ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾ ਕੰਮ ਲੋਕਾਂ ਨੂੰ ਸੱਚ ਨੂੰ ਸੱਚ ਕਹਿਣ ਦੀ ਜਾਚ ਦੱਸੀ ਤੇ ਸੱਚਾ-ਸੁੱਚਾ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ। ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਿਆਂ ਲੋਕਾਂ ਨੂੰ ਜਾਤ-ਪਾਤ, ਊਚ-ਨੀਚ, ਭੇਦ-ਭਾਵ ਦੀ ਗੁਲਾਮੀ ’ਚੋਂ ਕੱਢਣ ਦਾ ਸਾਰਥਕ ਯਤਨ ਕੀਤਾ। ਇਸ ਆਦਰਸ਼ ਮਹਿਲ, ਜਿਸ ਦੀ ਕਿ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ, ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕੰਮਲ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1 ਵੈਸਾਖ 1699 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਸਾਹਿਬ ਦੇ ਅਸਥਾਨ ’ਤੇ ਇਕ ਅਜਿਹਾ ਇਨਕਲਾਬੀ ਕੰਮ ਕੀਤਾ, ਜਿਸ ਦੀ ਮਿਸਾਲ ਦੁਨੀਆ ਭਰ ’ਚ ਕਿਧਰੇ ਵੀ ਨਹੀਂ ਮਿਲਦੀ। ਸਾਰੇ ਭੇਦਭਾਵ ਇਕ ਪਾਸੇ ਰੱਖਦਿਆਂ ਗੁਰੂ ਜੀ ਨੇ ਸਾਰੀ ਦੁਨੀਆ ਦੀ ਜਾਤ ‘ਇਨਸਾਨੀਅਤ’ ਦੱਸਦਿਆਂ ਖਾਲਸਾ ਪੰਥ ਦੀ ਨੀਂਹ ਰੱਖੀ।
ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਗਤ ਵਿਚ ਆਏ ਅਤੇ ਇਕ ਅਨੋਖਾ ਕੌਤਕ ਹੋਇਆ। ਗੁਰੂ ਜੀ ਦੇ ਹੱਥ ਵਿਚ ਇਕ ਨੰਗੀ ਤਲਵਾਰ ਫੜੀ ਹੋਈ ਸੀ ਅਤੇ ਚਿਹਰੇ ’ਤੇ ਇਕ ਵੱਖਰਾ ਹੀ ਜਲਾਲ ਸੀ। ਜਦੋਂ ਗੁਰੂ ਜੀ ਨੇ ਸੰਗਤ ਤੋਂ ਸੀਸ ਦੀ ਮੰਗ ਕੀਤੀ ਤਾਂ ਸਾਰੇ ਦੀਵਾਨ ਵਿਚ ਚੁੱਪ ਛਾ ਗਈ ਅਤੇ ਲੋਕ ਇਕ-ਦੂਸਰੇ ਦੇ ਮੂੰਹ ਵੱਲ ਦੇਖਣ ਲੱਗੇ। ਜਦੋਂ ਸੰਗਤ ਗੁਰੂ ਜੀ ਦੇ ਚਿਹਰੇ ਵੱਲ ਦੇਖਦੀ ਤਾਂ ਗੁਰੂ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਾ ਜਾਂਦਾ। ਚਾਰੇ ਪਾਸੇ ਚੁੱਪ ਛਾਈ ਦੇਖ ਕੇ ਗੁਰੂ ਜੀ ਨੇ ਇਕ ਵਾਰ ਫੇਰ ਸੰਗਤ ਨੂੰ ਲਲਕਾਰਦਿਆਂ ਸੀਸ ਦੀ ਮੰਗ ਕੀਤੀ।
ਇਸ ਵਾਰ ਵੀ ਕੋਈ ਅੱਗੇ ਨਾ ਵਧਿਆ। ਸੰਗਤ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ ਅਤੇ ਸਹਿਮ ਵੀ ਬੈਠ ਗਿਆ। ਜਦੋਂ ਤੀਸਰੀ ਵਾਰ ਗੁਰੂ ਜੀ ਨੇ ਇਹੋ ਵਚਨ ਦੁਹਰਾਇਆ ਤਾਂ ਲਾਹੌਰ ਦਾ ਰਹਿਣ ਵਾਲਾ ਖੱਤਰੀ ਜਾਤੀ ਦਾ ਭਾਈ ਦਇਆ ਰਾਮ ਹੱਥ ਬੰਨ੍ਹ ਕੇ ਖਲ੍ਹੋ ਗਿਆ ਅਤੇ ਗੁਰੂ ਜੀ ਦੇ ਅੱਗੇ ਆ ਕੇ ਆਪਣੀ ਗਰਦਨ ਝੁਕਾ ਲਈ। ਭਾਈ ਦਇਆ ਰਾਮ ਜੀ ਨੇ ਕਿਹਾ,‘‘ਹੇ! ਦੀਨ ਦੁਨੀਆ ਦੇ ਮਾਲਕ, ਹੇ! ਸੱਚੇ ਪਾਤਿਸ਼ਾਹ, ਇਹ ਸੀਸ ਆਪ ਜੀ ਦਾ ਹੀ ਹੈ। ਇਸ ਨੂੰ ਜਿਵੇਂ ਚਾਹੋ, ਤਿਵੇਂ ਵਰਤੋ।’’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਦਾਇਆ ਰਾਮ ਜੀ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਤੰਬੂ ਦੇ ਅੰਦਰ ਲੈ ਗਏ।
ਇਸੇ ਤਰ੍ਹਾਂ ਵਾਰੀ-ਵਾਰੀ ਚਾਰ ਹੋਰ ਸੂਰਮੇ ਅੱਗੇ ਵਧੇ ਤੇ ਆਪਣੇ ਸੀਸ ਭੇਟ ਕੀਤੇ। ਇਹ ਸਨ, ਉੱਤਰ ਪ੍ਰਦੇਸ਼ ਦੇ ਹਸਤਨਾਪੁਰ ਵਿਖੇ ਰਹਿਣ ਵਾਲੇ ਧਰਮ ਚੰਦ ਜੀ ਜੋ ਕਿ ਜਾਤ ਦੇ ਜੱਟ ਸਨ। ਤੀਜੇ ਸਨ ਉੜੀਸਾ ਰਾਜ ਵਿਚ ਜਗਨਨਾਥ ਪੁਰੀ ਦੇ ਝਿਊਰ ਜਾਤੀ ਦੇ ਭਾਈ ਹਿੰਮਤ ਚੰਦ ਜੀ, ਚੌਥੇ ਸਨ ਦੁਆਰਕਾ ਦੇ ਛੀਂਬੇ ਮੋਹਕਮ ਚੰਦ ਜੀ ਤੇ ਪੰਜਵੇਂ ਸਨ ਕਰਨਾਟਕ ਦੇ ਬਿਦਰ ਤੋਂ ਨਾਈ ਜਾਤੀ ਦੇ ਸਾਹਿਬ ਚੰਦ। ਇਸ ਮੌਕੇ ਸਿਰਾਂ ਦੀ ਮੰਗ ਕਰਨ ਲੱਗਿਆਂ ਗੁਰੂ ਜੀ ਨੇ ਇਹ ਨਹੀਂ ਸੀ ਕਿਹਾ ਕਿ ਕੋਈ ਕਿਸੇ ਖ਼ਾਸ ਜਾਤ ਦਾ ਜਾਂ ਖ਼ਾਸ ਜਗ੍ਹਾ ਦਾ ਵਿਅਕਤੀ ਅੱਗੇ ਆਵੇ, ਸਗੋਂ ਇਹ ਕਿਹਾ ਸੀ ਕਿ ਕੋਈ ਖਰਾ ਇਨਸਾਨ ਅੱਗੇ ਆਵੇ। ਇਸ ਤਰ੍ਹਾਂ ਕਹਿਣ ਨੂੰ ਭਾਵੇਂ ਇਹ ਪੰਜੇ ਹੀ ਅੱਡ-ਅੱਡ ਅਖੌਤੀ ਜਾਤਾਂ ਦੇ ਸਨ, ਪਰ ਗੁਰੂ ਜੀ ਨੇ ਸਭਨਾਂ ਦੀਆਂ ਜਾਤਾਂ ਮਿਟਾ ਕੇ ਇਕੋ ਜਾਤ ਸ਼ੁੱਧਤਾ ਬਣਾ ਦਿੱਤੀ। ਇਹ ਪੰਜ ਵੀ ਆਪਣੀ ਜਾਨ ਨੂੰ ਪਿਆਰੀ ਸਮਝ ਕੇ ਅੱਗੇ ਨਹੀਂ ਸਨ ਆਏ, ਸਗੋਂ ਮੌਤ ਨੂੰ ਮਖੌਲ ਕਰਦੇ ਹੋਏ ਗੁਰੂ ਦੇ ਸਨਮੁੱਖ ਆਏ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:-
‘‘ਜਉ ਤਉ ਪ੍ਰੇਮ ਖੇਲਨ ਕਾ ਚਾਉ॥ ਸਿਰ ਧਰ ਤਲੀ ਗਲੀ ਮੇਰੀ ਆਉ॥
ਇਤੁ ਮਾਰਗ ਪੈਰ ਧਰੀਜੈ॥ ਸਿਰ ਦੀਜੈ ਕਾਣਿ ਨ ਕੀਜੈ॥’’
ਪੰਜਾਂ ਨੇ ਇਸ ਗੱਲ ’ਤੇ ਅਮਲ ਕੀਤਾ। ਗੁਰੂ ਜੀ ਪੰਜਾਂ ਨੂੰ ਵਾਰੀ-ਵਾਰੀ ਤੰਬੂ ਅੰਦਰ ਲੈ ਗਏ ਤੇ ਨਿਮਰਤਾ, ਭਗਤੀ ਤੇ ਸ਼ਕਤੀ ਦਾ ਸੁਮੇਲ ਕਰ ਦਿੱਤਾ। ਗੁਰੂ ਜੀ ਕਾਫੀ ਸਮੇਂ ਲਈ ਤੰਬੂ ਦੇ ਅੰਦਰ ਹੀ ਰਹੇ। ਜਦੋਂ ਕੁਝ ਘੰਟਿਆਂ ਬਾਅਦ ਗੁਰੂ ਜੀ ਤੰਬੂ ’ਚੋਂ ਬਾਹਰ ਆਏ ਤਾਂ ਸੰਗਤ ਇਹ ਦੇਖ ਕੇ ਹੈਰਾਨ ਰਹਿ ਗਈ ਤਾਂ ਉਨ੍ਹਾਂ ਦੇ ਨਾਲ ਉਹ ਪੰਜ ਸ਼ਰਧਾਵਾਨ ਸਿੱਖ ਵੀ ਜੀਵਤ ਖਲੋਤੇ ਸਨ, ਜਿਨ੍ਹਾਂ ਨੂੰ ਗੁਰੂ ਜੀ ਇਕ-ਇਕ ਕਰਕੇ ਆਪਣੇ ਨਾਲ ਤੰਬੂ ’ਚ ਲੈ ਗਏ ਸਨ ਤੇ ਸੰਗਤ ਨੇ ਜਿਨ੍ਹਾਂ ਬਾਰੇ ਸਮਝਿਆ ਸੀ ਕਿ ਉਨ੍ਹਾਂ ਦੇ ਸੀਸ ਗੁਰੂ ਜੀ ਦੀ ਤਲਵਾਰ ਨਾਲ ਕੱਟੇ ਗਏ। ਜੋ ਅੰਮ੍ਰਿਤ ਪੰਜਾਂ ਨੂੰ ਛਕਾਇਆ, ਉਸ ਵਿਚ ਪਤਾਸੇ ਨਿਮਰਤਾ, ਖੰਡਾ ਸ਼ਕਤੀ ਦਾ ਤੇ ਬਾਣੀ ਭਗਤੀ ਦੀ ਪ੍ਰਤੀਕ ਸੀ।
ਸਭਨਾਂ ’ਚ ਪ੍ਰੇਮ ਵਧਾਉਣ ਲਈ ਇਕੋ ਬਾਟੇ ਵਿਚ ਅੰਮ੍ਰਿਤ ਛਕਾਇਆ ਤੇ ਅਖੌਤੀ ਜਾਤਾਂ ਮਿਟਾ ਕੇ ਇਕੋ-ਇਕ ਜਾਤ ‘ਖਾਲਸਾ’ ਰੱਖੀ। ਉਨ੍ਹਾਂ ਦੇ ਨਾਂ ਨਾਲ ਚੜ੍ਹਦੀ ਕਲਾ ਦਾ ਪ੍ਰਤੀਕ ਸ਼ਬਦ ‘ਸਿੰਘ’ ਜੋੜ ਕੇ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ ਬਣਾ ਦਿੱਤਾ। ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ‘ਪੰਜ ਪਿਆਰੇ’ ਦਾ ਖਿਤਾਬ ਦਿੱਤਾ ਤੇ ਹੁਣ ਸੰਗਤ ਨੇ ਇਕ ਅਸਚਰਜ ਕੌਤਕ ਦੇਖਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਨ੍ਹਾਂ ਪੰਜ ਪਿਆਰਿਆਂ ਦੇ ਅੱਗੇ ਗੋਡਿਆਂ ਪਰਨੇ ਹੋ ਕੇ ਬੈਠ ਗਏ ਤੇ ਹੱਥ ਬੰਨ੍ਹ ਕੇ ਇਨ੍ਹਾਂ ਕੋਲੋਂ ਅੰਮ੍ਰਿਤ ਦੀ ਦਾਤ ਮੰਗੀ। ਸਾਰੀ ਸੰਗਤ ਇਸ ਗੱਲ ਨੂੰ ਲੈ ਕੇ ਹੈਰਾਨ ਸੀ ਕਿ ਗੁਰੂ ਜੀ ਸਿੱਖਾਂ ਅੱਗੇ ਹੱਥ ਜੋੜ ਕੇ ਕਿਉਂ ਖਲੋਤੇ ਹਨ। ਗੁਰੂ ਜੀ ਨੇ ਇਸ ਭੇਤ ਤੋਂ ਪਰਦਾ ਚੁੱਕਦਿਆਂ ਕਿਹਾ ਕਿ ਇਹ ਪੰਜ ਪਿਆਰੇ ਅੱਜ ਤੋਂ ਬਾਅਦ ਗੁਰੂ ਦਾ ਰੂਪ ਹੋਣਗੇ ਤੇ ਅੰਮ੍ਰਿਤ ਦੇਣ ਦਾ ਅਧਿਕਾਰ ਕੇਵਲ ਪੰਜ ਪਿਆਰਿਆਂ ਕੋਲ ਹੀ ਹੋਵੇਗਾ।
ਗੁਰੂ ਜੀ ਨੇ ਇਨ੍ਹਾਂ ਪੰਜਾਂ ਕੋਲੋਂ ਅੰਮ੍ਰਿਤ ਛਕਿਆ ਤੇ ਆਪਣਾ ਨਾਂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਰੱਖ ਲਿਆ। ਇਤਿਹਾਸ ਗਵਾਹ ਹੈ ਕਿ ਖਾਲਸੇ ਨੇ ਸਦਾ ਜ਼ੁਲਮ ਨਾਲ ਟੱਕਰ ਲਈ। ਮਜ਼ਲੂਮਾਂ ਤੇ ਗ਼ਰੀਬਾਂ ਦੀ ਰਾਖੀ ਕੀਤੀ। ਤਲਵਾਰ ਜ਼ੁਲਮ ਕਰਨ ਲਈ ਨਹੀਂ, ਸਗੋਂ ਜ਼ੁਲਮ ਰੋਕਣ ਲਈ ਚੁੱਕੀ। ਆਚਰਨ ਪੱਖੋਂ ਸਦਾ ਉੱਚਾ-ਸੁੱਚਾ ਰਿਹਾ। ਅਬਦਾਲੀ ਵਰਗੇ ਧਾੜਵੀਆਂ ਤੋਂ ਹਿੰਦੋਸਤਾਨ ਦੀਆਂ ਬੰਦੀ ਬਣਾਈਆਂ ਔਰਤਾਂ, ਬੇਟੀਆਂ ਛੁਡਾ ਕੇ ਘਰੋ-ਘਰੀ ਪਹੁੰਚਾਈਆਂ। ਅੱਜ ਅਸੀਂ 1 ਵੈਸਾਖ ਨੂੰ ਖਾਲਸਾ ਪੰਥ ਦੀ ਸਾਜਨਾ ਦਾ ਤਿਉਹਾਰ ‘ਵਿਸਾਖੀ’ ਬੜੀ ਧੂਮਧਾਮ ਨਾਲ ਮਨਾ ਰਹੇ ਹਾਂ। ਅੱਜ ਸਮਾਂ ਹੈ ਗੁਰੂ ਜੀ ਵੱਲੋਂ ਦੱਸੇ ਰਾਹ ’ਤੇ ਚੱਲਣ ਦਾ ਅਤੇ ਉਨ੍ਹਾਂ ਦੇ ਆਦਰਸ਼ਾਂ ਤੇ ਵਚਨਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ।
—ਗੁਰਪ੍ਰੀਤ ਸਿੰਘ ਨਿਆਮੀਆਂ
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (12 ਅਪ੍ਰੈਲ, 2024)
NEXT STORY