ਜਲੰਧਰ (ਬਿਊਰੋ) - ਹਿੰਦੂ ਧਰਮ 'ਚ ਸਾਵਣ ਦਾ ਮਹੀਨਾ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ। ਇਸ ਮਹੀਨੇ ਕਾਫ਼ੀ ਮਹੱਤਵਪੂਰਨ ਤਿਉਹਾਰ ਆਉਂਦੇ ਹਨ। ਇਨ੍ਹਾਂ 'ਚੋਂ ਇਕ ਹੈ 'ਹਰਿਆਲੀ ਤੀਜ'। ਇਹ ਵਰਤ ਹਰ ਸਾਲ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਰੱਖਿਆ ਜਾਂਦਾ ਹੈ। ਇਹ ਵਰਤ ਸਿਰਫ਼ ਸੁਹਾਗਣਾਂ ਲਈ ਹੁੰਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਬਤੀ ਜੀ ਦਾ ਦੁਬਾਰਾ ਮਿਲਣ ਹੋਇਆ ਸੀ।
ਹਿੰਦੂ ਮਾਨਤਾਵਾਂ ਅਨੁਸਾਰ, ਮਾਤਾ ਪਾਰਵਤੀ ਦਾ ਜਨਮ ਸਤੀ ਦੇ ਆਤਮ-ਦਾਹ ਤੋਂ ਬਾਅਦ ਹੋਇਆ ਸੀ। ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਪ੍ਰਾਪਤ ਕਰਨ ਲਈ ਕਈ ਸਾਲਾਂ ਤੱਕ ਸਖ਼ਤ ਤਪੱਸਿਆ ਅਤੇ ਵਰਤ ਰੱਖੇ ਸਨ। ਮਾਤਾ ਪਾਰਵਤੀ ਦੀ ਇਹ ਮਨੋਕਾਮਨਾਵਾ ਸ਼ਰਾਵਣ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਾਰੀਖ਼ ਨੂੰ ਪੂਰੀ ਹੋਈ ਸੀ। ਇਸੇ ਲਈ ਹਰ ਸਾਲ ਇਸ ਦਿਨ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ ਹਰਿਆਲੀ ਤੀਜ 'ਤੇ ਸ਼ੁਭ ਸੰਯੋਗ ਬਣ ਰਿਹਾ ਹੈ, ਤਾਂ ਆਓ ਜਾਣਦੇ ਹਾਂ ਉਸ ਬਾਰੇ....
ਪੂਜਾ ਦਾ ਸ਼ੁੱਭ ਮਹੂਰਤ
ਇਸ ਸਾਲ ਹਰਿਆਲੀ ਤੀਜ ਦਾ ਤਿਉਹਾਰ 31 ਜੁਲਾਈ ਨੂੰ ਸ਼ਰਵਣ ਮਹੀਨੇ ਦੇ ਸ਼ੁਕਲ ਪੱਖ ਦੇ ਤੀਸਰੇ ਦਿਨ ਮਨਾਇਆ ਜਾਵੇਗਾ। ਪੂਜਾ ਦਾ ਸ਼ੁੱਭ ਮਹੂਰਤ ਐਤਵਾਰ ਸਵੇਰੇ 02:59 ਵਜੇ ਸ਼ੁਰੂ ਹੋ ਰਿਹਾ ਹੈ। ਇਹ ਮੁਹੂਰਤ ਅਗਲੇ ਦਿਨ ਭਾਵ ਸੋਮਵਾਰ 01 ਅਗਸਤ ਨੂੰ ਸਵੇਰੇ 04:18 ਵਜੇ ਸਮਾਪਤ ਹੋਵੇਗਾ। ਅਜਿਹੇ 'ਚ ਹਰਿਆਲੀ ਤੀਜ 31 ਜੁਲਾਈ ਨੂੰ ਮਨਾਈ ਜਾਵੇਗੀ।
ਪੂਜਾ ਵਿਧੀ
ਸਾਉਣ ਦਾ ਮਹੀਨਾ ਬਾਰਿਸ਼ ਨਾਲ ਸਰਾਬੋਰ ਰਹਿੰਦਾ ਹੈ। ਇਸ ਲਈ ਆਸੇ-ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ। ਮਾਤਾ ਪਾਰਬਤੀ ਜੀ ਨੂੰ ਕੁਦਰਤ ਦਾ ਸਰੂਪ ਮੰਨਿਆ ਜਾਂਦਾ ਹੈ। ਇਸ ਲਈ ਇਨ੍ਹਾਂ ਨੂੰ ਹਰੀਆਂ ਚੀਜ਼ਾਂ ਭੇਟ ਕਰਨ ਦਾ ਰਿਵਾਜ ਹੈ। ਹਰਿਆਲੀ ਤੀਜ 'ਤੇ ਨਿਰਜਲਾ ਵਰਤ ਰੱਖਿਆ ਜਾਂਦਾ ਹੈ।
1. ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਆਦਿ ਤੋਂ ਮੁਕਤ ਹੋ ਜਾਓ।
2. ਇਸ ਖ਼ਾਸ ਦਿਨ ਤੁਸੀਂ ਪੇਕਿਓਂ ਆਏ ਹੋਏ ਕੱਪੜੇ ਪਾਉਣੇ ਹਨ।
3. ਸ਼ੁੱਭ ਮਹੂਰਤ ਦੌਰਾਨ ਮਾਤਾ ਪਾਰਬਤੀ ਜੀ ਨਾਲ ਭਗਵਾਨ ਸ਼ਿਵ ਜੀ ਅਤੇ ਗਣੇਸ਼ ਜੀ ਦੀ ਪ੍ਰਤਿਮਾ ਸਥਾਪਿਤ ਕਰੋ।
4. ਹੁਣ ਮਾਂ ਪਾਰਬਤੀ ਜੀ ਨੂੰ 16 ਸਿੰਗਾਰ ਦੀ ਸਮੱਗਰੀ-ਸਾੜ੍ਹੀ, ਅਕਸ਼ਤ, ਧੂਫ, ਦੀਪਕ, ਗੰਧਕ ਆਦਿ ਚੜ੍ਹਾਓ।
ਮਹੱਤਵ
ਦੇਸ਼ ਦੀ ਹਰ ਸੁਹਾਗਣ ਔਰਤ ਲਈ ਹਰਿਆਲੀ ਤੀਜ ਬੇਹੱਦ ਮਹੱਤਵਪੂਰਨ ਹੁੰਦੀ ਹੈ। ਇਸ ਵਰਤ ਨੂੰ ਦੇਸ਼ ਦੀ ਹਰ ਔਰਤ ਵੱਲੋਂ ਰੱਖਿਆ ਜਾਂਦਾ ਹੈ। ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਤੇ ਸੁਖੀ ਜੀਵਨ ਲਈ ਇਸ ਵਰਤ ਨੂੰ ਰੱਖਦੀਆਂ ਹਨ। ਇਸ ਦਿਨ ਮਾਤਾ ਪਾਰਬਤੀ ਜੀ ਨੂੰ ਹਰੀਆਂ ਚੂੜ੍ਹੀਆਂ, ਹਰੀ ਸਾੜ੍ਹੀ, ਸੰਧੂਰ ਸਮੇਤ ਸੁਹਾਗ ਦੀ ਸਮੱਗਰੀ ਚੜ੍ਹਾਈ ਜਾਂਦੀ ਹੈ। ਪੂਜਾ ਤੋਂ ਬਾਅਦ ਔਰਤਾਂ ਆਪਣੀ ਸੱਸ ਜਾਂ ਜੇਠਾਣੀ ਨੂੰ ਸੁਹਾਗ ਦਾ ਸਾਮਾਨ ਭੇਟ ਕਰ ਕੇ ਅਸ਼ੀਰਵਾਦ ਲੈਂਦੀਆਂ ਹਨ।
ਮਾਨ-ਸਤਿਕਾਰ ਅਤੇ ਜਿੱਤ ਦੀ ਪ੍ਰਾਪਤੀ ਲਈ ਐਤਵਾਰ ਨੂੰ ਜ਼ਰੂਰ ਕਰੋ ਇਹ ਕੰਮ
NEXT STORY