ਧਰਤੀ 'ਤੇ ਹੋਈਆਂ ਕੁਝ ਇਤਿਹਾਸਿਕ ਘਟਨਾਵਾਂ 'ਤੇ ਜਦੋਂ ਨਜ਼ਰ ਮਾਰੀ ਜਾਂਦੀ ਹੈ ਤਾਂ ਜੀਸਸ ਦੇ ਪੁੱਤਰ ਈਸਾ ਦਾ ਸਲੀਬ ਉਤੇ ਚੜ੍ਹਨਾ, ਇਸਲਾਮ ਦੀ ਰੱਖਿਆ ਲਈ ਕਰਬਲਾ ਦੇ ਮੈਦਾਨ ਤੇ ਪੈਗੰਬਰ ਹਜ਼ਰਤ ਮੁਹੰਮਦ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਦਾ ਸ਼ਹੀਦ ਹੋਣਾ ਯੁੱਗ ਪਲਟਾਉਣ ਵਾਲੀਆਂ ਘਟਨਾਵਾਂ ਸਨ। ਜਿਨ੍ਹਾਂ ਤੋਂ ਉਨ੍ਹਾਂ ਧਰਮਾਂ ਦੇ ਲੋਕ ਹੁਣ ਤਕ ਪ੍ਰੇਰਣਾ ਲੈਂਦੇ ਆ ਰਹੇ ਸਨ। ਪਰ ਸੁੱਤੀ ਹੋਈ ਮਾਨਵਤਾ ਦਾ ਖੂਨ ਓਦੋਂ ਤੱਕ ਠੰਡਾ ਹੀ ਸੀ ਜਦੋਂ ਤੱਕ ਕੋਈ ਆਪਣੇ ਗੁਰੂ ਲਈ ਆਪਣੇ ਰਹਿਬਰ ਲਈ ਕੁਰਬਾਨ ਨਹੀਂ ਸੀ ਹੋਣਾ ਸਿੱਖ ਰਿਹਾ। ਕਿਉਂਕਿ ਇਸ ਦੀ ਮਿਸਾਲ ਅੱਜ ਵੀ ਮਿਲਦੀ ਹੈ, ਜਦੋਂ ਮਹੁਰਮ ਤਾਜੀਏ ਦੇ ਦੌਰਾਨ ਮੁਸਲਿਮ ਕਹਿੰਦੇ ਹਨ , “ਯਾ ਹੁਸੈਨ, ਹਮ ਨਾ ਹੁਏ।'' ਇਸਦਾ ਭਾਵ ਹੈ, 'ਸਾਨੂੰ ਦੁੱਖ ਹੈ, ਇਮਾਮ ਹੁਸੈਨ, ਕਿ ਕਰਬਲਾ ਦੀ ਜੰਗ ਵਿੱਚ ਤੁਹਾਡੇ ਨਾਲ ਜਾਨ ਦੇਣ ਲਈ ਅਸੀਂ ਮੌਜੂਦ ਨਹੀਂ ਸੀ।'
ਆਪਣੇ ਗੁਰੂ ਲਈ ਆਪਣਾ ਜੀਵਨ ਸਮਰਪਿਤ ਕਰ ਦੇਣ ਦੀ ਮਿਸਾਲ ਜੇਕਰ ਇਨ੍ਹਾਂ ਘਟਨਾਵਾਂ ਤੋਂ ਬਾਅਦ ਪੈਦਾ ਹੋਈ ਤਾਂ ਉਹ ਸਿਰਫ ਤੇ ਸਿਰਫ ਸਿੱਖ ਧਰਮ ਵਿੱਚ ਹੀ ਪੈਦਾ ਹੋਈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵੇਲੇ ਉਨ੍ਹਾਂ ਨਾਲ ਕੁਰਬਾਨ ਹੋਣ ਵਾਲੇ ਉਨ੍ਹਾਂ ਨਾਲ ਹੀ ਸ਼ਹੀਦ ਹੋ ਗਏ। ਆਪਣੇ ਧਰਮ ਲਈ ਅਕੀਦਤ ਪ੍ਰਗਟ ਕਰਦੇ ਹੋਏ ਸ਼ਹੀਦ ਹੋਣ ਵਾਲਿਆ ਦੀ ਜੇਕਰ ਸਿੱਖ ਧਰਮ ਵਿੱਚ ਗਿਣਤੀ ਕੀਤੀ ਜਾਵੇ ਤਾਂ ਬਹੁਤ ਲੰਬੀ ਹੈ। ਇਨ੍ਹਾਂ ਹੀ ਸ਼ਹੀਦਾਂ 'ਚ ਇਕ ਨਾਂ ਬਹੁਤ ਹੀ ਸ਼ਿੱਦਤ ਨਾਲ ਲਿਆ ਜਾਂਦਾ ਹੈ ਉਹ ਹਨ ਭਾਈ ਮਨੀ ਸਿੰਘ।
ਭਾਈ ਮਨੀ ਸਿੰਘ ਦਾ ਜਨਮ ਮੁਲਤਾਨ (ਪਾਕਿਸਤਾਨ) ਦੇ ਨੇੜੇ ਅਲੀਪੁਰ ਨਾਂ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਪਿਤਾ ਮਾਈ ਦਾਸ ਦੇ ਘਰ ਮਾਰਚ 1644 ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਮਨੀ ਰਾਮ ਸੀ ਤੇ ਉਨ੍ਹਾਂ ਨੂੰ ਮਨੀਆ ਕਰ ਕੇ ਸੱਦਿਆ ਜਾਂਦਾ ਸੀ । ਆਪ ਜੀ ਦੇ ਪਿਤਾ ਗੁਰੂ ਘਰ ਦੇ ਸ਼ਰਧਾਲੂ ਸਨ । ਭਾਈ ਮਨੀ ਸਿੰਘ ਦਾ ਵਿਆਹ 15 ਸਾਲ ਦੀ ਉਮਰ ਵਿੱਚ ਯਾਦਵ ਬੰਸੀ ਲੱਖੀ ਰਾਇ ਦੀ ਸਪੁੱਤਰੀ ਸੀਤੋ ਨਾਲ ਹੋਇਆ ।
ਆਪ ਦੇ ਪਿਤਾ ਜੀ ਆਪ ਦਾ ਗੁਰੂ ਘਰ ਪ੍ਰਤੀ ਪਿਆਰ ਅਤੇ ਸੇਵਾ ਭਾਵਨਾ ਦੇਖ ਕੇ ਆਪ ਨੂੰ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਕੋਲ ਕੀਰਤਪੁਰ ਸਾਹਿਬ ਵਿਖੇ ਛੱਡ ਆਏ। ਕਾਫੀ ਚਿਰ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਕੋਲ ਰਹਿ ਕੇ ਸੰਗਤਾਂ ਦੀ ਸੇਵਾ ਕੀਤੀ । ਅਕਤੂਬਰ 1661 ਨੂੰ ਜਦੋਂ ਗੁਰੂ ਹਰਿ ਰਾਇ ਸਾਹਿਬ ਜੀ ਜੋਤੀ ਜੋਤਿ ਸਮਾ ਗਏ ਤਾਂ ਮਗਰੋਂ ਭਾਈ ਮਨੀ ਸਿੰਘ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਰਹਿ ਕੇ ਸੰਗਤਾਂ ਦੀ ਸੇਵਾ ਕਰਦੇ ਰਹੇ। 28 ਕੁ ਸਾਲ ਦੀ ਉਮਰ ਵਿੱਚ ਤਕਰੀਬਨ 1672 ਦੇ ਆਸ ਪਾਸ ਭਾਈ ਮਨੀ ਸਿੰਘ ਜੀ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ।
ਇੱਥੇ ਰਹਿ ਕੇ ਆਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਦਾ ਲਾਹਾ ਲਿਆ। ਭਾਈ ਗੁਰਦਾਸ ਤੋਂ ਬਾਅਦ ਆਪ ਦੂਜੇ ਗੁਰਬਾਣੀ ਲਿੱਪੀਕਾਰ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਵੀਂ ਬੀੜ ਲਿਖੀ ਸੀ । ਮਾਰਚ 1707 ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੇ ਚਾਰ ਹੋਰ ਸਿੱਖਾਂ ਨੂੰ ਅੰਮ੍ਰਿਤਸਰ ਜਾਣ ਲਈ ਵਿਦਾ ਕੀਤਾ ਅਤੇ ਆਪ ਸ਼ਾਹਜਹਾਨਬਾਦ ਵੱਲ ਚੱਲ ਪਏ। ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਵਿਖੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ।
ਸਿੱਖ ਧਰਮ ਵਿੱਚ ਇੱਕ ਮਿੱਥ ਬੜੀ ਪ੍ਰਚੱਲਤ ਹੈ ਜਿਸ ਨੂੰ ਇਤਿਹਾਸਕਾਰਾਂ ਨੇ ਵਿਗਾੜ ਕੇ ਪੇਸ਼ ਕੀਤਾ ਹੈ। ਉਹ ਇਹ ਹੈ ਕਿ ਆਦਿ ਗ੍ਰੰਥ ਵਾਲੀ ਬੀੜ ਉਹ ਬੀੜ ਹੈ, ਜਿਸ ਵਿੱਚ ਭਾਈ ਸਾਹਿਬ ਨੇ ਆਦਿ ਗ੍ਰੰਥ ਤੇ ਦਸਮ ਗ੍ਰੰਥ ਦੀ ਬਾਣੀ ਇਕੱਠੀ ਕਰ ਦਿੱਤੀ ਅਤੇ ਰਾਗਾਂ ਅਨੁਸਾਰ ਨਾ ਕਰ ਕੇ ਰਚਨ ਹਾਰਿਆਂ ਅਨੁਸਾਰ ਤਰਤੀਬ ਦਿੱਤੀ, ਜਿਸ ਤੋਂ ਨਰਾਜ਼ ਹੋ ਕੇ ਸਿੱਖ ਸੰਗਤ ਨੇ ਬੰਦ-ਬੰਦ ਕੱਟੇ ਜਾਣ ਦਾ ਸਰਾਪ ਦਿੱਤਾ ਮੰਨਿਆ ਜਾਂਦਾ ਹੈ ਇਹ ਬਿਲਕੁਲ ਗਲਤ ਜਾਣਕਾਰੀ ਹੈ ।
ਸ੍ਰੀ ਅੰਮ੍ਰਿਤਸਰ ਵਿਖੇ ਸਰੋਵਰ ਵਿਚ ਇਸ਼ਨਾਨ ਕਰਨਾ ਮੁਗਲ ਸਰਕਾਰ ਨੇ ਕਈ ਵਰ੍ਹਿਆਂ ਤੋਂ ਬੰਦ ਕੀਤਾ ਹੋਇਆ ਸੀ। ਭਾਈ ਮਨੀ ਸਿੰਘ ਜੀ ਨੇ ਆਪਣੇ ਹੋਰ ਸਿੰਘਾਂ ਨਾਲ ਸਲਾਹ ਕੀਤੀ ਕਿ ਆਉਂਦੀ ਦੀਵਾਲੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ-ਛੋੜ ਦਿਵਸ ਅੰਮ੍ਰਿਤਸਰ 'ਚ ਮਨਾਇਆ ਜਾਵੇਗਾ। ਸਿੰਘਾਂ ਨੇ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਤੋਂ ਇਜਾਜ਼ਤ ਲੈ ਲਈ। ਜ਼ਕਰੀਆ ਖਾਨ ਦੀ ਨੀਅਤ ਖਰਾਬ ਹੋ ਗਈ ਤੇ ਉਸਨੇ ਸੋਚਿਆ ਕਿ ਇਸ ਤੋਂ ਵਧੀਆ ਕਿਹੜਾ ਮੌਕਾ ਹੋਵੇਗਾ ਸਿੱਖਾਂ ਦਾ ਖੁਰਾ ਖੋਜ ਮਿਟਾਣ ਦਾ, ਇਸ ਇਕੱਠ ਨੂੰ ਇਕੋ ਵਾਰੀ ਵਿਚ ਖਤਮ ਕੀਤਾ ਜਾਵੇ। ਜ਼ਕਰੀਆ ਖਾਨ ਨੇ ਲਖਪਤ ਰਾਇ ਨੂੰ ਫੌਜ਼ ਦੇ ਕੇ ਅੰਮ੍ਰਿਤਸਰ ਭੇਜ ਦਿਤਾ।
ਕਈ ਸਿੱਖ ਪਰਿਕਰਮਾ ਵਿਚ ਹੀ ਸ਼ਹੀਦ ਕਰ ਦਿੱਤੇ ਗਏ। ਭਾਈ ਮਨੀ ਸਿੰਘ ਜੀ ਨੇ ਕਤਲੇਆਮ ਦਾ ਰੋਸ ਪ੍ਰਗਟ ਕੀਤਾ ਪਰ ਜਕਰੀਆ ਖਾਨ ਨੇ ਉਨ੍ਹਾਂ ਦੀ ਇਹ ਗੱਲ ਨਜਰ-ਅੰਦਾਜ਼ ਕਰਕੇ 5,000 ਰੁਪਏ ਦੀ ਮੰਗ ਕੀਤੀ, ਜਿਸ ਨੂੰ ਭਾਈ ਸਾਹਿਬ ਜੀ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਬਹਾਨੇ ਭਾਈ ਮਨੀ ਸਿੰਘ ਜੀ ਤੇ ਕੁਝ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ । ਕਾਜ਼ੀ ਨੇ ਮੁਸਲਮਾਨ ਬਣਨ ਲਈ ਕਿਹਾ। ਨਾਂਹ ਕਰਨ ਤੇ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਜ਼ਲਾਦ ਜਦੋਂ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟਣ ਦੀ ਥਾਂ ਜਦੋਂ ਸਿੱਧਾ ਬਾਂਹ ਕੱਟਣ ਲੱਗਾ ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ, ” ਬੰਦ-ਬੰਦ ਕੱਟ, ਹੁਕਮ ਮੰਨਣਾ ਚਾਹੀਦਾ ਹੈ ਤੈਨੂੰ ਆਪਣੇ ਹੁਕਮਰਾਨਾਂ ਦਾ। ਭਾਈ ਮਨੀ ਸਿੰਘ ਤੇ ਬਾਕੀ ਦੇ ਸਿੱਖ ਉਸ ਵਾਹਿਗੁਰੂ ਦਾ ਜਾਪੁ ਕਰਦੇ ਕਰਦੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਸ਼ਹੀਦੀ ਵੇਲੇ ਭਾਈ ਮਨੀ ਸਿੰਘ ਜੀ ਦੀ ਉਮਰ 90 ਸਾਲ ਸੀ।
ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਭਾਈ ਮਨੀ ਸਿੰਘ ਜੀ ਦੇ 12 ਭਰਾ ਸੀ, ਗਿਆਰਾਂ ਭਰਾ ਪੰਥ ਲਈ ਸ਼ਹੀਦ ਹੋਏ, ਜਿਨ੍ਹਾਂ ਵਿੱਚੋ ਇੱਕ ਭਾਈ ਦਿਆਲਾ ਚਾਂਦਨੀ ਚੌਂਕ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸ਼ਹੀਦ ਹੋਇਆ। ਭਾਈ ਮਨੀ ਸਿੰਘ ਜੀ ਦੇ ਪਰਿਵਾਰ ਵਿਚ ਭਾਈ ਮਨੀ ਸਿੰਘ ਜੀ ਦੇ ਦਾਦੇ ਸਮੇਤ 11 ਭਰਾ ਸ਼ਹੀਦ, 10 ਪੁੱਤਰਾਂ ਵਿਚੋਂ 7 ਪੁੱਤਰ ਤੇ ਅੱਗੋਂ ਭਰਾਵਾਂ ਦੇ ਪੁੱਤਰ, ਕੁਲ ਮਿਲਾਕੇ 29 ਸ਼ਹੀਦ ਹੋਏ ਹਨ।
ਭਾਈ ਮਨੀ ਸਿੰਘ ਸਿੱਖ ਕੌਮ ਦੇ ਐਸੇ ਹੀਰੇ ਅਤੇ ਸੂਰਬੀਰ ਸ਼ਹੀਦ ਹਨ, ਜਿਨ੍ਹਾਂ ਨੂੰ ਰੋਜ਼ਾਨਾ ਅਰਦਾਸ 'ਚ ਯਾਦ ਕੀਤਾ ਜਾਂਦਾ ਹੈ।
ਅਵਤਾਰ ਸਿੰਘ ਆਨੰਦ
98770-92505
ਪਵਨ ਪੁੱਤਰ ਹਨੂੰਮਾਨ ਦੀ ਕ੍ਰਿਪਾ ਦੇ ਪਾਤਰ ਬਣਨ ਲਈ ਮੰਗਲਵਾਰ ਨੂੰ ਕਰੋ ਇਹ ਪੂਜਾ
NEXT STORY