ਗਿਆਨੀ ਭਜਨ ਸਿੰਘ
ਭਾਈ ਕਰਮ ਸਿੰਘ ਜੀ ਅਤੇ ਭਾਈ ਪਰਤਾਪ ਸਿੰਘ ਜੀ ਪਹਿਲੇ ਦੋ ਸਿੰਘ ਸਨ, ਜੋ ਹਸਨ ਅਬਦਲ ਰੇਲਵੇ ਸਟੇਸ਼ਨ ’ਤੇ ਪੰਜਾ ਸਾਹਿਬ ਦੇ ਮੋਰਚੇ ਸਮੇਂ ਰੇਲਗੱਡੀ ਹੇਠ ਆ ਕੇ ਸ਼ਹੀਦ ਹੋਏ। ਬਾਕੀਆਂ ਨੂੰ ਕਾਫ਼ੀ ਸੱਟਾਂ ਲੱਗੀਆਂ ਸਨ। (ਪੰਜਾ ਸਾਹਿਬ ਸਾਕਾ-ਇਕ ਚਸ਼ਮਦੀਦ ਦੀ ਜ਼ੁਬਾਨੀ)
ਸਿੱਖ ਵਿਦਵਾਨ ਗਿਆਨੀ ਭਜਨ ਸਿੰਘ, ਪੰਜਾ ਸਾਹਿਬ ਸਾਕੇ ਦੇ ਸ਼ਹੀਦ ਭਾਈ ਪਰਤਾਪ ਸਿੰਘ ਦੀ ਧਰਮ ਪਤਨੀ ਬੀਬੀ ਹਰਨਾਮ ਕੌਰ ਜੀ ਕੋਲ ਗਏ ਅਤੇ ਉਨ੍ਹਾਂ ਨੂੰ ਇਸ ਮੋਰਚੇ ਬਾਰੇ ਇੰਟਰਵਿਊ ਕੀਤੀ। ਇਸ ਇੰਟਰਵਿਊ ਦੇ ਕੁਝ ਅੰਸ਼ ਇਸ ਤਰ੍ਹਾਂ ਪ੍ਰਕਾਸ਼ਤ ਕੀਤੇ ਜਾ ਰਹੇ ਹਨ।
ਗਿਆਨੀ ਭਜਨ ਸਿੰਘ : ਮਾਤਾ ਜੀ ! (ਸ਼ਹੀਦ ਭਾਈ ਪਰਤਾਪ ਸਿੰਘ ਦੀ ਧਰਮ ਪਤਨੀ) ਕੀ ਤੁਸੀਂ ਪੰਜਾ ਸਾਹਿਬ ਦੇ ਸਾਕੇ ਬਾਰੇ ਕੁਝ ਦੱਸ ਸਕੋਗੇ। ਮੈਂ ਵਿਸ਼ੇਸ਼ ਤੌਰ ’ਤੇ ਇਸ ਘਟਨਾ ਦੀ ਸਿੱਧੀ ਜਾਣਕਾਰੀ ਲੈਣ ਲਈ ਤੁਹਾਡੇ ਕੋਲ ਆਇਆ ਹਾਂ।
ਬੀਬੀ ਹਰਨਾਮ ਕੌਰ : ਮੈਂ ਤੁਹਾਨੂੰ ਉਸ ਮੰਦਭਾਗੇ ਦਿਨ ਵਾਪਰੀ ਘਟਨਾ ਬਾਰੇ ਕਿਉਂ ਨਹੀਂ ਦੱਸਾਂਗੀ। ਮੈਨੂੰ ਤਾਂ ਇਹ ਘਟਨਾ ਇਸ ਤਰ੍ਹਾਂ ਯਾਦ ਹੈ ਕਿ ਜਿਵੇਂ ਅਜੇ ਕੱਲ੍ਹ ਵਾਪਰੀ ਹੋਵੇ। ਮੈਂ ਉਨ੍ਹਾਂ ਲੋਕਾਂ ਵਿਚ ਸ਼ਾਮਲ ਸੀ, ਜੋ ਉਸ ਦਿਨ ਰੇਲ ਗੱਡੀ ਰੋਕਣ ਲਈ ਰੇਲ ਪਟੜੀ ’ਤੇ ਬੈਠੇ ਸਨ। ਮੈਂ ਆਪਣੇ ਪਤੀ (ਸ਼ਹੀਦ ਪਰਤਾਪ ਸਿੰਘ) ਦੇ ਪਿੱਛੇ ਬੈਠੀ ਸਾਂ। ਮੈਂ ਪੰਜਾ ਸਾਹਿਬ ਸਾਕੇ ਦੀ ਅਸਲ ਕਹਾਣੀ ਬਹੁਤ ਲੋਕਾਂ ਨੂੰ ਸੁਣਾ ਚੁੱਕੀ ਹਾਂ ਪਰ ਕਿਸੇ ਨੇ ਇਸ ਤਰ੍ਹਾਂ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ, ਜੋ ਮੈਂ ਦੱਸਿਆ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਤੁਸੀਂ ਇਸ ਘਟਨਾ ਬਾਰੇ ਜਾਣਕਾਰੀ ਲੈਣ ਲਈ ਵਿਸ਼ੇਸ਼ ਤੌਰ ’ਤੇ ਚੱਲ ਕੇ ਆਏ ਹੋ ਤੇ ਮੈਨੂੰ ਇਹ ਵੀ ਖੁਸ਼ੀ ਹੈ ਕਿ ਤੁਸੀਂ ਉਸੇ ਤਰ੍ਹਾਂ ਲਿਖੋਗੇ ਜਿਵੇਂ ਕਿ ਮੈਂ ਤੁਹਾਨੂੰ ਅਸਲ ਕਹਾਣੀ ਦੱਸਾਂਗੀ।
ਗਿਆਨੀ ਭਜਨ ਸਿੰਘ : ਇਹ ਘਟਨਾ ਕਿਵੇਂ ਵਾਪਰੀ ਮੈਨੂੰ ਸਾਰਾ ਕੁਝ ਦੱਸੋ। ਤੁਸੀਂ ਇਹ ਸਮਝੋ ਕਿ ਮੈਨੂੰ ਇਸ ਸਾਕੇ ਬਾਰੇ ਕੁਝ ਨਹੀਂ ਪਤਾ, ਤੁਸੀਂ ਜਿਵੇਂ ਕਿਸੇ ਨਵੇਂ ਬੰਦੇ ਨੂੰ ਇਹ ਕਹਾਣੀ ਦੱਸ ਰਹੇ ਹੋ।
ਬੀਬੀ ਹਰਨਾਮ ਕੌਰ : ਇਹ ਗੁਰੂ ਕੇ ਬਾਗ ਦੇ ਮੋਰਚੇ (1922) ਦਾ ਸਮਾਂ ਸੀ। ਪੁਲਸ ਨੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਰੇਲ ਗੱਡੀਆਂ ਵਿੱਚ ਅਟਕ ਅਤੇ ਕੈਮਲਪੁਰ ਦੀਆਂ ਜੇਲ੍ਹਾਂ ਵਿਚ ਲਿਜਾ ਰਹੀ ਸੀ। ਦੋ ਰੇਲ ਗੱਡੀਆਂ ਪੰਜਾ ਸਾਹਿਬ ਤੋਂ ਗੁਜ਼ਰ ਗਈਆਂ ਅਤੇ ਮੇਰੇ ਪਤੀ ਨੇ ਸਟੇਸ਼ਨ ਮਾਸਟਰ, ਜੋ ਕਿ ਹਿੰਦੂ ਸਨ, ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੇ ਸਿੱਖ ਮਰਜੀਵੜਿਆਂ ਦੀਆਂ ਰੇਲ ਗੱਡੀਆਂ ਬਾਰੇ ਸੰਗਤ ਨੂੰ ਕਿਉਂ ਨਹੀਂ ਦੱਸਿਆ, ਕਿਉਂਕਿ ਸੰਗਤ ਇਨ੍ਹਾਂ ਸਿੰਘਾਂ ਦੀ ਸੇਵਾ ਕਰਨੀ ਚਾਹੁੰਦੀ ਸੀ।
ਉਸ ਵਕਤ ਮੇਰੇ ਪਤੀ ਸ੍ਰੀ ਪੰਜਾ ਸਾਹਿਬ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਅਤੇ ਖਜ਼ਾਨਚੀ ਵਜੋਂ ਸੇਵਾ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਉਹ ਜਨਰਲ ਸਕੱਤਰ ਰਹਿ ਚੁੱਕੇ ਸਨ। ਇਕ ਦਿਨ ਉਸ ਹਿੰਦੂ ਸਟੇਸ਼ਨ ਮਾਸਟਰ ਨੇ ਮੇਰੇ ਪਤੀ ਨੂੰ ਸੂਚਨਾ ਦਿੱਤੀ ਕਿ ਅਗਲੇ ਦਿਨ ਸਵੇਰੇ 8.00 ਵਜੇ ਸਿੱਖ ਕੈਦੀਆਂ ਦੀ ਰੇਲਗੱਡੀ ਪੰਜਾ ਸਾਹਿਬ ਰੇਲਵੇ ਸਟੇਸ਼ਨ ’ਤੇ ਪਹੁੰਚ ਰਹੀ ਹੈ। ਜਿਉਂ ਹੀ ਸੰਗਤ ਨੂੰ ਇਸ ਦਾ ਪਤਾ ਲੱਗਾ, ਉਨ੍ਹਾਂ ਨੇ ਸਿੰਘਾਂ ਲਈ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਸਵੇਰੇ ਦੇ ਦੀਵਾਨ ਮਗਰੋਂ ਅਰਦਾਸ ਕੀਤੀ ਗਈ, ਹੇ ਸੱਚੇ ਪਾਤਸ਼ਾਹ ! ਅਸੀਂ ਤੁਹਾਡੇ ਸਿੰਘਾਂ ਲਈ ਪਰਸ਼ਾਦਾ ਤਿਆਰ ਕੀਤਾ ਹੈ। ਸਾਡੀ ਆਪਣੇ ਗੁਰਸਿੱਖ ਭਰਾਵਾਂ ਨੂੰ ਇਹ ਲੰਗਰ ਛਕਾਉਣ ਦੀ ਇੱਛਾ ਪੂਰੀ ਕਰੋ ਅਤੇ ਸਾਨੂੰ ਸ਼ਕਤੀ ਬਖਸ਼ੋ ਕਿ ਅਸੀਂ ਇਹ ਲੰਗਰ ਛਕਾ ਕੇ ਹੀ ਗੁਰਦੁਆਰਾ ਸਾਹਿਬ ਪਰਤੀਏ।
ਅਰਦਾਸ ਤੋਂ ਬਾਅਦ ਜਦ ਸੰਗਤ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਉਪਰੋਂ ਹੁਕਮ ਆਏ ਹਨ ਕਿ ਪੰਜਾ ਸਾਹਿਬ ਰੇਲਵੇ ਸਟੇਸ਼ਨ ’ਤੇ ਗੱਡੀ ਨਹੀਂ ਰੋਕੀ ਜਾਵੇਗੀ। ਸੰਗਤ ਵਿਚ ਉਦਾਸੀ ਤੇ ਗੁੱਸੇ ਦੀ ਲਹਿਰ ਦੌੜ ਗਈ। ਸੰਗਤ ਨੇ ਉਸੇ ਵਕਤ ਗੁਰਮਤਾ ਪਾਸ ਕੀਤਾ ਕਿ ਲੰਗਰ ਹਰ ਹਾਲਤ ਵਿਚ ਛਕਾਇਆ ਜਾਵੇਗਾ ਅਤੇ ਲੰਗਰ ਛਕਾਏ ਬਗੈਰ ਗੱਡੀ ਅੱਗੇ ਨਹੀਂ ਜਾਣ ਦੇਣਗੇ।
ਗਿਆਨੀ ਭਜਨ ਸਿੰਘ : ਕੁਲ ਸੰਗਤ ਕਿੰਨੀ ਕੁ ਸੀ ?
ਬੀਬੀ ਹਰਨਾਮ ਕੌਰ : ਕੋਈ 300 ਲੋਕ ਹੋਣਗੇ।
ਗਿਆਨੀ ਭਜਨ ਸਿੰਘ : ਫਿਰ ਕੀ ਹੋਇਆ ?
ਬੀਬੀ ਹਰਨਾਮ ਕੌਰ : ਜਦ ਗੱਡੀ ਰੇਲਵੇ ਸਟੇਸ਼ਨ ਦੇ ਨੇੜੇ ਆਈ ਸੰਗਤਾਂ ਰੇਲ ਪਟੜੀ ’ਤੇ ਗਈਆਂ। ਕੁਝ ਆਦਮੀ ਸਿਗਨਲ ਦੇ ਨੇੜੇ ਬੈਠ ਗਏ।
ਗਿਆਨੀ ਭਜਨ ਸਿੰਘ : ਕੀ ਰੇਲਗੱਡੀ ਨੇੜੇ ਆਉਂਦੀ ਵੇਖ ਕੇ ਕੋਈ ਦੌੜਿਆ ?
ਬੀਬੀ ਹਰਨਾਮ ਕੌਰ : ਭੱਜਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸਾਰਿਆਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੋਇਆ ਸੀ। ਉਸ ਵਕਤ ਕਿਸੇ ਵੀ ਵਿਅਕਤੀ ਨੂੰ ਮੌਤ ਦਾ ਖੌਫ਼ ਨਹੀਂ ਸੀ। ਇਸ ਸ਼ੁਭ ਕਰਮ ਲਈ ਸਾਰੇ ਮਰ ਮਿਟਣ ਵਾਸਤੇ ਤਿਆਰ ਸਨ।
ਗਿਆਨੀ ਭਜਨ ਸਿੰਘ : ਫਿਰ ਕੀ ਹੋਇਆ ?
ਬੀਬੀ ਹਰਨਾਮ ਕੌਰ : ਰੇਲ ਗੱਡੀ ਆਈ। ਇਹ ਸੀਟੀਆਂ ਮਾਰਦੀ ਰਹੀ ਪਰ ਕੋਈ ਨਾ ਉਠਿਆ। ਸਭ ਤੋਂ ਅੱਗੇ ਮੇਰੇ ਪਤੀ (ਸ਼ਹੀਦ) ਪਰਤਾਪ ਸਿੰਘ ਜੀ ਬੈਠੇ ਸਨ। ਉਨ੍ਹਾਂ ਦੇ ਨਾਲ ਭਾਈ ਕਰਮ ਸਿੰਘ ਜੀ ਸਨ ਅਤੇ ਹੋਰ ਕਈ ਸਿੰਘ ਬੈਠੇ ਸਨ। ਰੇਲਗੱਡੀ ਮੇਰੇ ਪਤੀ ਵਿਚ ਟਕਰਾਈ ਅਤੇ ਉਨ੍ਹਾਂ ਨੂੰ ਸ਼ਹੀਦ ਕਰਕੇ ਅੱਗੇ ਲੰਘ ਗਈ। ਭਾਈ ਕਰਮ ਸਿੰਘ ਵੀ ਰੇਲ ਗੱਡੀ ਹੇਠ ਆ ਕੇ ਸ਼ਹੀਦ ਹੋ ਗਏ। ਹੋਰ ਕਈ ਸਿੰਘਾਂ ਨੂੰ ਰੇਲਗੱਡੀ ਦੇ ਬੰਪਰ ਨੇ ਪਰ੍ਹੇ ਵਗਾਹ ਮਾਰਿਆ। 6 ਹੋਰ ਸਿੰਘ ਗੱਡੀ ਦੇ ਪਹੀਆਂ ਹੇਠ ਆ ਕੇ ਜ਼ਖ਼ਮੀ ਹੋ ਗਏ। ਉਨ੍ਹਾਂ ਦੀਆਂ ਲੱਤਾਂ ਕੱਟੀਆਂ ਗਈਆਂ। ਮੈਨੂੰ ਵੀ ਕਾਫ਼ੀ ਸੱਟਾਂ ਲੱਗੀਆਂ ਅਤੇ ਮੈਂ ਕਈ ਮਹੀਨੇ ਹਸਪਤਾਲ ਵਿਚ ਦਾਖ਼ਲ ਰਹੀ।
ਗਿਆਨੀ ਭਜਨ ਸਿੰਘ : ਕੀ ਭਾਈ ਪਰਤਾਪ ਸਿੰਘ ਉਸੇ ਥਾਂ ’ਤੇ ਸ਼ਹੀਦ ਹੋਏ ਜਾਂ ਬਾਅਦ ਵਿਚ। ਸਾਰਾ ਕੁਝ ਦੱਸੋ ?
ਬੀਬੀ ਹਰਨਾਮ ਕੌਰ : ਉਨ੍ਹਾਂ ਦੀ ਸ਼ਹੀਦੀ ਉਸੇ ਵੇਲੇ ਨਹੀਂ ਸੀ ਹੋਈ। ਜਿਉਂ ਹੀ ਰੇਲਗੱਡੀ ਰੁਕੀ। ਸੰਗਤਾਂ ਰੇਲ ਗੱਡੀ ਹੇਠਾਂ ਆ ਕੇ ਕੁਚਲੇ ਗਏ ਸਿੰਘਾਂ ਨੂੰ ਵੇਖਣ ਲਈ ਅੱਗੇ ਵਧੀਆਂ, ਮੇਰੇ ਪਤੀ ਗੰਭੀਰ ਰੂਪ ਜ਼ਖ਼ਮੀ ਸਨ। ਉਨ੍ਹਾਂ ਨੇ ਸੰਗਤਾਂ ਨੂੰ ਕਿਹਾ ਕਿ ਪਹਿਲਾਂ ਗੁਰਸਿੱਖ ਕੈਦੀਆਂ ਨੂੰ ਲੰਗਰ ਛਕਾਓ ਫਿਰ ਸਾਡੀ ਸੰਭਾਲ ਕਰਨਾ। ਜੇ ਤੁਸੀਂ ਸਾਨੂੰ ਗੱਡੀ ਹੇਠੋਂ ਕੱਢ ਲਿਆ ਡਰਾਈਵਰ ਫਿਰ ਗੱਡੀ ਚਲਾ ਲਵੇਗਾ ਤੇ ਅਸੀਂ ਆਪਣੇ ਸਿੰਘਾਂ ਨੂੰ ਲੰਗਰ ਨਹੀਂ ਛਕਾ ਸਕਾਂਗੇ।
ਲੰਗਰ ਛਕਾਉਣ ਤੋਂ ਬਾਅਦ ਜ਼ਖ਼ਮੀ ਸਿੰਘਾਂ ਨੂੰ ਗੱਡੀ ਹੇਠੋਂ ਕੱਢਿਆ ਗਿਆ। ਭਾਈ ਕਰਮ ਸਿੰਘ ਕੁਝ ਘੰਟਿਆਂ ਬਾਅਦ ਸਵਾਸ ਛੱਡ ਗਏ ਅਤੇ ਮੇਰੇ ਪਤੀ ਨੇ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਸਰੀਰ ਛੱਡਿਆ।
ਗਿਆਨੀ ਭਜਨ ਸਿੰਘ : ਕਿਰਪਾ ਕਰਕੇ ਮੈਨੂੰ ਇਸ ਘਟਨਾ ਬਾਰੇ ਹੋਰ ਦੱਸੋ, ਜਦ ਤੁਹਾਡੇ ਪਤੀ ਰੇਲਗੱਡੀ ਹੇਠ ਆ ਕੇ ਜ਼ਖ਼ਮੀ ਹੋਏ ਅਤੇ ਉਨ੍ਹਾਂ ਨੇ ਅਗਲੇ ਦਿਨ ਸਵੇਰੇ ਸਵਾਸ ਤਿਆਗੇ, ਉਸ ਸਮੇਂ ਦੌਰਾਨ ਹੋਰ ਕੀ ਵਾਪਰਿਆ ?
ਬੀਬੀ ਹਰਨਾਮ ਕੌਰ : ਜਦ ਉਨ੍ਹਾਂ ਦੇ ਜ਼ਖ਼ਮੀ ਹੋਣ ਮਗਰੋਂ ਮੈਂ ਉਨ੍ਹਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਮੇਰੀ ਧਰਮ ਪਤਨੀ ਹੋ ਤਾਂ ਮੇਰੀ ਹਾਲਤ ਉਪਰ ਰੋਵੋ ਨਾ, ਸਗੋਂ ਖੁਸ਼ ਹੋਵੇ ਕਿ ਮੈਂ ਗੁਰਸਿੱਖੀ ਦੇ ਇਮਤਿਆਲ ਵਿਚੋਂ ਪਾਸ ਹੋ ਗਿਆ ਹਾਂ। ਉਨ੍ਹਾਂ ਦਾ ਜੁਬਾੜਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਉਹ ਵਾਹਿਗੁਰੂ ਦਾ ਵੀ ਸ਼ੁਕਰਾਨਾ ਕਰ ਰਹੇ ਸਨ ਕਿ ਉਨ੍ਹਾਂ ਦੀ ਲੰਗਰ ਛਕਾਉਣ ਦੀ ਅਰਦਾਸ ਪੂਰੀ ਹੋ ਗਈ।
ਗਿਆਨੀ ਭਜਨ ਸਿੰਘ : ਉਨ੍ਹਾਂ ਦੀ ਜ਼ਿੰਦਗੀ ਬਾਰੇ ਹੋਰ ਵੀ ਕੁਝ ਦੱਸੋ। ਉਹ ਕਿੰਨੇ ਵਰ੍ਹਿਆਂ ਦੇ ਸਨ ?
ਬੀਬੀ ਹਰਨਾਮ ਕੌਰ : ਸ਼ਹੀਦੀ ਵੇਲੇ ਉਹ 24-25 ਸਾਲਾਂ ਦੇ ਹੋਣਗੇ। ਸਾਡੀ ਸ਼ਾਦੀ 4 ਸਾਲ ਪਹਿਲਾਂ ਹੋਈ ਸੀ। ਉਹ ਕੁਝ ਸਮਾਂ ਫੌਜ ਵਿਚ ਵੀ ਰਹੇ ਸਨ। ਉਨ੍ਹਾਂ ਨੂੰ ਕਾਲੀ ਪੱਗ ਬੰਨ੍ਹਣ ਕਰਕੇ ਫੌਜ ਛੱਡਣੀ ਪਈ ਸੀ। ਅਸੀਂ ਫਿਰ ਰਾਵਲਪਿੰਡੀ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਪੰਜਾ ਸਾਹਿਬ ਗੁਰਦੁਆਰਾ ਮੁਕਤ ਕਰਾਉਣ ਵੇਲੇ ਉਹ ਜਥੇ ਵਿਚ ਸਭ ਤੋਂ ਅੱਗੇ ਸਨ। ਗੁਰਦੁਆਰਾ ਸਾਹਿਬ ਤੋਂ ਮਹੰਤ ਦਾ ਕਬਜ਼ਾ ਹਟਣ ਮਗਰੋਂ ਮੇਰੇ ਪਤੀ ਨੂੰ ਇਸ ਦਾ ਮੈਨੇਜਰ ਤੇ ਸਕੱਤਰ ਬਣਾਇਆ ਗਿਆ। ਉਨ੍ਹਾਂ ਨੇ ਬਿਨਾਂ ਕਿਸੇ ਤਨਖਾਹ ਜਾਂ ਸੇਵਾਫਲ ਦੇ ਨਿਸ਼ਕਾਮ ਸੇਵਾ ਕੀਤੀ। ਉਸ ਵਕਤ ਸਾਨੂੰ ਆਪਣੀਆਂ ਕਈ ਚੀਜ਼ਾਂ ਵੀ ਵੇਚਣੀਆਂ ਪਈਆਂ। ਸਾਡੇ ਕੋਲ ਕੋਈ ਪੈਸਾ ਨਹੀਂ ਸੀ। ਮੇਰੇ ਪਤੀ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ। ਜਦੋਂ ਉਹ ਸ਼ਹੀਦ ਹੋਏ, ਉਸ ਵਕਤ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੰਮ ਕਰਦੇ ਸਨ। ਉਨ੍ਹਾਂ ਦੇ ਸ਼ਹੀਦ ਹੋਣ ਤੋਂ ਪਹਿਲਾਂ ਸਾਡੇ ਘਰ ਇਕ ਪੁੱਤਰ ਪੈਦਾ ਹੋਇਆ, ਜੋ 2 ਸਾਲ ਦੀ ਉਮਰ ਵਿਚ ਸਵਰਗਵਾਸ ਹੋ ਗਿਆ। ਉਸ ਦੀ ਮੌਤ ਤੇ ਮੇਰੇ ਪਤੀ ਵਾਹਿਗੁਰੂ ਦੀ ਰਜ਼ਾ ਵਿਚ ਰਹੇ ਅਤੇ ਉਹ ਬਿਲਕੁਲ ਨਹੀਂ ਡੋਲੇ। ਆਪਣੇ ਪੁੱਤਰ ਦੇ ਅੰਤਮ ਸਸਕਾਰ ਸਮੇਂ ਉਨ੍ਹਾਂ ਨੇ ਉਸ ਦਾ ਬਬਾਨ ਕੱਢਿਆ ਅਤੇ ਉਸ ਦੀ ਅਰਥੀ ਸ਼ਮਸ਼ਾਨਘਾਟ ਤੱਕ ਲਿਜਾਣ ਸਮੇਂ ਬੈਂਡ ਪਾਰਟੀ ਬੁਲਾਈ ਗਈ। ਮੇਰੇ ਪਤੀ ਦੀ ਸ਼ਹੀਦੀ ਤੋਂ ਕੁਝ ਮਹੀਨਿਆਂ ਬਾਅਦ ਸਾਡੇ ਘਰ ਦੂਜਾ ਬੱਚਾ ਪੈਦਾ ਹੋਇਆ, ਜੋ ਬੇਟੀ ਸੀ। ਉਸ ਦਾ ਨਾਂ ਜੋਗਿੰਦਰ ਕੌਰ ਰੱਖਿਆ ਗਿਆ।
ਗਿਆਨੀ ਭਜਨ ਸਿੰਘ : ਕੀ ਤੁਹਾਨੂੰ ਪੰਜਾ ਸਾਹਿਬ ਦੇ ਸਾਕੇ ਨਾਲ ਸਬੰਧਤ ਕੋਈ ਘਟਨਾ ਯਾਦ ਹੈ ? ?
ਬੀਬੀ ਹਰਨਾਮ ਕੌਰ : ਰੇਲਗੱਡੀ ਦਾ ਡਰਾਈਵਰ ਪਾਕਿਸਤਾਨ ਦੇ ਗੁਜਰਾਤ ਸ਼ਹਿਰ ਦਾ ਅਰਾਈਂ ਮੁਸਲਮਾਨ ਸੀ। ਮੈਨੂੰ ਹੁਣ ਉਸ ਦਾ ਨਾਮ ਯਾਦ ਨਹੀਂ। ਇਕ ਰਿਟਾਇਰ ਜੱਜ ਵੱਲੋਂ ਉਸ ਦੀ ਜਾਂਚ ਕੀਤੀ ਗਈ ਕਿ ਉਸ ਨੇ ਰੇਲਗੱਡੀ ਕਿਉਂ ਰੋਕੀ ਜਦ ਅਜਿਹਾ ਨਾ ਕਰਨ ਦੇ ਹੁਕਮ ਸਨ। ਉਸ (ਡਰਾਈਵਰ) ਨੇ ਜੱਜਾਂ ਦੇ ਟ੍ਰਿਬਿਊਨਲ ਅੱਗੇ ਜੋ ਬਿਆਨ ਦਿੱਤਾ, ਉਹ ਇਤਿਹਾਸਕ ਤੌਰ ’ਤੇ ਬਹੁਤ ਮਹੱਤਤਾ ਰੱਖਦਾ ਹੈ।
‘ਮੈਨੂੰ ਰੇਲ ਗੱਡੀ ਨਾ ਰੋਕਣ ਦੇ ਹੁਕਮ ਸਨ ਤੇ ਰੇਲਗੱਡੀ ਪੂਰੀ ਰਫ਼ਤਾਰ ’ਤੇ ਆ ਰਹੀ ਸੀ ਪਰ ਜਦ ਜੇਲਗੱਡੀ ਪਰਤਾਪ ਸਿੰਘ ਨਾਲ ਟਕਰਾਈ ਤਾਂ ਮੈਨੂੰ ਜਾਪਿਆ ਜਿਵੇਂ ਇਹ ਇਕ ਵੱਡੇ ਪਰਬਤ ਨਾਲ ਟਕਰਾ ਗਈ ਹੋਵੇ ਤੇ ਮੇਰਾ ਹੱਥ ਆਪਣੇ ਆਪ ਸਪੀਡਰ ’ਤੇ ਚਲਾ ਗਿਆ ਤੇ ਰੇਲਗੱਡੀ ਰੁਕ ਗਈ। ਇੰਜਣ ਦੀ ਜਾਂਚ ਤੋਂ ਪਤਾ ਲੱਗਾ ਕਿ ਗੱਡੀ ਦੇ ਬਰੇਕ ਨਹੀਂ ਲਾਏ ਗਏ ਸਨ। ਇਕ ਕੋਈ ਅਦਿੱਖ ਸ਼ਕਤੀ ਸੀ, ਜਿਸ ਨੇ ਗੱਡੀ ਰੋਕ ਦਿੱਤੀ।’ ਡਰਾਈਵਰ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਸ ਦੇ ਬਿਆਨ ਨੇ ਇਹ ਸਾਬਤ ਕਰ ਦਿੱਤਾ ਕਿ ਸਤਿਗੁਰ ਨੇ ਖੁਦ ਰੇਲਗੱਡੀ ਰੋਕੀ।
ਸੁਆਲ ਪੈਦਾ ਹੁੰਦਾ ਹੈ ਕਿ ਕੀ ਹੁਣ ਸਾਡੇ ਵਿਚ ਗੁਰਸਿੱਖੀ ਦੀ ਉਹ ਭਾਵਨਾ ਮੌਜੂਦ ਹੈ ? ਇਹ ਸਵਾਲ ਹਰ ਇਕ ਗੁਰਸਿੱਖ ਤੋਂ ਜੁਆਬ ਮੰਗਦਾ ਹੈ।
30 ਅਕਤੂਬਰ ’ਤੇ ਵਿਸ਼ੇਸ਼ : ਗੁਰਦੁਆਰਾ ਪੰਜਾ ਸਾਹਿਬ ਦਾ ਸ਼ਹੀਦੀ ਸਾਕਾ
NEXT STORY