ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਦੇ ਦਫ਼ਤਰ ’ਚ ਕੰਮ ਕਰਦੇ 4 ਅਧਿਕਾਰੀਆਂ ਨੂੰ ਅਚਾਨਕ ਹਟਾਏ ਜਾਣ ਦੀ ਚਰਚਾ ਅਜੇ ਸ਼ਾਂਤ ਵੀ ਨਹੀ ਹੋਈ ਸੀ ਕਿ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਗਈ ਹੈ। ਇਸ ਵਾਰ ਦਿੱਲੀ ਦੇ ਪੁਲਸ ਕਮਿਸ਼ਨਰ ਸਤੀਸ਼ ਗੋਲਚਾ ਦੀ ਵਾਰੀ ਸੀ।
ਪਿਛਲੇ ਸਾਲ ਸੀਨੀਅਰਤਾ ’ਚ ਕਾਫ਼ੀ ਜੂਨੀਅਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਗ੍ਰਹਿ ਮੰਤਰਾਲਾ ਨੇ ਚੁਣਿਆ ਸੀ। ਉਨ੍ਹਾਂ ਦੀ ਨਿਯੁਕਤੀ ਨੇ ਪੁਲਸ ਵਿਭਾਗ ’ਚ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਉਦੋਂ ਸਪੱਸ਼ਟ ਸੰਦੇਸ਼ ਇਹ ਸੀ ਕਿ ਉਨ੍ਹਾਂ ਨੂੰ ਸੱਤਾ ’ਚ ਬੈਠੇ ਲੋਕਾਂ ਦਾ ਭਰੋਸਾ ਹਾਸਲ ਹੈ ਪਰ ਜਿੰਨੀ ਜਲਦੀ ਉਹ ਅੱਗੇ ਵਧੇ ਸਨ, ਓਨੀ ਹੀ ਜਲਦੀ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਇਸ ਸਬੰਧੀ ਕੋਈ ਕਾਰਨ ਨਹੀਂ ਦੱਸਿਆ ਗਿਆ। ਕੋਈ ਵਿਦਾਇਗੀ ਸਮਾਰੋਹ ਵੀ ਨਹੀਂ ਹੋਇਆ।
ਗੋਲਚਾ ਨੂੰ ਹਟਾਉਣ ਦੇ ਹੁਕਮ ਨੇ ਕਈ ਤਰ੍ਹਾਂ ਦੀਆਂ ਅਟਕਲਾਂ ਨੂੰ ਜਨਮ ਦਿੱਤਾ ਹੈ। ਅੰਦਰੂਨੀ ਲੋਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਸਿੱਧਾ ਸਿਖਰ ਤੋਂ ਭਾਵ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਆਇਆ ਸੀ। ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਕੁਝ ਦਾਅਵਾ ਕਰਦੇ ਹਨ ਕਿ ਉਹ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ’ਚ ਅਸਫਲ ਰਹੇ।
ਕੁਝ ਹੋਰ ਕਈ ਪ੍ਰਸ਼ਾਸਕੀ ਖਾਮੀਆਂ ਵੱਲ ਇਸ਼ਾਰਾ ਕਰਦੇ ਹਨ ਪਰ ਜਿਹੜੇ ਵਿਅਕਤੀ ਉਕਤ ਘਟਨਾਚੱਕਰ ਤੋਂ ਜਾਣੂ ਹਨ, ਦਾ ਕਹਿਣਾ ਹੈ ਕਿ ਅਸਲ ਕਾਰਨ ਹੋਰ ਵੀ ਗੰਭੀਰ ਹੋ ਸਕਦਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗ੍ਰਹਿ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਗੰਭੀਰ ਮਾਮਲਿਆਂ ਦੀਆਂ ਰਿਪੋਰਟਾਂ ਮਿਲੀਆਂ ਸਨ। ਇਹ ਸਮਝਿਆ ਜਾਂਦਾ ਹੈ ਕਿ ਇਹ ਆਖਰੀ ਗੱਲ ਸੀ ਜਿਸ ਤੋਂ ਬਾਅਦ ਉਕਤ ਫੈਸਲਾ ਲਿਅਾ ਗਿਅਾ।
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਰੰਪਰਾ ਨੂੰ ਤੋੜਦੇ ਹੋਏ ਸਤੀਸ਼ ਗੋਲਚਾ ਨੂੰ ਨਵੀਂ ਪੋਸਟਿੰਗ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਦਿੱਲੀ ’ਚ ਲੈਫਟੀਨੈਂਟ ਗਵਰਨਰ ਦੇ ਦਫ਼ਤਰ ’ਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਲੈਫਟੀਨੈਂਟ ਗਵਰਨਰ ਦੇ ਦਫ਼ਤਰ ’ਚ ਡੀ. ਜੀ. ਰੈਂਕ ਦੇ ਅਧਿਕਾਰੀ ਲਈ ਕੋਈ ਅਹੁਦਾ ਨਹੀਂ ਹੈ। ਹੁਣ ਗੋਲਚਾ ਕੋਲ ਨਾ ਤਾਂ ਕੋਈ ਕੰਮ ਹੈ ਤੇ ਨਾ ਹੀ ਕੋਈ ਸਹਾਇਕ ਸਟਾਫ।
ਉਨ੍ਹਾਂ ਵਰਗੇ ਰੈਂਕ ਦੇ ਅਧਿਕਾਰੀ ਨਾਲ ਅਜਿਹਾ ਵਤੀਰਾ ਬਹੁਤ ਹੀ ਬੇਮਿਸਾਲ ਹੈ । ਇਸ ਨੇ ਨੌਕਰਸ਼ਾਹੀ ’ਚ ਘਬਰਾਹਟ ਪੈਦਾ ਕਰ ਦਿੱਤੀ ਹੈ। ਕੀ ਇਹ ਸਿਰਫ਼ ਇਕ ਅਾਰਜ਼ੀ ਸ਼ਾਂਤੀ ਹੈ ਜਾਂ ਦਿੱਲੀ ਪੁਲਸ ਅੰਦਰ ਇਕ ਵੱਡੀ ਕਾਰਵਾਈ ਦੀ ਸ਼ੁਰੂਆਤ ਹੈ? ਦਿੱਲੀ ’ਚ ਸੱਤਾ ਦੇ ਗਲਿਆਰਿਆਂ ’ਚ ਅਧਿਕਾਰਤ ਜਵਾਬ ਨਾਲੋਂ ਚਰਚੇ ਹੋਰ ਤੇਜ਼ ਹੋ ਰਹੇ ਹਨ।
ਅੱਜ ਸ਼ਾਮ 6:30 ਵਜੇ ਤੱਕ ਸਾਰੀਆਂ ਦੁਕਾਨਾਂ-ਰੈਸਟੋਰੈਂਟ ਹੋ ਜਾਣਗੇ ਬੰਦ ! NDTA ਨੇ ਲਿਆ ਵੱਡਾ ਫੈਸਲਾ
NEXT STORY