ਜਲੰਧਰ (ਬਿਊਰੋ) : ਖ਼ੇਤੀ ਬਿੱਲਾਂ ਦੇ ਵਿਰੋਧ 'ਚ ਦਿੱਲੀ ਸਰਹੱਦ 'ਤੇ ਕਿਸਾਨ ਅੰਦੋਲਨ ਦਾ ਰੁਝਾਨ ਹੁਣ ਖੱਬੇ ਪਾਸੇ ਝੁਕਣਾ ਸ਼ੁਰੂ ਹੋ ਗਿਆ ਹੈ। ਕਿਸਾਨ ਮਾਰੂ ਖ਼ੇਤੀ ਬਿੱਲਾਂ ਖਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਮੋਰਚੇ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਸਿਤਾਰੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਪੰਜਾਬੀ ਕਲਾਕਾਰ ਵੀ ਇਸ ਮੋਰਚੇ 'ਚ ਆਪਣੀ ਹਾਜ਼ਰੀ ਲਗਵਾ ਰਹੇ ਹਨ। ਉਥੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਕੈਨੇਡਾ ਤੋਂ ਦਿੱਲੀ ਧਰਨੇ 'ਚ ਪਹੁੰਚ ਚੁੱਕੇ ਹਨ।
ਹਾਲ ਹੀ 'ਚ ਗਿੱਪੀ ਗਰੇਵਾਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਰੋਟੀਆਂ ਬਣਾਉਣ ਦੀ ਸੇਵਾ ਕਰਦੇ ਨਜ਼ਰ ਆ ਰਹੇ ਹਨ। ਇਨਾਂ ਹੀ ਨਹੀਂ ਸਗੋਂ ਗਿੱਪੀ ਨੇ ਲੰਗਰ ਬਣਾਉਣ ਲਈ ਕਈ ਹੋਰ ਸੇਵਾਵਾਂ 'ਚ ਵੀ ਹੱਥ ਵੰਡਾਇਆ ਹੈ। ਕੁਝ ਤਸਵੀਰਾਂ 'ਚ ਉਹ ਪਿਆਜ਼ ਚੀਰਦੇ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਕਿਸਾਨ ਭਰਾਵਾਂ ਨੂੰ ਕੁਝ ਕੱਪੜੇ ਵੀ ਦਿੱਤੇ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਦਿੱਲੀ ਧਰਨੇ ਤੋਂ ਗਿੱਪੀ ਨੇ ਸਾਂਝੀ ਕੀਤੀ ਵੀਡੀਓ
ਦਿੱਲੀ ਧਰਨੇ ਦੌਰਾਨ ਗਿੱਪੀ ਗਰੇਵਾਲ ਖ਼ਾਲਸਾ ਏਡ ਦੇ ਕਰਮਚਾਰੀਆਂ ਨੂੰ ਮਿਲੇ। ਉਨ੍ਹਾਂ ਨੇ ਦੱਸਿਆ ਕਿ ਇਥੇ ਕਿਸਾਨਾਂ ਦੀ ਹਰ ਤਰ੍ਹਾਂ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਕਿਸਾਨੀ ਧਰਨੇ 'ਚ ਜਿਮ, ਕੱਪੜੇ ਧੌਣ ਲਈ ਮਸ਼ੀਨਾਂ, ਬਜ਼ੁਰਗਾਂ ਲਈ ਲੱਤਾਂ ਦੀ ਮਸਾਜ ਵਾਸਤੇ ਮਸ਼ੀਨਾਂ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਹਰ ਕੋਈ ਆਪਣੀ ਸਮੱਰਥਾਂ ਅਨੁਸਾਰ ਕਿਸਾਨੀ ਅੰਦੋਲਨ 'ਚ ਬੈਠੇ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ। ਇਸ ਦੌਰਾਨ ਗਿੱਪੀ ਗਰੇਵਾਲ ਨੇ ਦੱਸਿਆ ਕਿ ਦਿੱਲੀ ਸਾਰੇ ਕਿਸਾਨ ਬਹੁਤ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਨੂੰ ਖ਼ੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਅਮਰਿੰਦਰ ਗਿੱਲ ਨੇ ਕਿਸਾਨਾਂ ਦੇ ਸਮਰਥਨ 'ਚ ਚੁੱਕਿਆ ਵੱਡਾ ਕਦਮ
ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਕਿਸਾਨੀ ਸੰਘਰਸ਼ ਨਾਲ ਡਟੇ ਹੋਏ ਹਨ। ਸੋਸ਼ਲ ਮੀਡੀਆ ਰਾਹੀਂ ਅਮਰਿੰਦਰ ਗਿੱਲ ਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਅਮਰਿੰਦਰ ਗਿੱਲ ਤੇ ਉਨ੍ਹਾਂ ਦੇ ਭਰਾ ਕਾਰਜ ਗਿੱਲ ਦੀ ਕੰਪਨੀ 'ਰਿਧਮ ਬੁਆਏਜ਼ ਐਂਟਰਟੇਨਮੈਂਟ' ਨੇ ਵੀ ਕਿਸਾਨੀ ਸੰਘਰਸ਼ 'ਚ ਆਪਣਾ ਸਮਰਥਨ ਦਿੰਦਿਆਂ ਵੱਡਾ ਕਦਮ ਚੁੱਕਿਆ। ਦਰਅਸਲ ਉਨ੍ਹਾਂ ਦੀ ਕੰਪਨੀ 'ਰਿਧਮ ਬੁਆਏਜ਼ ਐਂਟਰਟੇਨਮੈਂਟ' ਨੇ 'ਜੀਓ ਸਾਵਨ' ਤੋਂ ਆਪਣਾ ਸਾਰਾ ਕੰਟੈਂਟ ਹਟਾਉਣ ਦੀ ਗੱਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਹਾਲ ਹੀ 'ਚ ਅਮਰਿੰਦਰ ਗਿੱਲ ਨੇ ਖ਼ੁਦ ਵੀ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਪੰਜਾਬੀ ਕਲਾਕਾਰਾਂ ਨੇ 'ਰਿਧਮ ਬੁਆਏਜ਼ ਐਂਟਰਟੇਨਮੈਂਟ' ਦੇ ਇਸ ਕਦਮ ਦੀ ਪ੍ਰਸ਼ੰਸਾਂ ਕੀਤੀ ਅਤੇ ਹੁਣ ਉਹ ਖ਼ੁਦ ਵੀ ਸਾਰਿਆਂ ਨੂੰ ਅਪੀਲ ਕਰ ਰਹੇ ਹਨ, ਰਿਲਾਇੰਸ ਤੇ ਜੀਓ ਸਾਵਨ ਦਾ ਬਾਈਕਾਟ ਕਰਨ ਨੂੰ ਆਖ ਰਹੇ ਹਨ।
'ਰਿਧਮ ਬੁਆਏਜ਼ ਐਂਟਰਟੇਨਮੈਂਟ' ਨੇ ਕੱਲ ਕੀਤਾ ਸੀ ਬਾਈਕਾਟ ਦਾ ਐਲਾਨ
ਬੀਤੇ ਦਿਨੀਂ 'ਰਿਧਮ ਬੁਆਏਜ਼ ਐਂਟਰਟੇਨਮੈਂਟ' ਨੇ ਫੇਸਬੁੱਕ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ''ਰਿਧਮ ਬੁਆਏਜ਼ ਐਂਟਰਟੇਨਮੈਂਟ' ਵਲੋਂ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਅਸੀਂ ਅੰਦੋਲਨ 'ਚ ਕਿਸਾਨਾਂ ਦੇ ਨਾਲ ਹਾਂ। ਇਸ ਤੋਂ ਇਲਾਵਾ ਅਸੀਂ 'ਜੀਓ ਸਾਵਨ' ਡਿਜੀਟਲ ਸਟੋਰ ਤੋਂ ਆਪਣਾ ਸਾਰਾ ਕੰਟੈਂਟ ਹਟਾਉਣ ਦਾ ਫ਼ੈਸਲਾ ਕੀਤਾ ਹੈ। ਜ਼ਿਆਦਾਤਰ ਕੰਟੈਂਟ ਪਹਿਲਾਂ ਹੀ ਉਕਤ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਤੇ ਅਸੀਂ ਬਾਕੀ ਕੰਟੈਂਟ ਨੂੰ ਵੀ ਹਟਾਉਣ ਦਾ ਹੁਕਮ ਭੇਜ ਦਿੱਤਾ ਹੈ।'
'ਰਿਧਮ ਬੁਆਏਜ਼ ਐਂਟਰਟੇਨਮੈਂਟ' ਨਾਲ ਜੁੜੇ ਕਲਾਕਾਰਾਂ ਵਲੋਂ ਵੀ ਇਸ ਪੋਸਟ ਨੂੰ ਸ਼ੇਅਰ ਕਰਕੇ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਜੀਓ ਤੇ ਰਿਲਾਇੰਸ ਦੀਆਂ ਵਸਤਾਂ ਨੂੰ ਬਾਈਕਾਟ ਕਰਨ ਦਾ ਟਰੈਂਡ ਵੀ ਸਾਨੂੰ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਚੁੱਕਾ ਹੈ। ਉਥੇ ਪੰਜਾਬ 'ਚ ਰਿਲਾਇੰਸ ਦੇ ਸਟੋਰ ਤੇ ਮਾਲਜ਼ ਵੀ ਪਹਿਲਾਂ ਤੋਂ ਹੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ। ਕਿਸਾਨਾਂ ਵਲੋਂ ਰਿਲਾਇੰਸ ਮਾਲਜ਼ ਦੇ ਘਿਰਾਓ ਦੇ ਨਾਲ-ਨਾਲ ਉਨ੍ਹਾਂ ਦਾ ਮੁਕੰਮਲ ਬਾਈਕਾਟ ਕਰਨ ਦੀ ਗੱਲ ਵਾਰ-ਵਾਰ ਦੁਹਰਾਈ ਜਾ ਰਹੀ ਹੈ।
ਜੈਜ਼ੀ ਬੀ ਨੇ ਟਵਿੱਟਰ 'ਤੇ ਲਿਖੀ ਇਹ ਗੱਲ
ਜੈਜ਼ੀ ਬੀ ਨੇ ਆਪਣੇ ਇਕ ਟਵੀਟ 'ਚ ਲਿਖਿਆ, 'ਆਓ ਸਾਰੇ ਰਲ ਕੇ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਰਿਲਾਇੰਸ ਦੇ ਜੀਓ ਸਾਵਨ ਦਾ ਬਾਈਕਾਟ ਕਰੀਏ। ਸਾਰੇ ਆਪਣੇ ਫੋਨਾਂ ਤੋਂ ਜੀਓ ਸਾਵਨ ਨਾਲ ਕੰਟਰੈਕਟ ਕੈਂਸਲ ਕਰਨ ਲਈ ਕਹੋ।'
ਨੋਟ- ਗਿੱਪੀ ਗਰੇਵਾਲ ਦੀਆਂ ਇਨ੍ਹਾਂ ਤਸਵੀਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਕੜਾਕੇ ਦੀ ਠੰਡ 'ਚ ਵੀ ਦਿੱਲੀ ਧਰਨੇ 'ਤੇ ਡਟੇ ਕਿਸਾਨ, ਰਾਜਸਥਾਨ ਤੋਂ ਕਿਸਾਨਾਂ ਦਾ 'ਦਿੱਲੀ ਕੂਚ'
NEXT STORY