾਸ਼ ਇਸ ਦੀ ਵੱਡੀ ਤਾਕਤ ਹੁੰਦਾ ਹੈ। ਇਸ ਤੋਂ ਇਲਾਵਾ ਧਰਮ ਨਾਲ ਜੁੜੀ ਹੋਣ ਕਰਕੇ ਇਹ ਪਵਿੱਤਰ ਹੋਣ ਦਾ ਦਰਜਾ ਵੀ ਰੱਖਦੀ ਹੈ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਲੋਕ-ਮਨ, ਸਮੂਹਿਕ ਨੈਤਿਕਤਾ ਅਤੇ ਗਹਿਰੀ ਲੋਕ-ਕਲਪਨਾ ਦੇ ਬੇਹੱਦ ਸਿਰਜਣਾਤਮਕ ਗਰਭ ਵਿੱਚੋਂ ਉਪਜੀ ਹੋਣ ਕਰਕੇ, ਸਾਖੀ ਦਾ ਇੱਕ ਆਪਣਾ ਨਿਵੇਕਲਾ ਪ੍ਰਭਾਵਸ਼ਾਲੀ ਲੋਕਧਾਰਾਈ-ਸੱਚ ਹੁੰਦਾ ਹੈ ਜੋ ਇਸਨੂੰ ਇਸਦੀ ਅਲੌਕਿਕ, ਅਦਭੁੱਤ, ਰਮਜ਼ਮਈ ਅਤੇ ਰਹੱਸਮਈ ਦਿੱਖ ਦੇ ਬਾਵਜੂਦ ਲੌਕਿਕ, ਯਥਾਰਥਕ ਅਤੇ ਮੰਨਣਯੋਗ ਬਣਾਉਂਦਾ ਹੈ।
ਇਸ ਪ੍ਰਸੰਗ ਵਿੱਚ ਉਪਰੋਕਤ ਡਾਢੀ ਅਰਥ-ਭਰਪੂਰ, ਰਮਜ਼ਮਈ ਸਾਖੀ ਦੱਸਦੀ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਸਾਰੇ ਅਤਿ ਪਿਆਰੇ ਮੁਰੀਦਾਂ ਜਿਵੇਂ ਬੇਬੇ ਨਾਨਕੀ, ਪੰਡਤ ਗੋਪਾਲ ਜੀ, ਪ੍ਰੋਹਿਤ ਹਰਿਦਿਆਲ ਜੀ, ਪੰਡਤ ਬ੍ਰਿਰਜ ਨਾਥ ਜੀ, ਵੈਦ ਹਰਿਦਾਸ ਜੀ, ਭਾਈਆ ਜੈ ਰਾਮ ਜੀ, ਭਾਈ ਮਰਦਾਨਾ ਜੀ, ਭਾਈ ਫਿਰੰਦਾ ਜੀ, ਭਾਈ ਬਾਲਾ ਜੀ, ਭਾਈ ਲਾਲੋ ਜੀ ਆਦਿ ਵਾਂਗ, ਰਾਇ ਬੁਲਾਰ ਸਾਹਿਬ ਵੀ ਆਪਣੇ ਪੀਰ ਬਾਬਾ ਨਾਨਕ ਸਾਹਿਬ ਦੇ ਪਿਆਰ ਵਿੱਚ ਡੁੱਬਣ ਅਤੇ ਮਰਨ ਪਿਛੋਂ ਠੀਕ ਉਵੇਂ ਹੀ ਤਰ ਗਏ, ਭਾਵ ਮੁਕਤੀ ਨੂੰ ਪ੍ਰਾਪਤ ਹੋ ਗਏ ਸਨ ਜਿਵੇਂ ਸੋਹਣੀ ਆਪਣੇ ਪ੍ਰਭੂ/ਪ੍ਰੀਤਮ ਮਹੀਂਵਾਲ ਦੇ ਪਿਆਰ ਦੇ ਦਰਿਆ (ਝਨਾਂ) ਵਿੱਚ ਡੁੱਬ, ਮਰ ਅਤੇ ਤਰ ਗਈ ਸੀ। ਇਸ ਪ੍ਰਥਾਇ ਪੰਜਾਬੀ ਲੋਕ-ਗਾਇਕੀ ਅਤੇ ਸੰਗੀਤ ਦੀ ਅਮੀਰ ਪਰੰਪਰਾ ਵਿੱਚ ਪਈ, ਇਹ ਲੋਕ-ਧਾਰਨਾ/ਧੁਨ ਬੜੀ ਢੁੱਕਵੀਂ, ਮਾਰਮਿਕ ਅਤੇ ਦਿਲ ਨੂੰ ਟੁੰਬਣ ਵਾਲੀ ਹੈ:
“ਸੋਹਣੀ ਡੁੱਬ ਗਈ, ਮਰ ਗਈ, ਤਰ ਗਈ, ਵਿੱਚ ਦਰਿਆਵਾਂ ਦੇ।”
ਚਲਦਾ...........
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com
ਸਾਕਾ ਪੰਜਾ ਸਾਹਿਬ ਦਾ : ਜਾਣੋ ਅੱਖੀਂ ਡਿੱਠਾ ਹਾਲ ਇਕ ‘ਚਸ਼ਮਦੀਦ’ ਦੀ ਜ਼ੁਬਾਨੀ
NEXT STORY