ਨਵੀਂ ਦਿੱਲੀ— ਇਕ ਦਿਨ ਇਕ ਰਿਸ਼ੀ ਆਪਣੇ ਰਸਤੇ 'ਤੇ ਜਾ ਰਹੇ ਸਨ ਕਿ ਉਨ੍ਹਾਂ ਨੂੰ ਸੋਨੇ ਦਾ ਸਿੱਕਾ ਪਿਆ ਮਿਲਿਆ। ਉਨ੍ਹਾਂ ਸਿੱਕਾ ਚੁੱਕ ਕੇ ਆਪਣੇ ਕੋਲ ਰੱਖ ਲਿਆ ਅਤੇ ਸੋਚਿਆ, ''ਮੈਂ ਸਿੱਕੇ ਦਾ ਕੀ ਕਰਾਂਗਾ? ਇਹ ਸਿੱਕਾ ਮੈਂ ਕਿਸੇ ਗਰੀਬ ਨੂੰ ਦੇ ਦੇਵਾਂਗਾ, ਜਿਸ ਨਾਲ ਉਸ ਦਾ ਭਲਾ ਹੋਵੇਗਾ।'' ਸਿੱਕਾ ਲੈ ਕੇ ਉਹ ਘਰ ਆ ਗਏ। ਰਿਸ਼ੀ ਨੂੰ ਲੱਭਣ 'ਤੇ ਵੀ ਅਜਿਹਾ ਕੋਈ ਗਰੀਬ ਨਹੀਂ ਮਿਲਿਆ, ਜੋ ਸਿੱਕੇ ਦਾ ਹੱਕ ਰੱਖਦਾ ਹੋਵੇ। ਰਿਸ਼ੀ ਬੜੇ ਪ੍ਰੇਸ਼ਾਨ ਹੋ ਗਏ ਅਤੇ ਸੋਚਣ ਲੱਗੇ ਕਿ ਮੈਂ ਇਹ ਕਿਸ ਨੂੰ ਦੇਵਾਂ? ਫਿਰ ਇਕ ਦਿਨ ਰਿਸ਼ੀ ਨਹਾ ਕੇ ਆਪਣੇ ਦਰਵਾਜ਼ੇ 'ਤੇ ਖੜ੍ਹੇ ਸਨ। ਉਸੇ ਵੇਲੇ ਉਨ੍ਹਾਂ ਦੇ ਸਾਹਮਣਿਓਂ ਇਕ ਸੈਨਾ ਜਾ ਰਹੀ ਸੀ। ਸੈਨਾ ਦਾ ਰਾਜਾ ਦੂਜੀ ਸੈਨਾ 'ਤੇ ਹਮਲਾ ਕਰਨ ਲਈ ਜਾ ਰਿਹਾ ਸੀ। ਅਚਾਨਕ ਰਾਜੇ ਦੀ ਨਜ਼ਰ ਰਿਸ਼ੀ 'ਤੇ ਪਈ।
ਰਾਜੇ ਨੇ ਆਪਣੀ ਸੈਨਾ ਰੋਕੀ ਅਤੇ ਸੋਚਿਆ ਰਿਸ਼ੀ ਦਾ ਆਸ਼ੀਰਵਾਦ ਲੈ ਲੈਂਦੇ ਹਾਂ। ਆਸ਼ੀਰਵਾਦ ਲੈਣ ਨਾਲ ਅਸੀਂ ਯੁੱਧ ਜਿੱਤ ਜਾਵਾਂਗੇ। ਉਹ ਰਿਸ਼ੀ ਕੋਲ ਗਿਆ ਅਤੇ ਆਸ਼ੀਰਵਾਦ ਹਾਸਲ ਕੀਤਾ।
ਰਿਸ਼ੀ ਨੇ ਸੋਚਿਆ ਕਿ ਮੈਂ ਇਹ ਸਿੱਕਾ ਰਾਜੇ ਨੂੰ ਦੇ ਦਿੰਦਾ ਹਾਂ। ਜਿਵੇਂ ਹੀ ਰਿਸ਼ੀ ਨੇ ਰਾਜੇ ਨੂੰ ਸਿੱਕਾ ਦਿੱਤਾ ਤਾਂ ਰਾਜੇ ਨੂੰ ਬੜੀ ਹੈਰਾਨੀ ਹੋਈ ਕਿ ਰਿਸ਼ੀ ਮੈਨੂੰ ਸਿੱਕਾ ਕਿਉਂ ਦੇ ਰਹੇ ਹਨ। ਫਿਰ ਰਾਜੇ ਨੇ ਸਾਰੀ ਗੱਲ ਪੁੱਛੀ।
ਰਿਸ਼ੀ ਬੋਲੇ, ''ਤੁਸੀਂ ਦੂਜੇ ਰਾਜ 'ਤੇ ਜਿੱਤ ਹਾਸਲ ਕਰਨ ਜਾ ਰਹੇ ਹੋ, ਜਦਕਿ ਤੁਹਾਡੇ ਕੋਲ ਤਾਂ ਪਹਿਲਾਂ ਤੋਂ ਹੀ ਇੰਨਾ ਵੱਡਾ ਰਾਜ ਹੈ। ਫਿਰ ਵੀ ਤੁਹਾਨੂੰ ਦੂਜੇ ਰਾਜ ਦੀ ਲੋੜ ਪੈ ਗਈ ਹੈ। ਤੁਹਾਡੇ ਤੋਂ ਗਰੀਬ ਆਦਮੀ ਮੈਂ ਕਦੇ ਨਹੀਂ ਦੇਖਿਆ। ਇਸ ਲਈ ਸਿੱਕਾ ਮੈਂ ਤੁਹਾਨੂੰ ਦੇ ਦਿੱਤਾ।''
ਹੁਣ ਰਾਜੇ ਨੂੰ ਗੱਲ ਸਮਝ ਆ ਗਈ ਸੀ ਕਿ ਜਦੋਂ ਸਾਡੇ ਕੋਲ ਸਭ ਕੁਝ ਹੁੰਦਾ ਹੈ, ਫਿਰ ਵੀ ਅਸੀਂ ਹੋਰ ਲੈਣ ਦੀ ਇੱਛਾ ਮਨ ਵਿਚ ਰੱਖਦੇ ਹਾਂ, ਇਹ ਸਾਨੂੰ ਨਹੀਂ ਕਰਨਾ ਚਾਹੀਦਾ।
ਇਸ ਤਰ੍ਹਾਂ ਪੜ੍ਹੋ ਹਨੂਮਾਨ ਚਾਲੀਸਾ, ਹੋਵੇਗਾ ਕਈ ਗੁਣਾ ਲਾਭ
NEXT STORY